Advice for Wheat Crop: ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਝੋਨੇ ਦੀ ਫ਼ਸਲ ਸਹੀ ਸਮੇਂ 'ਤੇ ਕਣਕ ਦੀ ਬਿਜਾਈ ਲਈ ਖੇਤ ਖਾਲੀ ਕਰ ਦਿੰਦੀ ਹੈ। ਪ੍ਰੰਤੂ ਕੁਝ ਹੋਰ ਫ਼ਸਲੀ ਚੱਕਰਾਂ ਜਿਵੇਂ ਕਿ ਮੱਕੀ/ਝੋਨਾ-ਆਲੂ-ਕਣਕ, ਮੂੰਗਫ਼ਲੀ-ਆਲੂ/ਤੋਰੀਆ/ਮਟਰ/ਪਛੇਤਾ ਸਾਉਣੀ ਰੁੱਤ ਦਾ ਚਾਰਾ-ਕਣਕ, ਬਾਸਮਤੀ-ਕਣਕ, ਨਰਮਾ-ਕਣਕ ਆਦਿ ਵਿੱਚ ਕਣਕ ਦੀ ਬਿਜਾਈ ਵਿੱਚ ਅਕਸਰ ਦੇਰੀ ਹੋ ਜਾਂਦੀ ਹੈ। ਕਈ ਵਾਰ ਖਾਸ ਹਾਲਤਾਂ ਵਿੱਚ ਜਿਵੇਂ ਕਿ ਖਾਰੀਆਂ ਜ਼ਮੀਨਾਂ, ਘੱਟ ਪਾਣੀ ਜ਼ੀਰਣ ਦੀ ਸਮਰੱਥਾ ਅਤੇ ਲੰਮੇ ਸਮੇਂ ਤੱਕ ਜ਼ਮੀਨ ਵਿੱਚ ਵਧੇਰੇ ਨਮੀ ਦੇ ਕਾਰਨ ਝੋਨੇ/ਬਾਸਮਤੀ ਦੀ ਕਟਾਈ ਲੇਟ ਹੋਣ ਕਰਕੇਵੀ ਕਣਕ ਦੀ ਬਿਜਾਈ ਪਛੇਤੀ ਹੋ ਸਕਦੀ ਹੈ।
ਬਿਜਾਈ ਪਿਛੇਤੀ ਹੋਣ ਕਰਕੇ ਕਣਕ ਦਾ ਝਾੜ ਘਟਣ ਦਾ ਬਹੁਤ ਖਦਸ਼ਾ ਹੁੰਦਾ ਹੈ ਕਿਉਂਕਿ ਆਮ ਤੌਰ 'ਤੇ ਢੁੱਕਵੇਂ ਸਮੇਂ ਤੋਂ ਬਿਜਾਈ ਵਿੱਚ ਇੱਕ ਹਫ਼ਤੇ ਦੀ ਪਛੇਤ, ਝਾੜ ਨੂੰ ਤਕਰੀਬਨ 150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਕਣਕ ਦੀ ਪਛੇਤੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਾਸ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਪਣਾ ਕੇ ਪਛੇਤੀ ਬਿਜਾਈ ਵਾਲੀ ਕਣਕ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ।
ਜੇਕਰ ਪਛੇਤੀ ਕਣਕ ਬਾਸਮਤੀ ਤੋਂ ਬਾਅਦ ਬੀਜਣੀ ਹੋਵੇ ਤਾਂ ਪਰਾਲੀ ਦੇ ਪ੍ਰਬੰਧਨ ਵੱਲ ਧਿਆਨ ਦੇਣਾ ਜ਼ਰੂਰੀ ਹੈ। ਪਰਾਲੀ ਨੂੰ ਮੁੱਢ ਕੱਟਣ ਅਤੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਕੁਤਰਾ ਕਰਕੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਇਸੇ ਤਰਾਂ, ਪਰਾਲੀ ਨੂੰ ਮੁੱਢ ਕੱਟਣ ਵਾਲੇ ਰੀਪਰ ਨਾਲ ਕੱਟਣ ਤੋਂ ਬਾਅਦ ਗੱਠਾਂ ਬਣਾਉਣ ਵਾਲੀ ਮਸ਼ੀਨ ਨਾਲ ਖੇਤ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੰਬਾਈਨ ਦੇ ਪਿੱਛੇ ਲੱਗੇ ਪਰਾਲੀ ਖਿਲਾਰਣ ਵਾਲੇ ਯੰਤਰ ਨਾਲ ਕੱਟੀ ਬਾਸਮਤੀ ਦੇ ਵੱਢ ਵਿੱਚ ਪਛੇਤੀ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਸੁਪਰ ਨਾਲ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਨਦੀਨਾਂ ਦੀ ਅਤੇ ਪਰਾਲ਼ੀ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਬਿਜਾਈ ਬਿਨਾਂ ਵਾਹ-ਵਹਾਈ ਦੇ ਜ਼ੀਰੋ ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਪਛੇਤੀ ਕਣਕ ਦੀ ਬਿਜਾਈ ਲਈ ਬਿਨਾਂ ਵਹਾਈ ਵਾਲੇ ਤਰੀਕਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬਿਜਾਈ 5-7 ਦਿਨਾਂ ਦੀ ਅਗੇਤ ਨਾਲ ਕੀਤੀ ਜਾ ਸਕਦੀ ਹੈ।
ਵਧੀਆ ਝਾੜ ਲਈ ਵਿਸ਼ੇਸ਼ ਸਿਫ਼ਾਰਸ਼ਾਂ
ਪੀ.ਏ.ਯੂ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਨੁਕਤੇ ਦੱਸੇ ਹਨ। ਮਾਹਿਰਾਂ ਅਨੁਸਾਰ ਪਿਛੇਤੀ ਬਿਜਾਈ ਲਈ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਪੀ ਬੀ ਡਬਲਯੂ 771, ਪੀ ਬੀ ਡਬਲਯੂ 752 ਦੀ ਚੋਣ ਦਸੰਬਰ ਅਖੀਰ ਤੱਕ ਅਤੇ ਉਸ ਤੋਂ ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 757 ਕਿਸਮ ਦੀ ਚੋਣ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕਣਕ ਦੀ ਬਿਜਾਈ ਲਈ ਅਗੇਤੀ-ਪਿਛੇਤੀ ਕਿਸਮਾਂ, ਚੰਗੇ ਝਾੜ ਦੇ ਨਾਲ ਮਿਲੇਗਾ ਮੋਟਾ ਮੁਨਾਫਾ
ਪਿਛੇਤੀ ਬਿਜਾਈ ਲਈ ਕਣਕ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 15 ਸੈਂ. ਮੀ. ਰੱਖੋ ਤਾਂ ਜੋ ਬੂਟਿਆਂ ਦੀ ਗਿਣਤੀ ਵਧਾਈ ਜਾ ਸਕੇ। ਪਿਛੇਤੀ ਬੀਜੀ ਕਣਕ ਨੂੰ ਪ੍ਰਤੀ ਏਕੜ 110 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ ਅਤੇ 24 ਕਿਲੋ ਪੋਟਾਸ਼ (ਮਿੱਟੀ ਪਰਖ ਅਨੁਸਾਰ) ਪਾਓ। ਨਾਲ ਹੀ ਪਿਛੇਤੀ ਬਿਜਾਈ ਵਿੱਚ ਸਾਰੀ ਡੀ.ਏ.ਪੀ ਅਤੇ ਅੱਧੀ ਯੂਰੀਆ (45 ਕਿਲੋ) ਬਿਜਾਈ ਸਮੇਂ ਪਾ ਦਿਓ ਅਤੇ ਬਾਕੀ ਰਹਿੰਦੀ 45 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਪਾਓ।
ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਪ੍ਰਤੀ ਏਕੜ 70 ਕਿਲੋ ਯੂਰੀਆ ਦੋ ਹਿੱਸਿਆਂ ਵਿੱਚ ਪਾਓ। ਪਿਛੇਤੀ ਬੀਜੀ ਕਣਕ ਨੂੰ ਪਹਿਲਾ ਪਾਣੀ 4 ਹਫ਼ਤਿਆਂ ਬਾਅਦ, ਦੂਜਾ ਪਾਣੀ ਪਹਿਲੇ ਪਾਣੀ ਤੋਂ 4 ਹਫ਼ਤਿਆਂ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3 ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤਿਆਂ ਬਾਅਦ ਲਗਾਓ।
Summary in English: PAU experts told farmers about the tips for late sowing of wheat, shared special recommendations for better yield