Pink Stem Borer: ਕਣਕ ਵਿੱਚ ਗੁਲਾਬੀ ਸੁੰਡੀ ਬਾਰੇ ਜਾਗਰੂਕਤਾ ਬੇਹੱਦ ਜਰੂਰੀ ਹੈ। ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਗੁਲਾਬੀ ਸੁੰਡੀ ਦਾ ਹਮਲਾ ਕੁਝ ਖੇਤਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਟੀਮਾਂ ਬਣਾਂ ਕੇ ਇਸ ਕੀੜੇ ਪ੍ਰਤੀ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਇਸ ਨੂੰ ਕੰਟਰੋਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾ ਅਨੁਸਾਰ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰਾਂ ਵੱਲੋਂ ਵੀ ਅਖਬਾਰਾਂ ਅਤੇ ਹੋਰ ਪ੍ਰਚਾਰ ਮਾਧਿਆਮਾਂ ਰਾਹੀ ਕਿਸਾਨਾਂ ਨੂੰ ਸੁਚੇਤ ਅਤੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਤਣੇ ਦੀ ਗੁਲਾਬੀ ਸੁੰਡੀ ਇੱਕ ਤੋਂ ਵੱਧ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ, ਕਣਕ ਤੋਂ ਇਲਾਵਾ ਝੋਨੇ, ਮੱਕੀ, ਬਾਜਰਾ ਅਤੇ ਕਮਾਦ ਆਦਿ ਫਸਲਾਂ 'ਤੇ ਵੀ ਹਮਲਾ ਕਰਦਾ ਹੈ। ਇੰਝ ਕਹਿ ਲਈਏ ਕਿ ਬਦਲ ਰਹੇ ਵਾਤਾਵਰਣ ਕਰਕੇੇੇ ਤੇ ਮੁੱਖ ਫਸਲੀ ਚੱਕਰ ਕਰਕੇ ਇਹ ਕੀੜਾ ਆਪਣਾ ਘਰ ਕਰਦਾ ਜਾ ਰਿਹਾ ਹੈ। ਇਨ੍ਹੀ ਦਿਨੀ ਕਣਕ ਦੀ ਫਸਲ 'ਤੇ ਨਜ਼ਰ ਆਉਣ ਵਾਲੇ ਇਸ ਕੀੜੇ ਬਾਰੇ ਤਕਨੀਕੀ ਜਾਣਕਾਰੀ ਜਿੱਥੇ ਇਸ ਕੀੜੇ ਦੇ ਹਮਲੇ ਪ੍ਰਤੀ ਕਿਸਾਨਾਂ ਵਿੱਚ ਘਬਰਾਹਟ ਨੂੰ ਘਟਾ ਸਕਦੀ ਹੈ ਉਥੇ ਜਾਣਕਾਰੀ ਨਾਲ ਸਾਡੇ ਗੈਰ ਜਰੂਰੀ ਖਰਚੇ ਵੀ ਬੱਚ ਸਕਦੇ ਹਨ।
ਫਸਲ ਦਾ ਲਗਾਤਾਰ ਸਰਵੇਖਣ ਅਤੇ ਨਿਰੀਖਣ ਕਰਨਾ ਸੁੰਡੀ ਤੋਂ ਬਚਾਅ ਲਈ ਬੇਹੱਦ ਅਹਿਮ ਕਦਮ ਹੈ। ਇਸ ਕੀੜੇ ਦੀ ਸੁੰਡੀ ਗੁਲਾਬੀ ਭੂਰੇ ਰੰਗ ਦੀ ਹੁੰਦੀ ਹੈ। ਇਸਦਾ ਸਰੀਰ ਲੰਬਾ ਅਤੇ ਮੁਲਾਇਮ ਅਤੇ ਲੰਬਾਈ ਤਕਰੀਬਨ 20-25 ਮਿਲੀਮੀਟਰ ਹੁੰਦੀ ਹੈ। ਇਸ ਸੁੰਡੀ ਲਈ 15 ਡਿਗਰੀ ਸੈਂਟੀ ਗਰੇਡ ਤੋਂ ਵੱਧ ਦਾ ਤਾਪਮਾਨ ਵਧੇਰੇ ਅਨੁਕੂਲ ਹੈ, 15 ਡਿਗਰੀ ਤੋਂ ਘੱਟ ਦਾ ਤਾਪਮਾਨ ਇਸ ਸੁੰਡੀ ਦੇ ਹਮਲਾ ਕਰਨ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ। ਇਸੇ ਕਰਕੇ ਠੰਡ ਵੱਧਣ ਨਾਲ ਇਸ ਕੀੜੇ ਦਾ ਹਮਲਾ ਘੱਟ ਜਾਂਦਾਂ ਹੈ, ਪਰ ਸੁੰਡੀ ਜ਼ਮੀਨ ਵਿੱਚ ਹੀ ਰਹਿੰਦੀ ਹੈ।
ਆਮ ਤੌਰ ਤੇ ਇਹ ਕੀੜਾ - ਅੰਡਾ, ਸੁੰਡੀ, ਪਿਊਪਾ ਅਤੇ ਪਤੰਗਾ ਕੁੱਲ 4 ਅਵਸਥਾਵਾਂ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਇੱਕ ਬਾਲਗ ਮਾਦਾ 120-348 ਅੰਡੇ ਪੱਤਿਆਂ ਦੇ ਹੇਠਲੇੇ ਪਾਸੇ ਜਾਂ ਖੇਤ ਜਿਥੇ ਮੁਕਾਬਲਤਨ ਸਲਾਬਾ ਹੋਵੇ ਦਿੰਦੀ ਹੈੈ। ਇਸੇ ਕਰਕੇ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਇਸ ਕੀੜੇ ਦਾ ਹਮਲਾ ਜਿਆਦਾ ਵੇਖਣ ਵਿੱਚ ਆਉਦਾ ਹੈ ਕਿਉਕਿ ਸੁਪਰ ਸੀਡਰ ਵਾਲੇ ਖੇਤਾਂ ਵਿੱਚ ਨਮੀ ਜਿਆਦਾ ਹੁੰਦੀ ਹੈ ਜੋ ਸੁੰਡੀ ਲਈ ਅਨੁਕੂਲ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਕੀੜੇ ਦਾ ਹਮਲਾ ਪਰਾਲੀ ਕਰਕੇ ਹੁੰਦਾ ਹੈ ਜੋ ਕਿ ਅਜਿਹਾ ਅਸਲ ਵਿੱਚ ਨਹੀ ਹੁੰਦਾ।
ਪਰਾਲੀ ਨਾਲ ਇਸ ਕੀੜੇ ਦਾ ਕੋਈ ਵੀ ਸਬੰਧ ਨਹੀ ਹੈ। ਸੁਪਰ ਸੀਡਰ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਬੀਜੀ ਕਣਕ ਵਿੱਚ ਵੀ ਇਸ ਕੀੜੇ ਦਾ ਹਮਲਾ ਵੇਖਣ ਨੂੰ ਮਿਲਦਾ ਹੈ। ਇੱਥੋ ਤੱਕ ਕਿ ਪਰਾਲੀ ਨੂੰ ਅੱਗ ਲਾ ਕੇ ਬੀਜੀ ਕਣਕ ਵੀ ਇਸ ਕੀੜੇ ਨਾਲ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਪਹਿਲਾ ਪਾਣੀ ਲਾਉਣ ਤੋਂ ਬਾਅਦ ਵੀ ਇਸ ਕੀੜੇ ਦਾ ਹਮਲਾ ਵੱਧਦਾ ਹੈ ਜਿਸ ਦਾ ਕਾਰਣ ਨਮੀ ਹੈ ਨਾ ਕਿ ਪਰਾਲੀ।
ਇਹ ਵੀ ਪੜ੍ਹੋ: PAU Team ਵੱਲੋਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦਾ ਦੌਰਾ, ਵਿਗਿਆਨੀਆਂ ਨੇ ਫਸਲਾਂ ਦੀ ਸਥਿਤੀ ਦਾ ਲਿਆ ਜਾਇਜ਼ਾ
ਅੰਡੇ 7-10 ਦਿਨ ਅਤੇ ਸੁੰਡੀ ਦੀ ਅਵਸਥਾ 20-39 ਦਿਨ ਤੱਕ ਦੇਖੀ ਗਈ ਹੈ। ਸੁੰਡੀ ਵਾਲੀ ਅਵਸਥਾ ਹੀ ਸਾਡੀ ਫਸਲ ਦਾ ਨੁਕਸਾਨ ਕਰਦੀ ਹੈ। ਅਗਲੀ ਅਵਸਥਾ, ਪਿਊਪਾ ਇਹ ਅਵਸਥਾ 8-10 ਦਿਨ ਰਹਿੰਦੀ ਹੈ ਜਿਸ ਤੋਂ ਬਾਅਦ ਇਸ ਪਿਉਪੇ ਵਿੱਚੋਂ ਨਰ ਜਾਂ ਮਾਦਾ ਪਤੰਗਾ ਉਤਪੰਨ ਹੁੰਦਾ ਹੈ। ਇਸ ਦੇ ਨਰ ਮਾਦਾ ਪਤੰਗੇ ਅਕਸਰ ਰਾਤ ਨੂੰ ਚੁਸਤ ਹੁੰਦੇ ਹਨ। ਤਾਪਮਾਨ ਵਧਣ ਘਟਣ ਨਾਲ ਇਹ ਕੀੜਾ ਆਪਣਾ ਜੀਵਨ ਕਾਲ 35 ਤੋਂ 57 ਦਿਨ ਦਾ ਸਮਾਂ ਵੀ ਬਦਲ ਲੈਦਾ ਹੈ।
ਕਣਕ ਦੀ ਫਸਲ 'ਤੇ ਇਸ ਸੁੰਡੀ ਦਾ ਹਮਲਾ ਅਕਤੂਬਰ ਮਹੀਨੇ ਬੀਜੀ ਕਣਕ ਵਿੱਚ ਸੁਰੂਆਤ ਸਮੇਂ ਵਿੱਚ ਹੀ ਜਿਆਦਾ ਦੇਖਣ ਨੂੰ ਮਿੱਲਦਾ ਹੈ। ਸ਼ੂਰੁਆਤ ਵਿੱਚ ਇਹ ਸੁੰਡੀ ਕਣਕ ਦੇ ਪੌਦਿਆਂ ਦੀਆਂ ਜੜਾਂ ਥੱਲੇ ਲੁੱਕੀ ਹੁੰਦੀ ਹੈ। ਜਨਵਰੀ ਦੇ ਮਹੀਨੇ ਇਸ ਕੀੜੇ ਦਾ ਹਮਲਾ ਤਾਪਮਾਨ ਘੱਟਣ ਕਰਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹ ਸੁੰਡੀ ਦੀ ਇੱਕ ਖਾਸੀਅਤ ਹੈ ਕਿ ਇਹ ਇੱਕ ਬੂਟੇ ਤੋਂ ਦੂਸਰੇ ਬੂਟੇ ਅਤੇ ਇੱਕ ਅਨਾਜ ਫਸਲ ਤੋਂ ਦੂਸਰੀ ਅਨਾਜ ਫਸਲ ਤੱਕ ਸਾਰਾ ਸਾਲ ਹਿਜ਼ਰਤ ਕਰਦੀ ਹੈ। ਪਹਿਲਾਂ ਇਸ ਦਾ ਹਮਲਾ ਕੇੇਵਲ ਝੋਨੇ ਦੀ ਫਸਲ 'ਤੇ ਹੀ ਹੁੰਦਾ ਸੀ, ਪਰ ਹੁਣ ਇਸ ਦਾ ਹਮਲਾ ਕਣਕ ਅਤੇ ਮੱਕੀ ਦੀ ਫਸਲ 'ਤੇ ਲਗਾਤਾਰ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Crop Advisory: ਹਾੜੀ ਸੀਜ਼ਨ ਲਈ Experts ਵੱਲੋਂ ਜ਼ਰੂਰੀ ਸਲਾਹ, ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਐਡਵਾਈਜ਼ਰੀ ਜਾਰੀ
ਇਸ ਦੀ ਰੋਕਥਾਮ ਲਈ ਕਲਚਰਲ ਰੋਕਥਾਮ ਬਹੁਤ ਵਧੀਆ ਕੰਮ ਕਰਦੀ ਹੈ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀ ਅਗੇਤੀ ਬਿਜਾਈ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਦਿਨ ਵੇਲੇ ਕਣਕ ਦੀ ਫਸਲ ਨੂੰ ਸਿੰਚਾਈ ਕਰਨ ਨਾਲ ਵੀ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕਿਉਂਕਿ ਇਸ ਤਰਾਂ ਨਾਲ ਸੁੰਡੀ ਜੋ ਕਿ ਪੋਦੇ ਦੇ ਹੇਠਾਂ ਲੁੱਕੀ ਹੁੰਦੀ ਹੈ ਦਿਨ ਵੇਲੇ ਬਾਹਿਰ ਨਿਕਲ ਆਉਂਦੀ ਹੈ ਜੋ ਕਿ ਪੰਛੀਆਂ ਆਦਿ ਦਾ ਸ਼ਿਕਾਰ ਹੋ ਜਾਂਦੀ ਹੈ। ਇਸੇ ਤਰਾਂ ਨਾਲ ਸਿਫਾਰਿਸ਼ ਕੀਤੀਆਂ ਜਹਿਰਾਂ ਦਾ ਸਪਰੇਅ ਸ਼ਾਮ ਵਾਲੇ ਜਾਂ ਸਿੰਚਾਈ ਉਪਰੰਤ ਕਰਨ ਨਾਲ ਵੀ ਵਧੇਰੇ ਲਾਭ ਹੁੰਦਾ ਹੈ।
ਜੇਕਰ ਹਮਲਾ ਜਿਆਦਾ ਹੋਵੇ ਤਾਂ 7 ਕਿੱਲੋ ਮੋਰਟਲ/ਰਿਜੈਂਟ 0.3 ਜੀ (ਫਿਪਰੋਨਿਲ) ਜਾਂ ਇਕ ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫ਼ਾਸ) 20 ਕਿਲੋ ਸਲਾਬੀ ਮਿੱਟੀ ਨਾਲ ਰਲਾਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਲਗਾਉਣ ਤੋਂ ਪਹਿਲਾਂ ਛਿੱਟਾ ਦੇਵੋ। ਇਸ ਕੀੜੇ ਦੀ ਰੋਕਥਾਮ ਲਈ 50 ਮਿਲੀਲਿਟਰ ਕੋਰਾਜਨ 18.5 ਐਸ ਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਨੈਪਸੈਕ ਪੰਪ ਨਾਲ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਕੁਝ ਕਿਸਾਨਾਂ ਦੇ ਤਜਰਬੇ ਦੱਸਦੇ ਹਨ ਕੁਇਨਲਫਾਸ 800 ਮਿਲੀ ਲਿਟਰ ਪ੍ਰਤੀ ਏਕੜ ਨਾਲ ਵੀ ਉਹਨਾਂ ਚੰਗੇ ਨਤੀਜੇ ਲਏ ਹਨ। ਸਭ ਤੋਂ ਜਰੂਰੀ ਗੱਲ ਕਿ ਹਮਲੇ ਹੋਣ 'ਤੇ ਹੀ ਜਹਿਰਾਂ ਦੀ ਸਪਰੇ ਕੀਤੀ ਜਾਵੇ ਨਹੀ ਤਾਂ ਅਜਿਹਾ ਕਰਨ ਨਾਲ ਜਿੱਥੇ ਸਾਡੇ ਖੇਤੀ ਖਰਚੇ ਵੱਧਣਗੇ ਉਥੇ ਵਾਤਾਵਰਣ ਵੀ ਖਰਾਬ ਹੋਵੇਗਾ, ਜਿਸ ਨੂੰ ਬਚਾਉਣਾ ਅੱਜ ਅਹਿਮ ਹੈ। ਵਧੇਰੇ ਜਾਣਕਾਰੀ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਮਾਹਿਰ ਨਾਲ ਜਰੂਰ ਸੰਪਰਕ ਕਰਨਾ ਚਾਹੀਦਾ ਹੈ।
ਡਾ. ਨਰੇਸ਼ ਕੁਮਾਰ ਗੁਲਾਟੀ ਤੇ ਡਾ. ਗੁਰਦੀਪ ਸਿੰਘ
ਡਿਪਟੀ ਡਾਇਰੈਕਟਰ ਖੇਤੀਬਾੜੀ, ਪੰਜਾਬ।
Summary in English: Pink stem borer in Wheat crop and its prevention