1. Home
  2. ਖੇਤੀ ਬਾੜੀ

ਚੰਗੀ ਸਿਹਤ ਲਈ ਗੁਣਕਾਰੀ ਫ਼ਸਲ ਅਲਸੀ ਦੀ ਕਾਸ਼ਤ

ਅਲਸੀ ਹਾੜ੍ਹੀ ਰੁੱਤ ਵਿੱਚ ਕਾਸ਼ਤ ਕੀਤੀ ਜਾਣ ਵਾਲੀ ਮੁੱਖ ਤੇਲ ਬੀਜ ਫ਼ਸਲ ਹੈ। ਇਸ ਦੀ ਕਾਸ਼ਤ ਮੁੱਖ ਤੌਰ ਤੇ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਜਿਲ੍ਹਿਆਂ ਵਿੱਚ ਹੁੰਦੀ ਹੈ।

Gurpreet Kaur Virk
Gurpreet Kaur Virk
ਅਲਸੀ ਦੀ ਸਫਲ ਕਾਸ਼ਤ

ਅਲਸੀ ਦੀ ਸਫਲ ਕਾਸ਼ਤ

ਅਲਸੀ ਦੁਨੀਆ ਵਿੱਚ ਸਭ ਤੋਂ ਪੁਰਾਣੀ ਰੇਸ਼ੇ ਵਾਲੀ ਫ਼ਸਲ ਹੈ। ਅਲਸੀ ਦਾ ਹਰ ਇੱਕ ਹਿੱਸਾ ਸਿੱਧਾ ਜਾਂ ਪ੍ਰੋਸੈਸਿੰਗ ਦੇ ਬਾਅਦ, ਵਪਾਰਕ ਤੌਰ ਤੇ ਵਰਤਿਆ ਜਾਂਦਾ ਹੈ। ਭਾਰਤ ਵਿੱਚ ਇਸ ਦੀ ਕਾਸ਼ਤ ਮੁੱਖ ਤੌਰ ਤੇ ਬੀਜ ਤੇ ਤੇਲ ਕੱਢਣ ਲਈ ਹੁੰਦੀ ਹੈ। ਇਸ ਦੇ ਬੀਜ ਵਿੱਚ ਤੇਲ 33 ਤੋਂ 47% ਤੱਕ ਹੁੰਦੀ ਹੈ। ਅਲਸੀ ਦਾ ਤੇਲ ਪੇਂਟ, ਵਾਰਨਿਸ, ਵਾਟਰਪਰੂਫ ਕਪੜੇ ਬਣਾਉਣ ਅਤੇ ਖਾਣ ਵਾਲੇ ਤੇਲ ਦੇ ਤੌਰ ਅਤੇ ਇਸ ਦੇ ਰੇਸ਼ੇ ਨੂੰ ਲਿਲਨ ਦੇ ਕਪੜੇ ਬਣਾਉਣ ਲਈ ਵਰਤਿਆ ਜਾਂਦਾ ਹੈ।

ਅਲਸੀ ਦੇ ਸਿਹਤ ਲਈ ਬਹੁਤ ਲਾਭ ਹਨ, ਜਿਵੇਂ ਕਿ ਕੋਲੇਸਟ੍ਰੋਲ, ਬਲੱਡ ਪ੍ਰਸ਼ੈਰ, ਦਿਲ ਦੀ ਬਿਮਾਰੀਆ, ਸ਼ੂਗਰ, ਦਮਾ, ਗਠੀਆ, ਕੈਂਸਰ ਆਦਿ ਦੇ ਰੋਗਾਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਕਾਗਜ਼, ਪਲਾਸਟਿਕ, ਸਾਬਣ, ਸਿਆਹੀ ਬਣਾਉਣ ਅਤੇ ਲਿਨੋਲੀਅਮ ਵਿੱਚ ਵੀ ਵਰਤਿਆ ਜਾਂਦਾ ਹੈ। ਅਲਸੀ ਦੀ ਖ਼ਲ ਨੂੰ ਖਾਦ ਅਤੇ ਪਸ਼ੂ ਫੀਡ ਦੇ ਤੌਰ ਵੀ ਵਰਤਿਆ ਜਾਂਦਾ ਹੈ।

ਅਲਸੀ ਹਾੜ੍ਹੀ ਰੁੱਤ ਵਿੱਚ ਕਾਸ਼ਤ ਕੀਤੀ ਜਾਣ ਵਾਲੀ ਮੁੱਖ ਤੇਲ ਬੀਜ ਫ਼ਸਲ ਹੈ। ਇਸ ਦੀ ਕਾਸ਼ਤ ਮੁੱਖ ਤੌਰ ਤੇ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਜਿਲ੍ਹਿਆਂ ਵਿੱਚ ਹੁੰਦੀ ਹੈ। ਬਰਾਨੀ ਖੇਤੀ ਵਾਲੇ ਇਲਾਕਿਆਂ ਲਈ ਅਲਸੀ ਇੱਕ ਢੁਕਵੀਂ ਫ਼ਸਲ ਹੈ। ਇਸ ਦੀ ਕਾਸ਼ਤ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ।

ਇਸ ਨੂੰ ਜੰਗਲੀ ਜਾਨਵਰ, ਅਵਾਰਾ ਪਸ਼ੂ, ਪੰਛੀ ਆਦਿ ਨਹੀਂ ਖਾਂਦੇ ਹਨ। ਇਸ ਦਾ ਚੰਗਾ ਝਾੜ ਲੈਣ ਲਈ 21 ਤੋਂ 26 ਡਿਗੀ. ਤਾਪਮਾਨ ਢੁਕਵਾਂ ਹੁੰਦਾ ਹੈ। ਅਲਸੀ ਦੀ ਫ਼ਸਲ ਘੱਟ ਮੀਂਹ ਵਾਲੇ ਇਲਾਕਿਆਂ ਵਿੱਚ ਚੰਗੀ ਹੁੰਦੀ ਹੈ। ਫੁੱਲ ਪੈਣ ਸਮੇਂ ਕੋਰਾ ਅਲਸੀ ਲਈ ਨੁਕਸਾਨਦੇਹ ਹੁੰਦਾ ਹੈ। ਇਸ ਨੂੰ ਕਾਫੀ ਨਮੀ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦੀਆਂ ਜੜ੍ਹਾਂ ਮਿੱਟੀ ਦੀ ਉਪਰਲੀ ਤਹਿ ਵਿੱਚ ਹੁੰਦੀਆਂ ਹਨ।

ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ New Technique

ਅਲਸੀ ਦੀ ਪੋਸ਼ਣ ਸੰਬੰਧੀ ਵਿਸ਼ੇਸਤਾ ਅਤੇ ਸਿਹਤ ਲਈ ਲਾਭ:-

ਜ਼ਿਆਦਾਤਰ ਪੌਦਿਆਂ ਦੇ ਬੀਜਾਂ ਵਿੱਚ ਪੋਸ਼ਟਿਕ ਤੱਤ ਹੁੰਦੇ ਹਨ ਪਰ ਅਲਸੀ ਤੋਂ ਪ੍ਰਪਾਤ ਪੋਸ਼ਟਿਕ ਤੱਤ ਦੂਜੇ ਪੌਦਿਆਂ ਤੋਂ ਨਹੀਂ ਮਿਲਦੇ ਹਨ। ਇਹ ੳਮੇਗਾ-3 ਫੈਟੀ ਐਸਿਡ ਦਾ ਸਭ ਤੋਂ ਚੰਗਾ ਸਰੋਤ ਹੈ। ਇਸ ਵਿੱਚ ਐਂਟੀ-ਆੱਕਸੀਡੇਂਟ ਫਲਾਂ, ਸਬਜ਼ੀਆਂ, ਜੈਤੂਨ ਆਦਿ ਤੋਂ ਵੱਧ ਹੁੰਦੇ ਹਨ। ਇਸ ਵਿੱਚ ਚਰਬੀ, ਪ੍ਰੋਟੀਨ ਅਤੇ ਰੇਸ਼ਾ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਹ ਵਿਟਾਮਿਨ ਏ, ਬੀ, ਸੀ ਅਤੇ ਖਣਿਜ ਤੱਤਾਂ ਦਾ ਚੰਗਾ ਸਰੋਤ ਹੈ।

ੳਮੇਗਾ -3 ਫੈਟੀ ਐਸਿਡ ਦਿਮਾਗ, ਦਿਲ ਅਤੇ ਅੱਖਾਂ ਨੂੰ ਸਹੀ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਸਰੀਰ ਦੀ ਪਾਚਕ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ, ਚਿੰਤਾ ਅਤੇ ਡਿਪਰੈਸ਼ਨ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ੳਮੇਗਾ-3 ਫੈਟੀ ਐਸਿਡ ਚਮੜੀ ਦੀਆਂ ਬਿਮਾਰੀਆਂ ਜਿਵੇਂ ਕਿ ਫਿਣਸੀ ਅਤੇ ਚੰਬਲ ਵਿੱਚ ਸੋਜਸ਼ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ : ਕਰਨੌਲੀ ਦੀ ਸਫਲ ਕਾਸ਼ਤ, ਜਾਣੋ ਬਿਜਾਈ ਦਾ ਢੁੱਕਵਾਂ ਸਮਾਂ

ਅਲਸੀ ਦੀ ਸਫਲ ਕਾਸ਼ਤ

ਅਲਸੀ ਦੀ ਸਫਲ ਕਾਸ਼ਤ

ਅਲਸੀ ਵਿੱਚ ਸਭ ਖੁਰਾਕੀ ਵਸਤਾਂ ਨਾਲੋਂ ਵੱਧ ਲਿਗਨੈਨ ਹੁੰਦਾ ਹੈ। ਲਿਗਨੈਨ ਫਾਈਬਰ ਉਹ ਚੀਜ਼ਾਂ ਹਨ ਜਿਹਨਾਂ ਵਿੱਚ ਐਟੀ-ਆੱਕਸੀਡੇਂਟ ਅਤੇ ਐਸਟ੍ਰੋਜਨ ਵਰਗੀਆਂ ਵਿਸ਼ੇਸਤਾਵਾਂ ਹੁੰਦੀਆਂ ਹਨ। ਮਉਸਿਲੇਜ ਇੱਕ ਜੈਲ ਬਣਤਰ ਫਾਈਬਰ ਹੈ ਜੋ ਆਂਦਰਾਂ ਦੇ ਟ੍ਰੈਕਟ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਅਲਸੀ ਪੌਦਿਆਂ ਤੋਂ ਪ੍ਰਾਪਤ ਪ੍ਰੋਟੀਨ ਦਾ ਇੱਕ ਬਹੁਤ ਵੱਡਾ ਸਰੋਤ ਹੈ ਜਿਸ ਵਿੱਚ ਅਮੀਨੋ ਐਸਿਡ, ਅਰਜੀਨੀਨ, ਆਸਪਾਰਟੀਕ ਐਸਿਡ, ਗਲੂਟਾਮਿਕ ਐਸਿਡ ਕਾਫੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ।

ਅਲਸੀ ਦੀਆਂ ਪੀ.ਏ.ਯੂ ਦੁਆਰਾ ਸਿਫਾਰਿਸ਼ ਕੀਤੀਆਂ ਗਈ ਕਿਸਮਾਂ:-

ਐਲ.ਜੀ 2063 (2007): ਇਹ ਭਰਪੂਰ ਸ਼ਾਖਾਵਾਂ ਵਾਲੀ ਲੰਮੀ ਅਤੇ ਨੀਲੇ ਫੁੱਲਾਂ ਵਾਲੀ ਕਿਸਮ ਹੈ। ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਦਾਣੇ ਚਮਕੀਲੇ ਭੂਰੇ ਅਤੇ ਮੋਟੇ ਹਨ ਅਤੇ ਇਨ੍ਹਾਂ ਵਿਚ ਤੇਲ ਦੀ ਮਾਤਰਾ 38.4 ਪ੍ਰਤੀਸ਼ਤ ਹੈ। ਇਸ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ। ਇਹ ਪੱਕਣ ਲਈ 158 ਦਿਨ ਲੈਂਦੀ ਹੈ।

ਐੱਲ.ਸੀ 2023 (1998): ਇਸ ਦੀ ਸਿਰਾਫਿਸ ਬਰਾਨੀ ਅਤੇ ਸੇਂਜੂ ਦੋਹਾਂ ਹਾਲਤਾਂ ਲਈ ਕੀਤੀ ਗਈ ਹੈ। ਇਹ ਕਿਸਮ ਲੰਮੀ, ਨੀਲੇ ਫੁੱਲਾਂ ਅਤੇ ਵਧੇਰੇ ਘੁੰਡਰਾਂ ਵਾਲੀ ਹੈ। ਇਸ ਦੇ ਦਾਣੇ ਭੂਰੇ ਰੰਗ ਅਤੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੀਆਂ ਪੱਤੀਆਂ ਗੂੜ੍ਹੇ, ਹਰੇ ਰੰਗ ਦੀਆਂ ਹੁੰਦੀਆਂ ਹਨ। ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਬੀਜ ਵਿੱਚ ਤੇਲ ਦੀ ਮਾਤਰਾ 37.4 ਪ੍ਰਤੀਸ਼ਤ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਕਣ ਲਈ ਬਰਾਨੀ ਹਾਲਤਾਂ ਵਿੱਚ 158 ਅਤੇ ਸੇਂਜੂ ਹਾਲਤਾਂ ਵਿੱਚ 163 ਦਿਨ ਲੈਂਦੀ ਹੈ।

ਇਹ ਵੀ ਪੜ੍ਹੋ : Coriander Farming: ਧਨੀਆ ਦੀ ਫਸਲ ਤੋਂ ਪਾ ਸਕਦੇ ਹੋ ਚੰਗਾ ਲਾਭ, ਬਹੁਤ ਘੱਟ ਸਮੇਂ ਵਿੱਚ ਹੁੰਦੀ ਹੈ ਲੱਖਾਂ ਦੀ ਕਮਾਈ

ਅਲਸੀ ਦੀ ਸਫਲ ਕਾਸ਼ਤ

ਅਲਸੀ ਦੀ ਸਫਲ ਕਾਸ਼ਤ

ਅਲਸੀ ਦੀ ਕਾਸ਼ਤ ਦੇ ਉਨੱਤ ਢੰਗ: ਚੰਗੇ ਜਲ ਨਿਕਾਸ ਵਾਲੀ ਮੈਰਾ ਤੋਂ ਚੀਕਣੀ ਜ਼ਮੀਨ ਇਸ ਫ਼ਸਲ ਲਈ ਸਭ ਤੋਂ ਚੰਗੀ ਹੁੰਦੀ ਹੈ। ਇੱਕ ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਅਲਸੀ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਕਰਨੀ ਚਾਹੀਦੀ ਹੈ। ਬਿਜਾਈ 4-5 ਸੈਂਟੀਮੀਟਰ ਡੂੰਘਾਈ ਤੇ ਡਰਿੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ।

ਲਾਈਨਾਂ ਦਾ ਫਾਸਲਾ 23 ਸੈਂਟੀਮੀਟਰ ਅਤੇ ਪੌਦਿਆਂ ਦਾ ਫਾਸਲਾ 7-10 ਸੈਂਟੀਮੀਟਰ ਰੱਖੋ। 25 ਕਿਲੋ ਨਾਈਟ੍ਰੋਜਨ ( 55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ ( 100 ਕਿਲੋ ਸੁਪਰਫਾਸਫੇਟ ) ਪ੍ਰਤੀ ਏਕੜ ਵਰਤੋਂ। ਸਾਰੀ ਖਾਦ ਬੀਜਣ ਸਮੇਂ ਪਾਉ। ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਖਾਦ ਰਾਹੀਂ ਪਾਉਣ ਨੂੰ ਤਰਜੀਹ ਦਿਉ। ਅਲਸੀ ਦੀ ਫਸਲ ਨੂੰ ਦੌ ਗੋਡੀਆਂ ਕਰੋ।

ਪਹਿਲੀ ਬਿਜਾਈ ਤੋਂ ਤਿੰਨ ਹਫਤੇ ਪਿੱਛੋਂ ਅਤੇ ਦੂਜੀ ਗੋਡੀ, ਬਿਜਾਈ ਤੋਂ ਛੇ ਹਫਤੇ ਪਿੱਛੋਂ ਕਰੋ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਡਬਲਯੂ ਪੀ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਫਸਲ ਦੀ ਬਿਜਾਈ ਤੋਂ ਦੋ ਦਿਨਾਂ ਵਿੱਚ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਛਿੜਕਾਅ ਕੀਤਾ ਜਾ ਸਕਦਾ ਹੈ।

ਅਲਸੀ ਦੀ ਪੌਦ ਸਰੁੱਖਿਆ ਦੇ ਉਪਾਅ:-

ਲੂਸਣ ਦੀ ਸੁੰਡੀ: ਇਹ ਪੱਤੇ ਖਾ ਜਾਂਦੀ ਹੈ। ਇਸ ਦੀ ਰੋਕਥਾਮ ਲਈ ਫਸਲ ਤੇ 450 ਗ੍ਰਾਮ ਸੇਵਿਨ / ਹੈਕਸਾਵਿਨ 50 ਡਬਲਯੂ ਪੀ (ਕਾਰਬਰਿਲ) ਜਾਂ 400 ਮਿਲੀਲਿਟਰ ਮੈਲਾਥੀਆਨ 50 ਈ.ਸੀ (ਮੈਲਾਥੀਆਨ) 80 ਤੋਂ 100 ਲੀਟਰ ਪਾਣੀ ਦੇ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬਿਮਾਰੀਆਂ: ਅਲਸੀ ਦੀਆਂ ਪੰਜਾਬ ਵਿੱਚ ਤਿੰਨ ਬਿਮਾਰੀਆਂ ਜਿਵੇਂ ਕੁੰਗੀ, ਉਖੇੜਾ ਅਤੇ ਚਿੱਟਾ ਰੋਗ ਮੁੱਖ ਤੌਰ ਤੇ ਦਰਜ ਕੀਤੀਆਂ ਗਈਆਂ ਹਨ। ਕੁੰਗੀ ਦਾ ਹਮਲਾ ਹੋਣ ਤੇ ਪੱਤਿਆਂ, ਟਹਾਣੀਆਂ ਅਤੇ ਫਲੀਆਂ ਉੱਤੇ ਗੁਲਾਬੀ ਰੰਗ ਦੇ ਧੱਬੇ ਅਤੇ ਧਾਰੀਆਂ ਪੈ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਬੀਜੋ। ਫਸਲ ਉਪਰ ਗੰਧਕ ਦਾ ਧੂੜਾ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਜਾਂ 500 ਗ੍ਰਾਮ ਇੰਡੋਫਿਲ ਜ਼ੈਡ -78 (ਜ਼ਿਨੇਬ 75 ਪ੍ਰਤੀਸ਼ਤ ) 250 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਇਹ ਵੀ ਪੜ੍ਹੋ : White Onion ਦਾ ਔਸਤ ਝਾੜ ਪ੍ਰਤੀ ਹੈਕਟੇਅਰ 30 ਤੋਂ 40 ਟਨ, ਜਾਣੋ ਕਾਸ਼ਤ ਦਾ ਸਹੀ ਤਰੀਕਾ

ਛੋਟੀ ਉਮਰ ਦੀ ਫਸਲ ਤੇ ਉਖੇੜਾ ਰੋਗ ਦਾ ਹਮਲਾ ਹੋਣ ਤੇ ਪੌਦੇ ਮਰ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਐੱਲ.ਸੀ 2023 ਅਤੇ ਐੱਲ.ਸੀ 2063 ਬੀਜੋ। ਜੇ ਪੌਦੇ ਨੂੰ ਚਿੱਟਾ ਰੋਗ ਲੱਗ ਜਾਵੇ ਤਾਂ ਪੱਤਿਆਂ ਉੱਤੇ ਚਿੱਟੇ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਸਮੇਂ ਪੱਤੇ, ਟਾਹਣੀਆਂ ਅਤੇ ਫੁੱਲ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਨਾਲ ਪੱਤੇ ਝੜ੍ਹ ਜਾਂਦੇ ਹਨ ਅਤੇ ਬੀਜ ਸੁੱਕੜ ਜਾਂਦੇ ਹਨ। ਫਸਲ ਦੇ ਫੁੱਲ ਨਿਕਲਣ ਤੋਂ ਪਹਿਲਾਂ ਗੰਧਕ ਦਾ ਧੂੜਾ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਧੂੜੋ।

ਫਸਲ ਦੀ ਕਟਾਈ ਅਤੇ ਗਹਾਈ: ਫਸਲ ਦੇ ਪੱਤੇ ਜਦੋਂ ਸੁੱਕ ਜਾਣ, ਫਲੀਆਂ ਭੂਰੀਆਂ ਹੋ ਜਾਣ ਅਤੇ ਬੀਜ ਚਮਕਦਾਰ ਹੋ ਜਾਣ ਤਾਂ ਫਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਇਹ ਫਸਲ ਅਪ੍ਰੈਲ ਦੇ ਮਹੀਨੇ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ। ਕੱਟਣ ਤੋਂ ਬਾਅਦ, ਪੌਦਿਆਂ ਦੇ ਬੰਡਲ ਬਣਾਉ ਅਤੇ 4-5 ਦਿਨ ਲਈ ਗਹਾਈ ਕਰਨ ਵਾਲੀ ਥਾਂ ਤੇ ਸੁੱਕਣ ਲਈ ਛੱਡ ਦਿਉ। ਗਹਾਈ ਸੁੱਕੇ ਪੌਦਿਆਂ ਨੂੰ ਲੱਕੜ ਨਾਲ ਕੁੱਟ ਕੇ ਜਾਂ ਬਲਦਾਂ ਦੇ ਪੈਰਾਂ ਜਾਂ ਟਰੈਕਟਰ ਦੇ ਟਾਇਰਾਂ ਹੇਠ ਕੁਚਲ ਕੇ ਕੀਤੀ ਜਾਂਦੀ ਹੈ।

ਅਲਸੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਅਤੇ ਸਿਹਤਮੰਦ ਰਹੋ: ਅਲਸੀ ੳਮੇਗਾ -3 ਫੈਟੀ ਐਸਿਡ, ਫਾਈਬਰ ਅਤੇ ਪ੍ਰੋਟੀਨ ਦਾ ਇਕ ਚੰਗਾ ਸਰੋਤ ਹੈ। ਸਾਰੇ ਬੀਜ ਦੀ ਥਾਂ ਉਸ ਦੇ ਅੰਦਰ ਵਾਲੇ ਪਦਾਰਥ ਨੂੰ ਖਾਣਾ ਚਾਹੀਦਾ ਹੈ , ਕਿਉਂਕਿ ਇਸਦੇ ਬਾਹਰਲੇ ਭਾਗ ਨੂੰ ਸਾਡਾ ਸਰੀਰ ਪਚਾ ਨਹੀ ਸਕਦਾ। ਸਿਹਤ ਲਈ ਰੋਜ਼ਾਨਾ 10 ਗ੍ਰਾਮ ਅਲਸੀ ਕਾਫੀ ਹੁੰਦੀ ਹੈ। ਇਸ ਲਈ ਸਾਨੂੰ ਅਲਸੀ ਨੂੰ ਆਪਣੀ ਖੁਰਾਕ ਵਿੱਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਜਿਹੜੀ ਗਾਵਾਂ ਨੂੰ ਅਲਸੀ ਦਿੱਤੀ ਜਾਂਦੀ ਹੈ, ਉਹਨਾਂ ਦੇ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ।

ਨਰੇਸ਼ ਕੁਮਾਰ, ਨਰਿੰਦਰ ਦੀਪ ਸਿੰਘ ਅਤੇ ਅਨਿਲ ਖੋਖਰ , ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Profitable Farming: Linseed Cultivation

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters