ਹਾੜ੍ਹੀ ਦੀਆਂ ਫ਼ਸਲਾਂ ਨੂੰ ਕੋਰੇ ਦੇ ਮਾਰੂ ਅਸਰ ਤੋਂ ਬਚਾਓ
Rabi Crops: ਸਾਲ ਦਰ ਸਾਲ ਮੌਸਮੀ ਹਲਾਤਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਬਦਲਾਅ ਪਿਛਲੇ 2-3 ਦਹਾਕਿਆਂ ਵਿੱਚ ਜ਼ਿਆਦਾ ਦੇਖਿਆ ਗਿਆ ਹੈ। ਮੌਸਮ ਵਿੱਚ ਆਉਣ ਵਾਲੇ ਨਿਗਾਰਾਂ ਦੀਆਂ ਘਟਨਾਵਾਂ ਜਾਂ ਅਤਿ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ।
ਜੇਕਰ ਆਫਤਾਂ ਦੀ ਗੱਲ ਕਰੀਏ ਤਾਂ ਕੋਰਾ ਵੀ ਇੱਕ ਅਜਿਹੀ ਕੁਦਰਤੀ ਆਫਤ ਹੈ ਜਿਸ ਕਾਰਨ ਫ਼ਸਲਾਂ ਖਾਸ ਕਰਕੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਸਰਦੀਆਂ ਵਿੱਚ ਠੋਸ ਸਤ੍ਹਾਂ ਜਿਵੇਂ ਕਿ ਜ਼ਮੀਨ ਅਤੇ ਪੱਤਿਆਂ ਉੱਪਰ ਬਨਣ ਵਾਲੀ ਬਰਫ਼ ਦੀ ਪਤਲੀ ਤਹਿ ਨੂੰ ‘ਕੋਰਾ’ ਕਿਹਾ ਜਾਂਦਾ ਹੈ।
ਭਾਰਤ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਦਸੰਬਰ ਅਤੇ ਜਨਵਰੀ ਵਿੱਚ ਵਾਪਰਨ ਵਾਲੀ ਇਹ ਆਮ ਅਲਾਮਤ ਹੈ। ਜ਼ਿਆਦਾ ਠੰਡ ਦੌਰਾਨ, ਜ਼ਮੀਨ, ਪੌਦੇ ਜਾਂ ਹੋਰ ਚੀਜ਼ਾਂ, ਜਿਹਨਾਂ ਦੀ ਸਤ੍ਹਾ ਦਾ ਤਾਪਮਾਨ ਜੰਮਣ ਦੇ ਤਾਪਮਾਨ ਤੋਂ ਘੱਟ ਹੁੰਦਾ ਹੈ, ਉੱਪਰ ਬਰਫ਼ ਦੀ ਪਤਲੀ ਪਰਤ ਬਣ ਜਾਂਦੀ ਹੈ। ਸਤ੍ਹਾਂ ਤੋਂ ਉੱਪਰ ਹਵਾ ਦੇ ਤਾਪਮਾਨ ਦਾ ਕੋਰੇ ਦੇ ਪੈਣ ਜਾਂ ਨਾ ਪੈਣ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ। ਕੋਰਾ ਪੈਣ ਲਈ, ਸਤ੍ਹਾ ਦਾ ਤਾਪਮਾਨ ਪਾਣੀ ਦੇ ਜੰਮਣ ਦੇ ਤਾਪਮਾਨ ਦੇ ਬਰਾਬਰ ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ।
ਹਲਕਾ ਕੋਰਾ: -1.7° ਡਿਗਰੀ ਸੈਲਸੀਅਸ ਤੋਂ 0.1° ਡਿਗਰੀ ਸੈਲਸੀਅਸ – ਨਾਜ਼ੁਕ ਪੌਦੇ ਮਰ ਜਾਂਦੇ ਹਨ ਪਰ ਬਾਕੀ ਬਨਸਪਤੀ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ।
ਦਰਮਿਆਨੇ ਦਰਜੇ ਦਾ ਕੋਰਾ: -3.9° ਡਿਗਰੀ ਸੈਲਸੀਅਸ ਤੋਂ 2.2° ਡਿਗਰੀ ਸੈਲਸੀਅਸ – ਜ਼ਿਆਦਾਤਰ ਬਨਸਪਤੀ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਫ਼ਲਾਂ ਦੇ ਬੂਟਿਆਂ ਨੂੰ ਪੈਣ ਵਾਲੇ ਬੂਰ, ਨਾਜ਼ੁਕ ਅਤੇ ਅੱਧੇ-ਸਖਤ ਪੌਦਿਆਂ ਉੱਪਰ ਇਸ ਦਾ ਬਹੁਤ ਮਾਰੂ ਪ੍ਰਭਾਵ ਪੈਂਦਾ ਹੈ।
ਗੰਭੀਰ ਕੋਰਾ: - 4.4° ਡਿਗਰੀ ਸੈਲਸੀਅਸ ਅਤੇ ਘੱਟ – ਜ਼ਿਆਦਾਤਰ ਪੌਦਿਆਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਕੋਰੇ ਦੇ ਪੈਣ ਲਈ ਅਨੁਕੂਲ ਹਲਾਤ: ਪੰਜਾਬ ਵਿੱਚ ਕੋਰਾ ਸਿਰਫ ਦਸੰਬਰ, ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਹੀ ਪੈਂਦਾ ਹੈ। ਇਹਨਾਂ ਮਹੀਨਿਆਂ ਵਿੱਚੋਂ ਵੀ, ਫ਼ਰਵਰੀ ਦੇ ਮਹੀਨੇ ਬਹੁਤ ਘੱਟ ਦਿਨ੍ਹਾਂ ਲਈ ਅਤੇ ਜਨਵਰੀ ਮਹੀਨੇ ਵਿੱਚ ਜ਼ਿਆਦਾ ਦਿਨ ਕੋਰਾ ਪੈਂਦਾ ਹੈ। ਸਾਫ ਰਾਤਾਂ ਦੌਰਾਨ ਜਦੋਂ ਜ਼ਮੀਨ (ਸਤ੍ਹਾ) ਵਿੱਚੋਂ ਗਰਮੀ ਨਿਕਲਦੀ ਹੈ ਅਤੇ ਸਤ੍ਹਾ ਦਾ ਤਾਪਮਾਨ ਇਸਤੋਂ ਉੱਪਰਲੀ ਹਵਾ ਦੇ ਤਾਪਮਾਨ ਤੋਂ ਬਹੁਤ ਘੱਟ ਜਾਂਦਾ ਹੈ ਤਾਂ ਸਤ੍ਹਾ ਉਪਰ ਬਰਫ਼ ਦੀ ਪਤਲੀ ਪਰਤ ਬਣ ਜਾਂਦੀ ਹੈ।
ਹਾਲਾਂਕਿ, ਜੇਕਰ ਹਵਾ ਦਾ ਤਾਪਮਾਨ 0 ਅਤੇ 4 ਡਿਗਰੀ ਸੈਲਸੀਅਸ ਦੇ ਦਰਮਿਆਨ ਹੋਣ ਦੀ ਭਵਿੱਖਬਾਣੀ ਹੋਵੇ, ਹਵਾ ਵਿੱਚ ਕਾਫੀ ਨਮੀ ਮੌਜ਼ੂਦ ਹੋਵੇ ਅਤੇ ਹੋਰ ਸਥਿਤੀਆਂ ਵੀ ਅਨੁਕੂਲ ਹੋਣ ਤਾਂ ਜ਼ਮੀਨੀ ਕੋਰੇ ਦਾ ਖਤਰਾ ਵੱਧ ਹੁੰਦਾ ਹੈ। ਨਤੀਜਿਆਂ ਤੋਂ ਇਹ ਸਪਸ਼ਟ ਹੈ ਕਿ ਕੋਰੇ ਦਾ ਸਿੱਧਾ ਸੰਬੰਧ ਰਾਤ ਦੇ ਤਾਪਮਾਨ ਦੇ ਘੱਟ ਹੋਣ, ਹਲਕੀ ਜਾਂ ਖੜ੍ਹੀ ਹਵਾ, ਵਧੇਰੇ ਨਮੀਂ ਅਤੇ ਘੱਟ ਵਾਸ਼ਪੀਕਰਨ ਨਾਲ ਹੈ।ਇਨ੍ਹਾਂ ਪ੍ਰਸਥਿਤੀਆਂ ਵਿੱਚ ਕੋਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸਰਦੀਆਂ ਵਿੱਚ ਕੋਰੇ ਵਾਲੇ ਦਿਨਾਂ ਦੀ ਗਿਣਤੀ ਅਤੇ ਤੀਬਰਤਾ ਦਾ ਦਹਾਕੇਵਾਰ ਵਿਸ਼ਲੇਸ਼ਣ
ਲੰਬੇ ਸਮੇਂ ਦੌਰਾਨ ਕੋਰਾ ਦੇ ਦਿਨਾਂ ਦੀ ਗਿਣਤੀ ਅਤੇ ਕੋਰਾ ਪੈਣ ਦੀ ਤੀਬਰਤਾ ਪਤਾ ਲਗਾਉਣਾ ਲਈ, ਕੋਰੇ ਨੂੰ ਤਿੰਨ ਸ੍ਰੇਣੀਆਂ 0.1–1.0 ° ਡਿਗਰੀ ਸੈਲਸੀਅਸ, 1.1–2.0 ° ਡਿਗਰੀ ਸੈਲਸੀਅਸ ਅਤੇ 2.1–3.0 ° ਡਿਗਰੀ ਸੈਲਸੀਅਸ ਵਿੱਚ ਵੰਡ ਕੇ ਲੁਧਿਆਣਾ ਵਿੱਚ ਕੋਰੇ ਦੇ ਦਿਨ੍ਹਾਂ ਸੰਬੰਧੀ ਦਹਾਕੇਵਾਰ ਵਿਸ਼ਲੇਸ਼ਣ ਕੀਤਾ ਗਿਆ।ਵਿਸ਼ਲੇਸ਼ਣ ਤੋਂ ਸਪਸ਼ਟ ਤੌਰ ‘ਤੇ ਪਤਾ ਚੱਲਿਆ ਕਿ ਪਿਛਲੇ ਦਹਾਕਿਆਂ ਦੌਰਾਨ ਕੋਰਾ ਪੈਣ ਵਾਲੇ ਦਿਨਾਂ ਦੀ ਗਿਣਤੀ ਵਿੱਚ ਇੱਕ ਵੱਡੀ ਗਿਰਾਵਟ ਆਈ ਹੈ।
1970 ਦੇ ਦਹਾਕੇ ਦੌਰਾਨ ਲੁਧਿਆਣਾ ਵਿੱਚ ਸਾਰੀਆਂ ਤਾਪਮਾਨ ਸ਼ੇ੍ਰਣੀਆਂ ਵਿੱਚ ਕੋਰੇ ਦੇ ਦਿਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ, ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਦਹਾਕੇ ਦੌਰਾਨ ਰਾਤਾਂ ਹੁਣ ਦੇ ਮੁਕਾਬਲੇ ਵਧੇਰੇ ਸਰਦ ਸਨ। 2.1–3.0 ° ਡਿਗਰੀ ਸੈਲਸੀਅਸ ਤਾਪਮਾਨ ਵਿੱਚ ਕੋਰਾ ਸਭ ਤੋਂ ਵਧੇਰੇ (68 ਦਿਨ) ਦਿਨ ਪਿਆ ਜਿਸ ਤੋਂ ਪਤਾ ਚੱਲਿਆ ਕਿ ਜਦੋਂ ਠੰਡ ਦਾ ਪੱਧਰ ਦਰਮਿਆਨੇ ਦਰਜੇ ਦਾ ਸੀ, ਉਸ ਵੇਲੇ ਕੋਰਾ ਵਧੇਰੇ ਪਿਆ। ਹਾਲਾਂਕਿ 1980 ਦੇ ਦਹਾਕੇ ਦੌਰਾਨ ਕੋਰਾ ਪੈਣ ਦੇ ਦਿਨਾਂ ਵਿੱਚ ਕੁਝ ਕਮੀ ਆਈ ਪਰ ਇਹ ਦੇਖਿਆ ਗਿਆ ਕਿ ਇਸ ਦਹਾਕੇ ਵਿੱਚ ਵੀ ਕੋਰਾ ਪੈਂਦਾ ਰਿਹਾ ਅਤੇ ਸਾਰੀਆਂ ਤਾਪਮਾਨ ਸ਼੍ਰੇਣੀਆਂ ਵਿੱਚ ਸਰਦੀਆਂ ਦੌਰਾਨ ਠੰਡ ਪੈਣ ਦਾ ਰੁਝਾਨ ਜ਼ਾਰੀ ਰਿਹਾ।
1990 ਦੇ ਦਹਾਕੇ ਦੌਰਾਨ ਇਸ ਰੁਝਾਨ ਵਿੱਚ ਇੱਕ ਵੱਡੀ ਤਬਦਲੀਦੀ ਆਈ ਜਦੋਂ ਸਭ ਤੋਂ ਘੱਟ ਤਾਪਮਾਨ (0.1–1.0 ° ਡਿਗਰੀ ਸੈਲਸੀਅਸ) ਵਿੱਚ ਠੰਡ ਪੈਣ ਦੇ ਦਿਨ ਵਧ ਕੇ ਲਗਭਗ 45 ਹੋ ਗਏ, ਜਦੋਂ ਕਿ 2.1–3.0 ° ਡਿਗਰੀ ਸੈਲਸੀਅਸ ਤਾਪਮਾਨ ਸ਼੍ਰੇਣੀ ਵਿੱਚ ਠੰਡ ਪੈਣ ਦੇ ਦਿਨਾਂ ਦੀ ਗਿਣਤੀ ਵੀ ਘੱਟ ਕੇ ਲਗਭਗ ਇੰਨੀ ਹੀ ਰਹੀ। ਇਹ ਤਬਦੀਲੀ ਰਾਤ ਸਮੇਂ ਘੱਟੋ ਘੱਟ ਤਾਪਮਾਨ ਵਿੱਚ ਆਈ ਵਿਭਿੰਨਤਾ ਨੂੰ ਦਰਸਾਉਂਦੀ ਹੈ ਜਿਸ ਵਿੱਚ ਦਰਮਿਆਨੀ ਪੱਧਰ ਦਾ ਕੋਰਾ ਪੈਂਦਾ ਹੈ ਪਰ ਰਾਤਾਂ ਜ਼ਿਆਦਾ ਠੰਡੀਆਂ ਹੁੰਦੀਆਂ ਹਨ। ਸੰਨ 2000 ਤੋਂ ਬਾਅਦ ਕੋਰੇ ਦੇ ਪੈਣ ਦੀ ਤੀਬਰਤਾ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਸੰਨ 2000-2009 ਦੌਰਾਨ ਕੋਰਾ ਪੈਣ ਦੇ ਦਿਨਾਂ ਵਿੱਚ ਨਿਘਾਰ ਆਇਆ ਅਤੇ ਇਸ ਦੌਰਾਨ ਸਰਦੀਆਂ ਵਿੱਚ 15 ਤੋਂ 39 ਦਿਨ ਹੀ ਕੋਰਾ ਪਿਆ ਅਤੇ ਸੰਨ 2010-2019 ਦੌਰਾਨ ਇਸ ਵਿੱਚ ਹੋਰ ਗਿਰਾਵਟ ਆਈ। ਹਾਲ ਹੀ ਦੇ ਸਮੇਂ ਵਿੱਚ (2020-2024) ਵਿੱਚ ਇਹ ਦੇਖਿਆ ਗਿਆ ਕਿ ਸਰਦੀਆਂ ਵਿੱਚ ਸਿਰਫ 2-10 ਦਿਨਾਂ ਤੱਕ ਹੀ ਕੋਰਾ ਪਿਆ ਜਿਸ ਤੋਂ ਇਹ ਸਪੱਸ਼ਟ ਹੈ ਕਿ ਸਰਦ ਰਾਤਾਂ ਦੀ ਗਿਣਤੀ ਘੱਟ ਰਹੀ ਹੈ। ਇਸ ਲੰਬੇ ਸਮੇਂ ਦੀ ਗਿਰਾਵਟ ਦਾ ਕਾਰਨ ਖੇਤਰੀ ਜਲਵਾਯੂ ਤਪਸ਼, ਸ਼ਹਿਰੀਕਰਨ ਦੇ ਵਿਸਥਾਰ ਅਤੇ ਗਰਮੀ ਦੇ ਪ੍ਰਭਾਵ ਕਾਰਨ ਸਰਦੀਆਂ ਦੇ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਹੋਣਾ ਹੈ ਜਿਸ ਕਾਰਨ ਸਰਦੀਆਂ ਵਿੱਚ ਰਾਤਾਂ ਪਹਿਲਾਂ ਦੇ ਮੁਕਾਬਲੇ ਥੋੜ੍ਹੀਆਂ ਨਿੱਘੀਆਂ ਰਹਿੰਦੀਆਂ ਹਨ।
ਫ਼ਸਲਾਂ ਉੱਪਰ ਕੋਰੇ ਦਾ ਪ੍ਰਭਾਵ
ਤਾਪਮਾਨ ਦੇ 10-12 ° ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਟਣ ਨਾਲ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਫ਼ਸਲਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤਾਪਮਾਨ ਕਿੰਨਾ ਹੇਠਾਂ ਡਿੱਗਦਾ ਹੈ, ਕੋਰਾ ਕਿੰਨੇ ਦਿਨ ਅਤੇ ਕਿੰਨਾ ਪੈਂਦਾ ਹੈ ਅਤੇ ਫ਼ਸਲ ਦੇ ਵਿਕਾਸ ਦੇ ਪੜਾਅ ਸਮੇਂ ਤਾਪਮਾਨ ਵਿੱਚ ਕਿੰਨੀ ਗਿਰਾਵਟ ਆਉਂਦੀ ਹੈ। ਉੱਤਰੀ ਭਾਰਤ ਦੇ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਸਾਉਣੀ ਰੁੱਤ ਦੌਰਾਨ ਵਧੇਰੇ ਕੋਰਾ ਪੈਂਦਾ ਹੈ।
ਕੋਰੇ ਕਾਰਨ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਜਿਵੇਂ ਕਿ ਆਲੂ, ਮਟਰ, ਟਮਾਟਰ ਅਤੇ ਸ਼ਿਮਲਾ ਮਿਰਚਾਂ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ ਜਿਸਨੂੰ ‘ਫ਼ਸਲ ਦਾ ਸਾੜਾ’ ਵੀ ਕਹਿੰਦੇ ਹਨ। ਸ਼ਿਵਾਲਿਕ ਪਹਾੜੀਆਂ ਨਾਲ ਲੱਗਦੇ ਪੰਜਾਬ ਦੇ ਹਿੱਸਿਆਂ ਵਿੱਚ ਦਸੰਬਰ 2022 ਤੋਂ ਜਨਵਰੀ 2023 ਦਰਮਿਆਨ ਸ਼ੀਤ ਲਹਿਰ ਅਤੇ ਕੋਰੇ ਕਾਰਨ ਬਾਗਬਾਨੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਦੌਰਾਨ ਅੰਬ ਦੀ 40 ਤੋਂ 100%, ਲੀਚੀ ਦੀ 50-80% ਫ਼ਸਲ ਨੁਕਸਾਨੀ ਗਈ ਅਤੇ ਫ਼ਲਾਂ ਦਾ ਆਕਾਰ ਛੋਟਾ ਰਹਿ ਗਿਆ। ਇਸ ਤੋਂ ਇਲਾਵਾ ਅਮਰੂਦ, ਬੇਰ ਅਤੇ ਕਿਨੂੰ ਦੇ ਫ਼ਲਾਂ ਦੀ ਗੁਣਵੱਤਾ ਵੀ ਘੱਟ ਗਈ।
ਕੋਰੇ ਤੋਂ ਬਚਾਅ ਦੇ ਢੰਗ
ਗੰਨਾ: ਕੋਰੇ ਕਾਰਨ ਗੰਨੇ ਦੇ ਪੁੰਗਰਨ ਦੀ ਦਰ ਘੱਟ ਜਾਂਦੀ ਹੈ। ਇਸ ਲਈ ਗੰਨੇ ਦੀਆਂ ਉਹਨਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਜਿਹੜੀਆਂ ਕੋਰੇ ਦਾ ਟਾਕਰਾ ਕਰਨ ਦੇ ਸਮਰੱਥ ਹੋਣ ਅਤੇ ਫ਼ਸਲ ਨੂੰ ਕੋਰੇ ਦੀ ਮਾਰ ਤੋਂ ਬਚਾਉਣ ਲਈ ਦਸੰਬਰ ਅਤੇ ਜਨਵਰੀ ਦੌਰਾਨ ਹਲਕਾ ਪਾਣੀ ਦਿੰਦੇ ਰਹੋ। ਢੁੱਕਵੀਂਆਂ ਖਾਦਾਂ, ਸਿੰਚਾਈ ਅਤੇ ਪੌਦਿਆਂ ਦੀ ਸੁਰੱਖਿਆ ਦੇ ਹੋਰ ਉਪਰਾਲੇ ਵਰਤ ਕੇ ਸਿਹਤਮੰਦ ਫ਼ਸਲ ਉਗਾਓ, ਕਿਉਂਕਿ ਕਮਜ਼ੋਰ ਅਤੇ ਛੋਟੀ ਫ਼ਸਲ ਉਪਰ ਕੋਰੇ ਅਤੇ ਠੰਡ ਦਾ ਅਸਰ ਵਧੇਰੇ ਹੁੰਦਾ ਹੈ।
ਫ਼ਸਲ ਨੂੰ ਡਿੱਗਣ ਤੋਂ ਬਚਾਓੁ: ਜਿਹੜੀਆਂ ਫ਼ਸਲਾਂ ਡਿੱਗ ਜਾਂਦੀਆਂ ਹਨ ਉਹਨਾਂ ਉਪਰ ਕੋਰੇ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਇਸ ਲਈ ਫ਼ਸਲ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਹੈ।
ਬਰਸੀਮ: ਬਹੁਤ ਜ਼ਿਆਦਾ ਠੰਡ ਅਤੇ ਕੋਰੇ ਵਾਲੇ ਦਿਨਾਂ ਵਿੱਚ ਬਰਸੀਮ ਦਾ ਵਾਧਾ ਰੁੱਕ ਜਾਂਦਾ ਹੈ।
ਰਾਇਆ: ਰਾਇਆ ਵਿੱਚ ਜੇਕਰ ਲੋੜ ਹੋਵੇ, ਤਾਂ ਫ਼ੁੱਲ ਆਉਣ ‘ਤੇ ਦੂਜੀ ਸਿੰਚਾਈ ਦਿੱਤੀ ਜਾ ਸਕਦੀ ਹੈ। ਜੇਕਰ ਫ਼ਸਲ ਨੂੰ ਕੋਰੇ ਦੇ ਨੁਕਸਾਨ ਦਾ ਖਤਰਾ ਹੈ, ਤਾਂ ਦੂਜਾ ਪਾਣੀ ਸਮੇਂ ਤੋਂ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ।
ਅੰਬ: ਅੰਬ ਦੇ ਬੂਟਿਆਂ ਨੂੰ ਠੰਡ ਦੌਰਾਨ ਕੋਰੇ ਤੋਂ ਬਚਾਉਣ ਲਈ ਸਰਕੰਡੇ ਦਾ ਆਸਰਾ ਕਰਨਾ ਚਾਹੀਦਾ ਹੈ।
ਲੀਚੀ: ਲੀਚੀ ਦੇ ਵਧ ਰਹੇ ਬੂਟਿਆਂ ਨੂੰ 4-5 ਸਾਲ ਤੱਕ ਕੋਰੇ ਦੇ ਪ੍ਰਕੋਪ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਕੋਰੇ ਤੋਂ ਬਚਾਉਣ ਲਈ ਬੂਟਿਆਂ ਨੂੰ ਸਰਕੰਡੇ ਨਾਲ ਢੱਕ ਕੇ ਰੱਖੋ। ਲੀਚੀ ਦੇ ਬੂਟਿਆਂ ਦੇ ਆਲੇ-ਦੁਆਲੇ ਢੈਂਚੇ ਦੀ ਕਾਸ਼ਤ ਕਰਨ ਨਾਲ ਇਹਨਾਂ ਬੂਟਿਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
ਕੇਲਾ: ਜਿਹਨਾਂ ਦਿਨ੍ਹਾਂ ਵਿੱਚ ਕੋਰਾ ਪੈਂਦਾ ਹੈ, ਉਹਨਾਂ ਦਿਨਾਂ ਵਿੱਚ ਕੇਲੇ ਦੇ ਬੂਟਿਆਂ ਨੂੰ ਥੋੜ੍ਹਾ-ਥੋੜ੍ਹਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਨੂੰ ਬੂਟੇ ਕੋਰੇ ਤੋਂ ਹੋਣ ਵਾਲੇ ਨੁਕਸਾਨ ਤੋਂ ਬਚੇ ਰਹਿਣ। ਇਸ ਤੋਂ ਇਲਾਵਾ ਧੂੰਆਂ ਕਰਕੇ ਵੀ ਕੇਲੇ ਦੇ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕਦਾ ਹੈ।
ਪਪੀਤਾ: ਪਪੀਤੇ ਦਾ ਬੂਟਾ ਕੋਰੇ ਅਤੇ ਠੰਡੇ ਹਲਾਤਾਂ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਪਪੀਤੇ ਦੀ ਕਾਸ਼ਤ ਚੰਗੀ ਜਲ ਨਿਕਾਸ ਵਾਲੀ ਮਿੱਟੀ ਅਤੇ ਉਸ ਖੇਤਰ ਵਿੱਚ ਕਰਨੀ ਚਾਹੀਦੀ ਹੈ ਜਿੱਥੇ ਕੋਰਾ ਨਾ ਪੈਂਦਾ ਹੋਵੇ। ਕੋਰੇ ਤੋਂ ਬਚਾਉਣ ਲਈ ਨਵੰਬਰ ਤੋਂ ਫ਼ਰਵਰੀ ਦੇ ਮਹੀਨਿਆਂ ਦੌਰਾਨ ਪਪੀਤੇ ਦੇ ਵਧ ਰਹੇ ਬੂਟਿਆਂ ਨੂੰ ਪਲਾਸਟਿਕ ਦੀਆਂ ਸ਼ੀਟਾਂ, ਸਰਕੰਡੇ ਜਾਂ ਪਰਾਲੀ ਆਦਿ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ।
ਸਰਦੀਆਂ ਦੇ ਫਲ/ ਸਬਜ਼ੀਆਂ ਜਿਵੇਂ ਕਿ ਤਰਬੂਜ਼, ਕਰੇਲਾ, ਘੀਆ ਤੋਰੀ, ਪੇਠਾ, ਖੀਰਾ, ਟਮਾਟਰ, ਬੈਂਗਣ, ਮਿਰਚਾਂ, ਮਟਰ, ਆਲੂ ਆਦਿ ਤੇ ਵੀ ਠੰਡ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ।ਇਸ ਲਈ ਕੋਰੇ ਤੋਂ ਬਚਾਉਣ ਲਈ ਇਹਨਾਂ ਨੂੰ ਸਮੇਂ-ਸਮੇਂ ‘ਤੇ ਅਤੇ ਖਾਸ ਤੌਰ ‘ਤੇ ਛੰਗਾਈ ਮਗਰੋਂ ਥੋੜ੍ਹਾ-ਥੋੜ੍ਹਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਸਿੰਚਾਈ ਤੋਂ ਪਹਿਲਾਂ ਮਿੱਟੀ ਪਰਖ ਦੇ ਅਧਾਰ ‘ਤੇ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਕਰਕੇ ਨਵੇਂ ਬੂਟਿਆਂ ਦੇ ਵਾਧੇ ਨੂੰ ਵਧਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਬੂਟਿਆਂ ਨੂੰ ਸਰਕੰਡੇ, ਪਲਾਸਟਿਕ ਦੀਆਂ ਸ਼ੀਟਾਂ ਆਦਿ ਨਾਲ ਢੱਕ ਕੇ ਕੋਰੇ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ। ਕੋਰੇ ਵਾਲੀਆਂ ਰਾਤਾਂ ਦੌਰਾਨ ਬੂਟਿਆਂ ਨੂੰ ਗਿੱਲਾ ਨਹੀਂ ਕਰਨਾ ਚਾਹੀਦਾ। ਅਗਰ ਜ਼ਰੂਰਤ ਪਵੇ ਤਾਂ ਸਪਰਿੰਕਲਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੋਰੇ ਕਾਰਨ ਫ਼ਸਲਾਂ ਦੇ ਹੋਣ ਵਾਲੇ ਬਹੁਤ ਵਧੇਰੇ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਵਧਾਨੀਆਂ ਵਰਤਣੀਆ ਚਾਹੀਦੀਆਂ ਹਨ ਤਾਂ ਜੋ ਫ਼ਸਲਾਂ ਨੂੰ ਕੋਰੇ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਕੋਰੇ ਕਾਰਨ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਇਆ ਜਾ ਸਕੇ।
ਨਤੀਜਿਆਂ ਇਹ ਦਰਸਾਉਂਦੇ ਹਨ ਕਿ ਉੱਤਰ-ਪੱਛਮੀ ਖੇਤਰ ਵਿੱਚ ਠੰਡ ਦੇ ਦਿਨਾਂ ਵਿੱਚ ਕਮੀ ਆਈ ਹੈ ਜਿਸ ਕਾਰਨ ਲੁਧਿਆਣਾ ਵਿੱਚ ਹੋਣ ਵਾਲੇ ਖੇਤਰੀ ਜਲਵਾਯੂ ਪਰਿਵਰਤਨ ਦਾ ਪਤਾ ਚੱਲਦਾ ਹੈ। ਮੌਸਮ ਦੀਆਂ ਮਾਰੂ ਘਟਨਾਵਾਂ ਕਾਰਨ ਇਸਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ।
ਇਸ ਲਈ, ਸਰਗਰਮ ਅਤੇ ਅਨੁਕੂਲਿਤ ਸੁਰੱਖਿਆ ਉਪਾਅ ਕਰਨੇ ਚਾਹੀਦੇ ਹਨ।ਕੋਰੇ ਕਾਰਨ ਫ਼ਸਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ, ਮਾੜੇ ਮੌਸਮ ਕਾਰਨ ਖੇਤੀ ਅਰਥਚਾਰੇ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕੋਰੇ ਦੇ ਪੈਣ ਦੇ ਸਮੇਂ ਬਾਰੇ ਪਹਿਲਾਂ ਤੋਂ ਅਨੁਮਾਨ ਲਗਾਉਣਾ ਅਤੇ ਇਸ ਨਾਲ ਨਜਿੱਠਣ ਲਈ ਸਥਾਨਕ ਪੱਧਰ ਤੇ ਰਣਨੀਤੀ ਤਿਆਰ ਕਰਨਾ ਬਹੁਤ ਹੀ ਲਾਜ਼ਮੀ ਹੈ।
ਸਰੋਤ: ਹਰਲੀਨ ਕੌਰ ਅਤੇ ਕੁਲਵਿੰਦਰ ਕੌਰ ਗਿੱਲ, ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ
Summary in English: Protect Rabi crops from the harmful effects of frost and fog