Paddy: ਪੰਜਾਬ ਵਿੱਚ ਸਾਉਣੀ ਦੀਆਂ ਫਸਲਾਂ ਵਿੱਚੋਂ ਝੋਨੇ ਅਤੇ ਬਾਸਮਤੀ ਦਾ ਮਹੱਤਵਪੂਰਨ ਸਥਾਨ ਹੈ। ਸਾਲ 2021-22 ਦੌਰਾਨ ਇਸ ਹੇਠ ਕੁੱਲ ਰਕਬਾ 31.45 ਲੱਖ ਹੈਕਟੇਅਰ ਸੀ, ਜਿਸ ਤੋਂ 189.18 ਲੱਖ ਟਨ ਚੌਲਾਂ ਦੀ ਪੈਦਾਵਾਰ ਹੋਈ ਅਤੇ ਔਸਤ ਝਾੜ 64.78 ਕੁਇੰਟਲ ਪ੍ਰਤੀ ਏਕੜ ਰਿਹਾ। ਇਨ੍ਹਾਂ ਫਸਲਾਂ ਦਾ ਝਾੜ ਘਟਾਉਣ ਵਾਲੇ ਮੁੱਖ ਕਾਰਨਾਂ ਵੱਲ ਧਿਆਨ ਦਿੰਦੇ ਹੋਏ ਯੋਗ ਕੀਟ ਪ੍ਰਬੰਧਨ ਕਰਨ ਨਾਲ ਇਸ ਝਾੜ ਨੂੰ ਹੋਰ ਵਧਾਇਆ ਜਾ ਸਕਦਾ ਹੈ।
ਝੋਨੇ ਅਤੇ ਬਾਸਮਤੀ ਦਾ ਝਾੜ ਘਟਾਉਣ ਵਾਲੇ ਕਾਰਨਾਂ ਵਿੱਚੋਂ ਹਾਨੀਕਾਰਕ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨ ਮੁੱਖ ਹਨ। ਪੰਜਾਬ ਵਿੱਚ ਇੱਕ ਦਰਜ਼ਨ ਦੇ ਕਰੀਬ ਹਾਨੀਕਾਰਕ ਕੀੜੇ ਇਨ੍ਹਾਂ ਫਸਲਾਂ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਕੀੜਿਆਂ ਦੇ ਹਮਲੇ ਨੂੰ ਘੱਟ ਕਰਨ ਦੇ ਉਪਰਾਲੇ ਕਿਸਾਨਾਂ ਵੱਲੋਂ ਅਕਸਰ ਕੀੜਿਆਂ ਦਾ ਹਮਲਾ ਹੋਣ ਤੇ ਹੀ ਸ਼ੂਰੂ ਕੀਤੇ ਜਾਂਦੇ ਹਨ। ਪਰ ਰੋਕਥਾਮ ਦਾ ਸਿਧਾਂਤ ਹਾਨੀਕਾਰਕ ਕੀੜਿਆਂ ਦਾ ਸੌ ਫ਼ੀਸਦੀ ਖਾਤਮਾ ਕਰਨਾ ਨਹੀਂ, ਬਲਕਿ ਇਨ੍ਹਾਂ ਦੀ ਸੰਖਿਆ ਜਾਂ ਹਮਲੇ ਨੂੰ ਆਰਥਿਕ ਨੁਕਸਾਨ ਕਰਨ ਦੀ ਮਿੱਥੀ ਹੱਦ (ਆਰਥਿਕ ਕਗਾਰ/ਇਕਨੋਮਿਕ ਥਰੈਸ਼ਹੋਲਡ ਲੈਵਲ) ਤੋਂ ਹੇਠਾਂ ਰੱਖਣਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ:
1. ਤਣੇ ਦੇ ਗੜੂੰਏਂ
ਇਨ੍ਹਾਂ ਨੂੰ ਗੋਭ ਦੀਆਂ ਸੁੰਡੀਆਂ ਵੀ ਆਖਦੇ ਹਨ ਅਤੇ ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਦੀਆਂ ਤਿੰਨੇ ਕਿਸਮਾਂ ਅਰਥਾਤ ਪੀਲੀ, ਚਿੱਟੀ ਅਤੇ ਗੁਲਾਬੀ ਸੁੰਡੀਆਂ, ਫ਼ਸਲ ਦਾ ਇੱਕੋ ਜਿਹਾ ਨੁਕਸਾਨ ਕਰਦੀਆਂ ਹਨ। ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਤੋਂ ਪਹਿਲਾਂ ਜਦੋਂ ਕਿ ਗੁਲਾਬੀ ਸੁੰਡੀਆਂ ਮੁੰਜਰਾਂ ਪੈਣ ਸਮੇਂ ਅਤੇੇ ਬਾਅਦ ਵਿੱਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ।
ਪੀਲੀਆਂ ਸੁੰਡੀਆਂ ਦੇ ਪਤੰਗਿਆਂ ਦੇ ਅਗਲੇ ਖੰਭ ਪੀਲੇੇ ਹੁੰਦੇ ਹਨ ਅਤੇ ਇਨ੍ਹਾਂ ਉੱਤੇ ਇੱਕ ਕਾਲਾ ਨਿਸ਼ਾਨ ਵੀ ਹੁੰਦਾ ਹੈ। ਸਰੀਰ ਦੇ ਆਖਰੀ ਭਾਗਾਂ ਤੇ ਭੂਰੇ-ਪੀਲੇ ਰੰਗ ਦੇ ਰੇਸ਼ਮੀ ਵਾਲ (ਪੂਛ ਜਿਹੀ ਦੀ ਸ਼ਕਲ ‘ਚ) ਹੁੰਦੇ ਹਨ। ਚਿੱਟੀਆਂ ਸੁੰਡੀਆਂ ਦੇ ਪਤੰਗਿਆਂ ਦੇ ਖੰਭ ਚਿੱਟੇ ਅਤੇ ਚਮਕੀਲੇ ਹੁੰਦੇ ਹਨ। ਪਰ ਗੁਲਾਬੀ ਸੁੰਡੀਆਂ ਦੇ ਪਤੰਗਿਆਂ ਦਾ ਰੰਗ ਭੂਰਾ ਹੁੰਦਾ ਹੈ।
ਤਣੇ ਦੇ ਗੜੂੰਏਂ ਦੀਆਂ ਸਾਰੀਆਂ ਸੁੰਡੀਆਂ ਦੇ ਨੁਕਸਾਨ ਕਰਨ ਦਾ ਢੰਗ ਇਕੋ ਜਿਹਾ ਹੈ। ਸੁੰਡੀ ਤਣੇ ਅੰਦਰ ਦਾਖਲ ਹੋ ਕੇ ਇਸਦੀ ਗੋਭ ਨੂੰ ਹੇਠੋਂ ਕੱਟ ਦਿੰਦੀ ਹੈ। ਜਿਸ ਦੇ ਨਾਲ ਬੂਟਿਆਂ ਦੀਆਂ ਗੋਭਾ ਸੁੱਕ ਜਾਂਦੀਆ ਹਨ। ਇੰਨਾਂ ਸੁੱਕੀਆ ਗੋਭਾਂ ਨੂੰ ਅੰਗਰੇਜ਼ੀ ਵਿੱਚ ‘ਡੈਡ ਹਰਟਸ’ ਆਖਦੇ ਹਨ (ਫੋਟੋ 1)। ਜੇਕਰ ਸੁੰਡੀਆਂ ਦਾ ਹਮਲਾ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਨ੍ਹਾਂ ਵਿੱਚ ਦਾਣੇ ਨਹੀਂ ਬਣਦੇ ਅਤੇੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ।
ਅਜਿਹੀਆਂ ਦਾਣਿਆਂ ਤੋਂ ਸਖ਼ਣੀਆਂ ‘ਚਿੱਟੀਆਂ ਮੁੰਜਰਾਂ’ ਖੇਤ ਵਿੱਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ (ਫੋਟੋ 2)। ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿੱਚੋਂ ਖਿੱਚੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਰੋਗ ਮੁਕਤ ਫ਼ਸਲ ਦੀ ਬੁਨਿਆਦ ਝੋਨੇ-ਬਾਸਮਤੀ ਦੀ ਤੰਦਰੁਸਤ ਪਨੀਰੀ
ਰੋਕਥਾਮ:
● ਸਮੇਂ ਸਿਰ ਬਿਜਾਈ: ਸਿਫ਼ਾਰਿਸ਼ ਕੀਤੇ ਸਮੇਂ ਅਨੁਸਾਰ ਹੀ ਝੋਨੇ ਦੀ ਬਿਜਾਈ ਕਰੋ। ਇਸ ਨਾਲ ਪੀਲੀਆਂ ਅਤੇ ਚਿੱਟੀਆਂ ਸੁੰਡੀ ਨੂੰ ਵੱਧਣ ਫੁੱਲਣ ਲਈ ਘੱਟ ਸਮਾਂ ਮਿਲੇਗਾ ਅਤੇ ਇਨ੍ਹਾਂ ਦੀ ਗਿਣਤੀ ਨਹੀਂ ਵਧੇਗੀ।
● ਰੋਕਥਾਮ ਦੇ ਆਮ ਢੰਗ: ਇਹ ਆਮ ਤੌਰ ਤੇ ਆਪਣੇ ਆਂਡੇ ਪੱਤਿਆਂ ਦੇ ਸਿਰਿਆਂ ਉੱਤੇ ਦਿੰਦੇ ਹਨ। ਇਸ ਲਈ ਪਨੀਰੀ ਨੂੰ ਖੇਤਾਂ ਵਿਚ ਲਾਉਣ ਸਮੇਂ ਪੌਦ ਦੇ ਪੱਤਿਆ ਦੇ ਸਿਰਿਆਂ ਨੂੰ ਕੱਟ ਦਿਓ ਤਾਂ ਕਿ ਅੰਡਿਆ ਦਾ ਨਾਸ਼ ਹੋ ਜਾਵੇ ਅਤੇ ਗੜੂੰਏਂ ਦੀ ਗਿਣਤੀ ਖੜੀ ਫਸਲ ਤੇ ਘੱਟ ਜਾਵੇ।
● ਰਸਾਇਣਕ ਰੋਕਥਾਮ: ਖੇਤ ਵਿੱਚ ਖੜ੍ਹੀ ਫ਼ਸਲ ਦਾ ਇਨ੍ਹਾਂ ਸੁੰਡੀਆਂ ਦੇ ਹਮਲੇ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉੋਂ ਹੀ ਗੈਰ-ਬਾਸਮਤੀ ਝੋਨੇ ਵਿੱਚ 5 ਫ਼ੀ ਸਦੀ ਜਾਂ ਵਧੇਰੇ ਸੁੱਕੀਆਂ ਗੋਭਾਂ (ਆਰਥਿਕ ਕਗਾਰ ਪੱਧਰ) ਅਤੇ ਬਾਸਮਤੀ ਝੋਨੇ ਵਿੱਚ 2 ਫ਼ੀ ਸਦੀ ਜਾਂ ਵਧੇਰੇ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਸਾਰਣੀ ਨੰ. 1 ’ਚ ਦਿੱਤੇ ਅਨੁਸਾਰ ਕਰੋ।
2. ਪੱਤਾ ਲਪੇਟ ਸੁੰਡੀ
ਇਸ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ। ਇਸ ਦੇ ਪਤੰਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਅਗਲੇ ਖੰਭਾਂ ਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਖੇਤ ਵਿੱਚ ਚੱਲਣ ਨਾਲ ਬੂਟੇ ਹਿੱਲਣ ਤੇ ਇਹ ਪਤੰਗੇ ਤੇਜ਼ੀ ਨਾਲ ਉੱਡ-ਉੱਡ ਕੇ ਲਾਗਲੇ ਬੂਟਿਆਂ ਤੇ ਬੈਠਦੇ ਰਹਿੰਦੇ ਹਨ। ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੋ-ਦੋ ਕਰਕੇ ਅੰਡੇ ਦਿੰਦੇ ਹਨ।
ਇਨ੍ਹਾਂ ਚੋਂ ਨਿੱਕਲੀਆਂ ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਹੀ ਖਾਂਦੀਆਂ ਹਨ ਪਰ ਵੱਡੀਆ ਹੋਣ ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ-ਰੁਖ਼ ਲਪੇਟ ਲੈਦੀਆਂ ਹਨ ਅਤੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੇ ਬੂਟਿਆਂ ਦੇ ਪੱਤਿਆਂ ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਉਹ ਜਾਲੀਦਾਰ ਲੱਗਣ ਲੱਗ ਜਾਂਦੇ ਹਨ (ਫੋਟੋ 3)।
ਇਹ ਵੀ ਪੜ੍ਹੋ : ਆਲੂ ਦੀ ਫ਼ਸਲ `ਚ Early Blight ਰੋਗ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
ਰੋਕਥਾਮ:
● ਰੋਕਥਾਮ ਦੇ ਆਮ ਢੰਗ: ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਓ ਅਤੇ ਫਿਰ ਉਨ੍ਹੀ ਪੈਰੀ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
● ਖਾਦਾਂ ਦੀ ਸੁਚਜੀ ਵਰਤੋਂ: ਨਾਈਟਰੋਜਨ ਤੱਤ ਵਾਲੀਆਂ ਖਾਦਾਂ ਵੱਧ ਪਾਉਣ ਨਾਲ ਇਸ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ।
● ਰਸਾਇਣਕ ਰੋਕਥਾਮ: ਖੇਤ ਵਿੱਚ ਖੜ੍ਹੀ ਫ਼ਸਲ ਤੇ ਕੀੜੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਫ਼ੀ ਸਦੀ ਜਾਂ ਇਸ ਤੋਂ ਵੱਧ ਹੋਵੇ ਤਾਂ ਸਾਰਣੀ ਨੰ. 1 ਵਿੱਚ ਦਰਸਾਈ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
3. ਬੂਟਿਆਂ ਦੇ ਟਿੱਡੇ
ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਬੱਚੇ ਅਤੇ ਬਾਲਗ ਟਿੱਡੇ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ। ਹਮਲੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਿਰਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ।
ਹਮਲੇ ਵਾਲੇ ਬੂਟੇ ਸੁੱਕਣ ਕਾਰਨ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲਾ ਵੱਧਣ ਨਾਲ ਇਨ੍ਹਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਅਕਾਰ (ਫੋਟੋ 4) ਵੀ ਵੱਧਦੇ ਰਹਿੰਦੇ ਹਨ ਅਤੇ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।
ਇਹ ਵੀ ਪੜ੍ਹੋ : Bt Cotton ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ
ਰੋਕਥਾਮ:
● ਖਾਦਾਂ ਦੀ ਸਹੀ ਵਰਤੋਂ: ਵੱਧ ਨਾਈਟਰੋਜਨ ਖਾਦ ਪਾਉਣ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ।
● ਖੜ੍ਹੀ ਫ਼ਸਲ ਨੂੰ ਪਾਣੀ ਦੇਣ ਵਾਸਤੇ ਵਿਉਂਤਬੰਦੀ: ਪਨੀਰੀ ਲਾਉਣ ਪਿੱਛੋਂ 2 ਹਫਤੇ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ। ਇਸ ਪਿੱਛੋਂ ਪਾਣੀ ਉਸ ਵੇਲੇ ਦਿਓ ਜਦੋਂ ਖੇਤ ਵਿੱਚੋਂ ਪਾਣੀ ਜ਼ਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ। ਅਜਿਹਾ ਕਰਨ ਨਾਲ ਨਾ ਕੇਵਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ ਸਗੋਂ ਪਾਣੀ ਦੀ ਵੀ ਬੱਚਤ ਹੁੰਦੀ ਹੈ।
● ਰਸਾਇਣਕ ਰੋਕਥਾਮ: ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਹਫ਼ਤੇ-ਹਫ਼ਤੇ ਬਾਅਦ ਕੁਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜੋ/ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ ਸਾਰਣੀ ਨੰ. 1 ਵਿੱਚ ਦਰਸਾਈ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
ਚਿਤਾਵਨੀਆਂ:
● ਛਿੜਕਾਅ ਕਰਨ ਵੇਲੇ ਪੰਪ ਦੇ ਫ਼ੁਹਾਰੇ ਦਾ ਰੁਖ਼ ਬੂਟਿਆਂ ਦੇ ਮੁੱਢਾਂ ਵੱਲ ਰੱਖੋ੍ਹ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ ਤੇ ਜ਼ਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ।
● ਜੇ ਕੀੜੇ ਦਾ ਹਮਲਾ ਦੌਗੀਆਂ/ ਧੌੜੀਆਂ ਵਿੱਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਦੌਗੀਆਂ/ ਧੌੜੀਆਂ ਉੱਪਰ ਅਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਆਉਂਦੇ ਤੰਦਰੁਸਤ ਬੂਟਿਆਂ ਤੇ ਹੀ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ਤੇ ਹੀ ਹੁੁੰਦੀ ਹੈ।
● ਜਦੋਂ ਟਿੱਡਿਆਂ ਦੀ ਗਿਣਤੀ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ (ਆਰਥਿਕ ਕਗਾਰ) ਹੋਵੇ ਤਾਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਇਨ੍ਹਾਂ ਦੀ ਰੋਕਥਾਮ ਕਰੋ ਨਹੀਂ ਤਾਂ ਇਨ੍ਹਾਂ ਦੀ ਗਿਣਤੀ ਤੇ ਹਮਲਾ ਵੱਧਦਾ ਰਹਿੰਦਾ ਹੈੈ ਅਤੇ ਫ਼ਸਲ ਵੱਡੀ ਹੋਣ ਤੇ ਛਿੜਕਾਅ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ : PAU Experts ਵੱਲੋਂ ਮੱਕੀ 'ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ Recommendations
4. ਝੋਨੇ ਦਾ ਹਿਸਪਾ
ਇਸ ਕੀੜੇ ਦਾ ਹਮਲਾ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਿਲ੍ਹਆਂ ਵਿਖੇ ਕੁੱਝ ਥਾਵਾਂ ਤੋਂ ਦੇਖਿਆ ਗਿਆ ਹੈ। ਬਾਲਗ ਅਵੱਸਥਾ ਵਿੱਚ ਇਹ ਕੀੜਾ ਇਕ ਕਾਲੇ-ਹਰੇ ਰੰਗ ਦੀ ਚਮਕਦਾਰ, ਲਗਭਗ 5-6 ਮਿਲੀਮੀਟਰ ਲੰਬੀ ਭੂੰਡੀ ਹੁੰਦਾ ਹੈ। ਇਸ ਦੇ ਸਰੀਰ ਉੱਪਰ ਛੋਟੇ-ਛੋਟੇ ਕੰਡੇ ਹੋਣ ਕਰਕੇ ਇਸ ਨੂੰ ‘ਕੰਡਿਆਲੀ-ਭੂੰਡੀ’ ਵੀ ਕਹਿੰਦੇ ਹਨ (ਫੋਟੋ 5)। ਇਸ ਕੀੜੇ ਦੇ ਬਾਲਗ (ਭੂੰਡੀਆਂ) ਅਤੇ ਬੱਚੇ (ਲਤਾਂ ਰਹਿਤ ਸੁੰਡੀਆਂ) ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਲੱਤਾਂ ਰਹਿਤ ਸੁੰਡੀਆਂ ਪੱਤਿਆਂ ਵਿੱਚ ਸੁਰੰਗ਼ਾਂ ਬਣਾ ਕੇ ਅੰਦਰੋ-ਅੰਦਰ ਹਰਾ ਮਾਦਾ ਖਾਂਦੀਆਂ ਹਨ ਪਰ ਭੂੰਡੀਆਂ ਬਾਹਰ ਰਹਿ ਕੇ ਪੱਤਿਆਂ ਨੂੰ ਹੇਠਲੇ ਪਾਸੇ ਤੋਂ ਖ਼ੁਰਚ-ਖ਼ੁਰਚ ਕੇ ਹਰਾ ਮਾਦਾ ਖਾਂਦੀਆਂ ਹਨ।ਹਮਲੇ ਵਾਲੇ ਪੱਤਿਆਂ ਉੱਪਰ ਚਿੱਟੇ ਰੰਗ ਦੀਆਂ ਇਕ ਸਾਰ ਧਾਰੀਆਂ ਪੈ ਜਾਂਦੀਆਂ ਹਨ ਅਤੇ ਖੇਤ ਦੂਰੋਂ ਹੀ ਚਿੱਟਾ ਦਿਖਾਈ ਦਿੰਦਾ ਹੈ।
ਰੋਕਥਾਮ ਦੇ ਆਮ ਢੰਗ:
● ਪੱਤੇ ਲਾਪਰਨਾ: ਜੇ ਹਮਲਾ ਪਨੀਰੀ ਤੇ ਹੋਵੇ ਤਾਂ ਖੇਤ ਵਿੱਚ ਲਾਉਣ ਤੋਂ ਪਹਿਲਾਂ ਪਨੀਰੀ ਦੇ ਹਮਲੇ ਵਾਲੇ ਬੂਟਿਆਂ ਦੇ ਪੱਤੇ (ਤਕਰੀਬਨ ਬੂਟੇ ਦਾ ਉੱਪਰਲਾ 1/3 ਹਿੱਸੇ) ਕੱਟ ਕੇ ਨਸ਼ਟ ਕਰ ਦਿਉ।
● ਰਸਾਇਣਕ ਰੋਕਥਾਮ: ਜੇਕਰ ਹਮਲਾ ਖੇਤ ਵਿੱਚ ਖੜ੍ਹੀ ਫ਼ਸਲ ਤੇ ਜਾਪੇ ਤਾਂ ਸਾਰਣੀ ਨੰ. 1 ਵਿੱਚ ਦਰਸਾਈ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
5. ਸਿੱਟੇ ਕੁੱਤਰਨ ਵਾਲੀ ਸੁੰਡੀ
ਇਹ ਸੁੰਡੀ ਸਤੰਬਰ ਤੋਂ ਨਵੰਬਰ ਤੱਕ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ। ਇਸ ਕੀੜੇ ਦੀਆਂ ਸੁੰਡੀਆਂ ਪੱਤਿਆਂ ਨੂੰ ਕਿਨਾਰਿਆਂ ਤੋਂ ਖਾਣਾ ਸ਼ੁਰੂ ਕਰਦੀਆਂ ਹਨ ਅਤੇ ਪਿੱਛੇ ਸਿਰਫ਼ ਪੱਤਿਆਂ ਵਿੱਚਕਾਰਲੀਆਂ ਨਾੜ੍ਹਾਂ ਬਾਕੀ ਛੱਡਦੀਆਂ ਹਨ। ਵੱਡੀਆਂ ਸੁੰਡੀਆਂ ਮੁੰਜਰਾਂ ਦੀਆਂ ਡੰਡੀਆਂ ਕੱਟ ਦੇਂਦੀਆਂ ਹਨ ਜਿਸ ਕਰਕੇ ਇਸ ਕੀੜੇ ਨੂੰ ‘ਸਿੱਟੇ ਕੁੱਤਰਨ ਵਾਲੀ ਸੁੰਡੀ’ ਵੀ ਕਿਹਾ ਜਾਂਦਾ ਹੈ। ਛੋਟੀਆਂ ਸੁੰਡੀਆਂ ਝੁੰਡਾਂ ਦੇ ਰੂਪ ਵਿੱਚ ਹੁੰਦੀਆਂ ਹਨ ਜਿਸ ਕਰਕੇ ਇਸ ਕੀੜੇ ਨੂੰ ‘ਸੈਨਿਕ ਸੁੰਡੀ ’ ਵੀ ਕਿਹਾ ਜਾਂਦਾ ਹੈ।
6. ਘਾਹ ਦੇ ਟਿੱਡੇ
ਇਹ ਟਿੱਡੇ ਝੋਨੇ ਦੀ ਪਨੀਰੀ ਅਤੇ ਫ਼ਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ।
ਰੋਕਥਾਮ:
ਇਨ੍ਹਾਂ ਦੀ ਰੋਕਥਾਮ ਲਈ ਬੂਟਿਆਂ ਦੇ ਟਿੱਡਿਆਂ ਲਈ ਸਿਫ਼ਾਰਸ਼ ਕੀਟਨਾਸ਼ਕ ਹੀ ਵਰਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ, ਕਿਸਾਨਾਂ ਲਈ ਹੋਣਗੀਆਂ ਲਾਹੇਵੰਦ
ਸਾਰਣੀ ਨੰ. 1. ਝੋਨੇ ਅਤੇ ਬਾਸਮਤੀ ਦੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਵਾਸਤੇ ਸਿਫ਼ਾਰਸ਼ ਕੀਟਨਾਸ਼ਕ
ਹਾਨੀਕਾਰਕ ਕੀੜਾ |
ਕੀਟਨਾਸ਼ਕ |
ਮਾਤਰਾ ਪ੍ਰਤੀ ਏਕੜ |
|
ਜ਼ਹਿਰ |
ਮਾਰਕਾ |
||
ਤਣੇ ਦੇ ਗੜੂੰਏਂ ਅਤੇ ਪੱਤਾ ਲਪੇਟ ਸੁੰਡੀ |
ਅਜ਼ੈਡੀਰੈਕਟਿਨ 5% |
ਇਕੋਟਿਨ |
80 ਮਿਲੀਲਿਟਰ |
*ਕਲੋਰਐਂਟਰਾਨਿਲੀਪਰੋਲ |
ਕੋਰਾਜਨ 20 ਐਸ ਸੀ |
60 ਮਿਲੀਲਿਟਰ |
|
*ਫਲੂਬੈਂਡਾਮਾਈਡ |
ਫੇਮ 480 ਐਸ ਸੀ |
20 ਮਿਲੀਲਿਟਰ |
|
*ਫਲੂਬੈਂਡਾਮਾਈਡ |
ਟਾਕੂਮੀ 20 ਡਬਲਯੂ ਜੀ |
50 ਗ੍ਰਾਮ |
|
ਕਾਰਟਾਪ ਹਾਈਡਰੋ ਕਲੋਰਾਈਡ |
ਮੌਰਟਰ 75 ਐਸ ਜੀ |
170 ਗ੍ਰਾਮ |
|
ਕਲੋਰਪਾਈਰੀਫਾਸ
|
ਕੋਰੋਬਾਨ/ ਡਰਸਬਾਨ/ ਲੀਥਲ/ ਕਲੋਰਗਾਰਡ/ ਡਰਮਟ/ ਕਲਾਸਿਕ/ ਫੋਰਸ 20 ਈ ਸੀ |
1 ਲਿਟਰ |
|
ਅਜ਼ੈਡੀਰੈਕਟਿਨ 0.15%** |
ਅਚੂਕ |
1 ਲਿਟਰ |
|
ਫਿਪਰੋਨਿਲ** |
ਫਿਪਰੋਨਿਲ 80% ਡਬਲਯੂ ਜੀ |
15 ਗ੍ਰਾਮ |
|
ਕਲੋਰਐਂਟਰਾਨਿਲੀਪਰੋਲ ** |
ਫਰਟੇਰਾ/ਮਾਰਕਟੇਰਾ 0.4 ਜੀ ਆਰ |
4 ਕਿਲੋ |
|
ਥਿਓਸਾਈਕਲੇਮ ਹਾਈਡ੍ਰੋਜ਼ਨ ਆਕਸਾਲੇਟ** |
ਵਾਈਬਰੇਂਟ 4 ਜੀ ਆਰ |
4 ਕਿੱਲੋ |
|
ਕਾਰਟਾਪ ਹਾਈਡਰੋਕਲੋਰਾਈਡ** |
ਪਡਾਨ/ ਕੈਲਡਾਨ/ ਕਰੀਟਾਪ/ ਸੈਨਵੈੱਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਕਾਤਸੂ 4 ਜੀ |
10 ਕਿਲੋ |
|
ਫਿਪਰੋਨਿਲ** |
ਰੀਜੈਂਟ/ ਮੋਰਟੈਲ/ ਮਿਫਪਰੋ-ਜੀ/ ਮਹਾਂਵੀਰ ਜੀ ਆਰ/ ਸ਼ਿਨਜ਼ੇਨ 0.3 ਜੀ |
6 ਕਿਲੋ |
|
ਕਲੋਰਪਾਈਰੀਫਾਸ** |
ਡਰਸਬਾਨ 10 ਜੀ |
4 ਕਿਲੋ |
|
ਬੂਟਿਆਂ ਦੇ ਟਿੱਡੇ |
ਅਜ਼ੈਡੀਰੈਕਟਿਨ 5% |
ਇਕੋਟਿਨ |
80 ਮਿਲੀਲਿਟਰ |
ਟ੍ਰਾਈਫਲੂਮੀਜ਼ੋਪਾਇਰਮ |
ਪੈਕਸਾਲੋਨ 10 ਐਸ ਸੀ |
94 ਮਿਲੀਲਿਟਰ |
|
ਡਾਇਨੋਟੈਫੂਰਾਨ |
ਟੋਕਨ/ ਓਸ਼ੀਨ/ਡੋਮਿਨੇਂਟ 20 ਐਸ ਜੀ |
80 ਗ੍ਰਾਮ |
|
ਪਾਈਮੈਟਰੋਜ਼ਿਨ |
ਚੈੱਸ 50 ਡਬਲਯੂ ਜੀ |
120 ਗ੍ਰਾਮ |
|
|
ਆਰਕੈਸਟਰਾ 10 ਐਸ ਸੀ |
400 ਮਿਲੀਲਿਟਰ |
|
|
ਇਮੇਜਿਨ 10 ਐਸ ਸੀ |
300 ਮਿਲੀਲਿਟਰ |
|
ਕੁਇਨਲਫਾਸ |
ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ |
800 ਮਿਲੀਲਿਟਰ |
|
ਝੋਨੇ ਦਾ ਹਿਸਪਾ |
ਕੁਇਨਲਫਾਸ |
ਏਕਾਲਕਸ 25 ਈ ਸੀ |
800 ਮਿਲੀਲਿਟਰ |
ਕਲੋਰਪਾਈਰੀਫਾਸ |
ਡਰਸਬਾਨ 20 ਈ ਸੀ |
1 ਲਿਟਰ |
* ਇਹ ਰਸਾਇਣ ਹਰੀ ਤਿਕੋਣ ਵਾਲੇ ਹਨ।
** ਸਿਰਫ਼ ਬਾਸਮਤੀ ਝੋਨੇ ਲਈ ਸਿਫ਼ਾਰਸ਼ ਕੀਤੇ ਹਨ।
ਨੋਟ:
1. ਦਾਣੇਦਾਰ ਕੀਟਨਾਸ਼ਕਾਂ ਦੀ ਸਿਫਾਰਸ਼ ਸਿਰਫ਼ ਬਾਸਮਤੀ ਕਿਸਮਾਂ ਲਈ ਹੀ ਕੀਤੀ ਗਈ ਹੈ।
2. ਹਰ ਵਾਰ ਇੱਕ ਹੀ ਕੀਟਨਾਸ਼ਕ ਦੀ ਵਰਤੋਂ ਨਾ ਕਰੋ।
3. ਹੱਥਾਂ ਪੈਰਾਂ ਤੇ ਜ਼ਖਮ ਵਾਲਾ ‘ਕਾਮਾਂ’ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੇ।
4. ਕੀਟਨਾਸ਼ਕਾਂ ਦੀ ਵਰਤੋਂ ਸਮੇਂ ਇਨ੍ਹਾਂ ਨਾਲ ਮਿਲੇ ਦਸਤਾਨੇ ਜ਼ਰੂਰ ਪਹਿਨੋ।
5. ਕੀਟਨਾਸ਼ਕਾਂ ਦੀ ਵਰਤੋਂ ਵਾਲੇ ਕਾਮੇਂ ‘ਖਾਣ-ਪੀਣ’ ਤੋਂ ਪਹਿਲਾਂ ਆਪਣੇ ਹੱਥ-ਮੂੰਹ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਜ਼ਰੂਰ ਧੋ ਲੈਣ।
ਕੇ ਐੱਸ ਸੂਰੀ ਅਤੇ ਰੂਬਲਜੋਤ ਕੂੰਨਰ
ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Summary in English: Recommended insecticides for control of pests of paddy and basmati