ਸਹੀ ਮੰਡੀਕਰਨ ਲਈ ਫ਼ਸਲ ਦੀ ਵੇਲੇ ਸਿਰ ਕਟਾਈ ਕਰਨਾ ਬਹੁਤ ਜ਼ਰੂਰੀ ਹੈ। ਫ਼ਸਲ ਦੇ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਜਾਂ ਦੇਰੀ ਨਾਲ ਕੀਤੀ ਕਟਾਈ ਨਾਲ ਉਪਜ ਦੀ ਗੁਣਵੱਤਾ ਵਿੱਚ ਗਿਰਾਵਟ ਆ ਜਾਂਦੀ ਹੈੈ ਅਤੇ ਕੀਮਤ ਘੱਟ ਮਿਲਦੀ ਹੈ। ਵਧੀਆ ਭਾਅ ਲੈਣ ਲਈ ਜਿਣਸ ਨੂੰ ਚੰਗੀ / ਮਾੜੀ ਦੇ ਹਿਸਾਬ ਨਾਲ ਦਰਜਾਬੰਦ ਕਰਕੇ ਹੀ ਵੇਚੋ। ਦਰਜਾਬੰਦੀ ਦੇ ਮਾਪਦੰਡਾਂ ਬਾਰੇ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਕਾਸ ਅਫਸਰ (ਮੰਡੀਕਰਨ) ਦੀ ਮੱਦਦ ਲੈ ਸਕਦੇ ਹੋ।
ਮੰਡੀ ਅਤੇ ਕੀਮਤਾਂ ਬਾਰੇ ਸਹੀ ਜਾਣਕਾਰੀ
ਜਿਣਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਵੱਖ-ਵੱਖ ਜਿਣਸਾਂ ਦੀ ਮੰਡੀ ਵਿੱਚ ਆਮਦ ਦੀ ਮਾਤਰਾ, ਮੌਜੂਦਾ ਭਾਅ ਅਤੇ ਕਿਹੜੀਆਂ-ਕਿਹੜੀਆਂ ਖਰੀਦ ਏਜੰਸੀਆਂ ਮੰਡੀ ਵਿੱਚ ਦਾਖਲ ਹੋ ਚੁੱਕੀਆਂ ਹਨ, ਬਾਰੇ ਪੂਰਾ ਪਤਾ ਕਰੋ। ਹੋ ਸਕੇ ਤਾਂ ਜਿਣਸ ਨੂੰ ਸਵੇਰੇ ਹੀ ਮੰਡੀ ਵਿੱਚ ਲੈ ਕੇ ਜਾਵੋ ਤਾਂ ਜੋ ਸ਼ਾਮ ਤੱਕ ਉਪਜ ਨੂੰ ਵੇਚ ਕੇ ਵੇਲੇ ਸਿਰ ਘਰ ਮੁੜਿਆ ਜਾ ਸਕੇ।
ਹਾੜ੍ਹੀ ਦੀਆਂ ਫ਼ਸਲਾਂ ਦੇ ਨਿਰਧਾਰਿਤ ਮਾਪਦੰਡ
ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਅਨੁਸਾਰ ਕਣਕ ਵਿੱਚ ਨਮੀ ਦੀ ਮਾਤਰਾ 12 ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ। ਇਸੇ ਤਰਾਂ ਬਾਹਰੀ ਵਸਤਾਂ 0.75 ਫ਼ੀਸਦੀ, ਹੋਰਨਾਂ ਫਸਲਾਂ ਦੇ ਦਾਣਿਆਂ ਦੀ ਮਿਲਾਵਟ 2 ਫ਼ੀਸਦੀ, ਖਰਾਬ ਦਾਣੇ 2 ਫ਼ੀਸਦੀ, ਘੱਟ ਖਰਾਬ ਦਾਣੇ 4 ਫ਼ੀਸਦੀ ਅਤੇ ਮਾਜੂ ਤੇ ਟੁੱਟੇ ਦਾਣੇ 6 ਫ਼ੀਸਦੀ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ। ਜੌਂ, ਛੌਲੇ, ਮਸਰ ਅਤੇ ਸਰੋਂ ਲਈ ਨਮੀ ਦੀ ਵੱਧ ਤੋਂ ਵੱਧ ਮਾਤਰਾ ਕ੍ਰਮਵਾਰ 12, 12, 12 ਅਤੇ 8 ਫ਼ੀਸਦੀ ਨਿਰਧਾਰਿਤ ਕੀਤੀ ਗਈ ਹੈੈ। ਸਹੀ ਭਾਅ ਲੈਣ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਜਿਣਸ ਮੰਡੀ ਵਿੱਚ ਲਿਆਉ।
ਇਹ ਵੀ ਪੜ੍ਹੋ : Green Manuring with Sunnhemp: ਜ਼ਮੀਨ ਦੀ ਸਿਹਤ ਅਤੇ ਫ਼ਸਲੀ ਪੈਦਾਵਾਰ ਲਈ ਵਰਦਾਨ
‘ਫਾਰਮ ਜੇ’ Form-J)
ਫ਼ਸਲ ਵੇਚਣ ਤੋਂ ਬਾਅਦ ਆੜ੍ਹਤੀਏ ਕੋਲੋਂ ‘ਫਾਰਮ ਜੇ’ (Form-J) ਜਰੂਰ ਲਵੋ ਕਿਉਂਕਿ ਇਸ ਵਿੱਚ ਵਿਕਰੀ ਦਾ ਪੂਰਾ ਵੇਰਵਾ ਜਿਵੇਂ ਕਿ ਵੇਚੀ ਗਈ ਮਾਤਰਾ, ਮਿਲੀ ਕੀਮਤ, ਮੰਡੀ ਵਿੱਚ ਕੱਟੇ ਗਏ ਖਰਚੇ ਅਤੇ ਪ੍ਰਾਪਤ ਰਕਮ, ਆਦਿ ਲਿਖੇ ਹੁੰਦੇ ਹਨ। ਕਈ ਵਾਰ ਸਰਕਾਰ ਫ਼ਸਲ ਉੱਪਰ ਬੋਨਸ ਦੇਣ ਦੀ ਘੋਸ਼ਣਾ ਕਰ ਦਿੰਦੀ ਹੈ ਜਿਸ ਲਈ ਇਸ ਨੂੰ ਫ਼ਸਲ ਦੀ ਵਿਕਰੀ ਦੇ ਸਬੂਤ ਦੇ ਤੌਰ ਤੇ ਵਰਤ ਸਕਦੇ ਹੋ। ਲੋੜ ਪੈਣ ਤੇ ਇਸ ਨੂੰ ਸਰਕਾਰੀ ਦਸਤਾਵੇਜ ਦੀ ਤਰਾਂ ਆਪਣੀ ਆਮਦਨ ਦੇ ਸਬੂਤ ਵਜੋਂ ਵੀ ਵਰਤ ਸਕਦੇ ਹੋ।
ਬੋਲੀ ਸਮੇਂ ਹਾਜ਼ਰ ਰਹੋ
ਜਿਣਸ ਦੀ ਬੋਲੀ ਸਮੇਂ ਹਾਜ਼ਰ ਰਹੋ ਤਾਂ ਕਿ ਜਿਣਸ ਦੇ ਭਾਅ ਬਾਰੇ ਜਾਣਕਾਰੀ ਰਹੇ। ਤੁਲਾਈ ਹੋਣ ਤੱਕ ਫ਼ਸਲ ਦੇ ਢੇਰ ਕੋਲ ਰਹੋ। ਕਿਸੇ ਵੀ ਤਰਾਂ ਦੇ ਸ਼ੱਕ ਦੀ ਹਾਲਤ ਵਿੱਚ ਆਪਣੀ ਫ਼ਸਲ ਦੁਬਾਰਾ ਤੁਲਵਾ ਸਕਦੇ ਹੋ ਅਤੇ ਕਿਸੇ ਵੀ ਤਰਾਂ ਦੀ ਹੇਰਾਫੇਰੀ ਦੀ ਸ਼ਿਕਾਇਤ ਸਬੰਧਿਤ ਸੈਕਟਰੀ ਮਾਰਕੀਟ ਕਮੇਟੀ ਜਾਂ ਮੰਡੀ ਸੁਪਰਵਾਈਜਰ ਕੋਲ ਕਰ ਸਕਦੇ ਹੋ।
ਇਹ ਵੀ ਪੜ੍ਹੋ : Good News! ਮਿੱਟੀ 'ਚ ਉਪਲਬਧ ਗੰਧਕ ਅਤੇ ਬੋਰੋਨ ਦੇ ਪਰਖ ਦੀ ਸਹੂਲਤ ਸ਼ੁਰੂ
ਗਰੁੱਪ ਜਾਂ ਸਹਿਕਾਰੀ ਸੰਸਥਾਵਾਂ ਰਾਹੀਂ ਵਿਕਰੀ
ਉੱਪਜ ਦਾ ਵਧੀਆ ਮੁੱਲ ਲੈਣ ਲਈ ਇਸ ਨੂੰ ਦੇਸ਼ ਵਿੱਚ ਕਿਤੇ ਵੀ ਵੇਚ ਸਕਦੇ ਹੋ। ਇਸ ਕੰਮ ਲਈ ਆਪਣੇ ਪੱਧਰ ਤੇ ਗਰੁੱਪ ਜਾਂ ਸਹਿਕਾਰੀ ਸੰਸਥਾਵਾਂ ਬਣਾ ਸਕਦੇ ਹੋ। ਵੱਖ-ਵੱਖ ਮੰਡੀਆਂ ਵਿੱਚ ਫ਼ਸਲਾਂ ਦੇ ਮਿਲਣ ਵਾਲੇ ਭਾਅ ਬਾਰੇ ਜਾਣਕਾਰੀ ਜਰੂਰ ਰੱਖੋ ਅਤੇ ਜਿੱਥੇ ਕੀਮਤ ਵਧੀਆ ਮਿਲ ਰਹੀ ਹੋਵੇ ਉਥੇ ਹੀ ਫ਼ਸਲ ਦੀ ਵਿਕਰੀ ਕਰੋ। ਵੱਖ-ਵੱਖ ਮੰਡੀਆਂ ਵਿੱਚ ਫ਼ਸਲਾਂ ਦੇ ਭਾਅ ਅਕਾਸ਼ਵਾਣੀ (ਰੇਡੀਓ) ਅਤੇ ਦੂਰਦਰਸ਼ਨ ਦੇ ਖੇਤੀ ਨਾਲ ਸਬੰਧਿਤ ਪ੍ਰੋਗਰਾਮਾਂ ਵਿੱਚ ਦੱਸੇੇ ਜਾਂਦੇ ਹਨ ਅਤੇ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ।
ਰਾਜ ਕੁਮਾਰ ਅਤੇ ਜੀ ਐੱਸ ਰੋਮਾਣਾ
ਇਕੋਨੋਮਿਕਸ ਅਤੇ ਸ਼ੋਸ਼ਿਆਲੋਜੀ ਵਿਭਾਗ
Summary in English: Some tips for marketing of Rabi Crops