ਅੱਜ ਅੱਸੀ ਤੁਹਾਨੂੰ ਕਿੰਨੂ ਮੈਂਡਰਿਨ ਦੀ ਚੰਗੀ ਪੈਦਾਵਾਰ ਲਈ ਉਸ ਦੇ ਪੈਰ ਗਲ੍ਹਣਾ/ਗੂੰਦੀਆ ਰੋਗ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਕੁੱਝ ਸੁਝਾਅ ਦੱਸਣ ਜਾ ਰਹੇ ਹਾਂ। ਜਾਨਣ ਲਈ ਪੂਰੀ ਖ਼ਬਰ ਪੜੋ...
ਪੰਜਾਬ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਰੀਦਕੋਟ ਕਿੰਨੂ ਉਗਾਉਣ ਵਾਲੇ ਜ਼ਿਲ੍ਹੇ ਹਨ। ਸਾਲ 2020-21 ਦੌਰਾਨ ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਹੇਠ ਰਕਬਾ 44.8 ਹਜ਼ਾਰ ਹੈਕਟੇਅਰ ਸੀ ਅਤੇ 263 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਅਤੇ 1177.5 ਹਜ਼ਾਰ ਟਨ ਉਤਪਾਦਨ ਹੋਇਆ ਸੀ। ਪੰਜਾਬ ਵਿੱਚ ਇਸ ਤੇ ਗੂੰਦੀਆ ਰੋਗ ਦਾ ਹਮਲਾ 9.3-95.3 % ਤੱਕ ਦੇਖਿਆ ਗਿਆ। ਇਸ ਕਰਕੇ ਕਿੰਨੂ ਦੀ ਕਾਸ਼ਤ ਪੈਰ ਗਲ੍ਹਣਾ/ਗੂੰਦੀਆ ਰੋਗ ਤੋਂ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਪੰਜਾਬ ਵਿੱਚ ਨਿੰਬੂ ਜਾਤੀ ਦੀ ਸਨਅਤ ਅਤੇ ਆਰਥਿਕਤਾ ਨੂੰ ਖਤਰਾ ਪੈਦਾ ਹੁੰਦਾ ਹੈ। ਮਿੱਟੀ ਵਿੱਚ ਉੱਚ ਨਮੀਂ ਅਤੇ ਉੱਚ ਹਵਾ ਨਮੀਂ ਦੇ ਨਾਲ ਵਾਤਾਵਰਣ ਦਾ ਤਾਪਮਾਨ ਇਸ ਬਿਮਾਰੀ ਨੂੰ ਵਧਾਉਣ ਲਈ ਅਨੁਕੂਲ ਸਥਿਤੀ ਬਣਾਉਂਦੇ ਹਨ।
ਗੂੰਦੀਆ ਰੋਗ ਦੀ ਵਜ੍ਹਾ
-ਕਿੰਨੂ ਵਿੱਚ ਪੈਰ ਗਲ੍ਹਣਾ/ਗੂੰਦੀਆ ਰੋਗ ਫਾਈਟੋਫਥੋਰਾ ਨਿਕੋਟੀਆਨਾ ਵਰਾਇਟੀ ਪੈਰਾਸਿਟੀਕਾ ਨਾਮਕ ਉੱਲੀ ਕਾਰਨ ਹੁੰਦਾ ਹੈ।
-ਪੌਦਿਆਂ ਤੇ ਬਿਮਾਰੀ ਦਾ ਹਮਲਾ ਉਦੋਂ ਹੁੰਦਾ ਹੈ, ਜਦੋਂ ਸਾਇਓਨ ਮਿੱਟੀ ਦੇ ਸੰਪਰਕ ਵਿੱਚ ਆਉਂਦਾ ਹੈ ਜਾਂ ਜਦੋਂ ਹੜ੍ਹ ਸਿੰਚਾਈ ਵਜੋਂ ਪਾਣੀ ਲਾਇਆ ਜਾਂਦਾ ਹੈ, ਜੋ ਕਿ ਇਸ ਉੱਲੀ ਨੂੰ ਸੰਕਰਮਣ ਦੀ ਪ੍ਰੀਕ੍ਰਿਆ ਸ਼ੁਰੂ ਕਰਨ ਵਿੱਚ ਸਾਇਓਨ ਤੱਕ ਪਹੁੰਚਣ ਦੇ ਯੋਗ ਬਣਾਉਂਦਾ ਹੈ।
-ਹਮਲੇ ਵਾਲੇ ਬੂਟੇ ਪੈਰੋਂ ਗਲ਼੍ਹਣ ਲੱਗ ਜਾਂਦੇ ਹਨ, ਗੂੰਦ ਨਿਕਲਦੀ ਹੈ, ਛਿੱਲ ਤਣੇ ਦੇ ਚਾਰ-ਚੁਫੇਰੇ ਤੋਂ ਗਲ੍ਹ ਜਾਂਦੀ ਹੈ, ਪੱਤੇ ਹਲਕੇ ਪੀਲੇ ਰੰਗ ਦੇ ਹੋ ਜਾਂਦੇ ਹਨ, ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਟਾਹਣੀਆਂ ਸੁੱਕ ਜਾਂਦੀਆਂ ਹਨ।
-ਫਿਰ ਗੂੰਦ ਵਾਲੇ ਨਿਸ਼ਾਨ ਤਣੇ ਦੇ ਹੇਠਾਂ ਅਤੇ ਉੱਪਰ ਵੱਲ ਵੱਧ ਜਾਂਦੇ ਹਨ ਅਤੇ ਟਾਹਣੀਆਂ ਤੇ ਵੀ ਆਉਣ ਲੱਗ ਪੈਂਦੈ ਹਨ।
ਬਿਮਾਰੀ ਦੀ ਸਹੀ ਪਛਾਣ
-ਸਰਵੇਖਣ ਦੌਰਾਨ ਇਹ ਪਾਇਆ ਗਿਆ ਕਿ ਇਹ ਬਿਮਾਰੀ ਹੁਸ਼ਿਆਰਪੁਰ, ਫ਼ਰੀਦਕੋਟ, ਫਾਜ਼ਿਲਕਾ, ਬਠਿੰਡਾ ਤੇ ਮੁਕਤਸਰ ਜਿਲ੍ਹਿਆਂ ਦੇ ਬਾਗ਼ਾਂ 'ਚ ਆਮ ਵੇਖਣ ਨੂੰ ਮਿਲਦੀ ਹੈ।
-ਇਸ ਉੱਲੀ ਦੇ ਕਣ ਜ਼ਮੀਨ 'ਚ ਪਾਏ ਜਾਂਦੇ ਹਨ, ਜਿਸ ਕਾਰਨ ਇਹ ਉੱਲੀ ਜ਼ਮੀਨ ਦੇ ਅੰਦਰ-ਅੰਦਰ ਹੀ ਬੂਟੇ ਦੀਆਂ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ।
-ਇਸ ਲੁਕੇ ਹੋਏ ਹਮਲੇ ਨਾਲ ਬੂਟੇ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਸਿੱਟੇ ਵਜੋਂ ਬਾਗ਼ਬਾਨਾਂ ਦਾ ਭਾਰੀ ਮਾਲੀ ਨੁਕਸਾਨ ਹੁੰਦਾ ਹੈ।
-ਇਹ ਬਿਮਾਰੀ ਪੰਜਾਬ ਵਿੱਚ ਨਿੰਬੂ-ਜਾਤੀ ਦੀਆਂ ਸਾਰੀਆਂ ਕਿਸਮਾਂ 'ਤੇ ਹਮਲਾ ਕਰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਬਿਮਾਰੀ ਦੀ ਸਹੀ ਪਛਾਣ ਕਰ ਕੇ ਸਮੇਂ ਸਿਰ ਰੋਕਥਾਮ ਕੀਤੀ ਜਾਵੇ, ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।
ਬਿਮਾਰੀ ਦੇ ਪ੍ਰਬੰਧਨ ਲਈ ਸੁਝਾਅ
-100 ਗ੍ਰਾਮ ਟਰਾਈਕੋਡਰਮਾ ਐਸਪੈਰੇਲਮ ਦੀ ਸਟ੍ਰੋਨ ਟੀ -20 ਦੀ ਪਾਊਡਰ ਬਾਇਓਫਾਰਮੂਲੇਸ਼ਣ ਨੂੰ 2.5 ਕਿੱਲੋ ਰੂੜੀ ਨਾਲ ਮਿਲਾ ਕੇ ਸੋਡੀਅਮ ਹਾਈਪੋਕਲੋਰਾਈਟ ਦੀ ਸਪਰੇਅ ਤੋਂ ਇੱਕ ਹਫਤਾ ਬਾਅਦ, ਬੂਟੇ ਦੇ ਮੁੱਢ ਅਤੇ ਘੇਰੇ ਵਿੱਚ ਫਰਵਰੀ-ਮਾਰਚ ਅਤੇ ਫਿਰ ਜੁਲਾਈ-ਅਗਸਤ ਵਿੱਚ ਪਾਉਣ ਨਾਲ ਨਿੰਬੂ ਜਾਤੀ ਦੇ ਪੈਰ ਗਲ੍ਹਣਾ/ਗੂੰਦੀਆ ਰੋਗ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੂੰਗੀ ਦੀ ਫ਼ਸਲ ਵਿੱਚ ਕੀੜੇ ਦਾ ਪ੍ਰਕੋਪ! ਇਸ ਤਰ੍ਹਾਂ ਕਰੋ ਫਸਲਾਂ ਦੀ ਸੁਰੱਖਿਆ!
-ਜਾਂ ਬੂਟਿਆਂ ਦੇ ਮੁੱਢਾਂ ਅਤੇ ਉਨ੍ਹਾਂ ਦੀ ਛੱਤਰੀ ਹੇਠ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿਲੀਲਿਟਰ ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਕੇ ਫਰਵਰੀ-ਮਾਰਚ ਅਤੇ ਫਿਰ ਜੁਲਾਈ-ਅਗਸਤ ਵਿੱਚ ਚੰਗੀ ਤਰ੍ਹਾਂ ਛਿੜਕਾਅ ਕਰੋ।
-ਜਾਂ ਦੋ ਵਾਰ ਕਰਜ਼ੇਟ ਐਮ-8 ਪੇਂਟ ਦੇ ਤੌਰ ਤੇ (2 ਗ੍ਰਾਮ ਪ੍ਰਤੀ 100 ਮਿਲੀਲਿਟਰ ਅਲਸੀ ਦੇ ਤੇਲ ਦੇ ਵਿੱਚ) ਬਿਮਾਰੀ ਵਾਲੇ ਤਣੇ ਤੇ ਲਗਾਓ ਅਤੇ ਬੂਟੇ ਦੇ ਹੇਠਾਂ ਵਾਲੀ ਜ਼ਮੀਨ ਨੂੰ ਫਰਵਰੀ-ਮਾਰਚ ਅਤੇ ਫਿਰ ਜੁਲਾਈ-ਅਗਸਤ ਵਿੱਚ (25 ਗ੍ਰਾਮ ਕਰਜ਼ੇਟ ਐਮ-8 ਪ੍ਰਤੀ 10 ਲਿਟਰ ਪਾਣੀ ਦੇ ਵਿੱਚ) ਚੰਗੀ ਤਰ੍ਹਾਂ ਭਿਉਂ ਦਿਓ।
Summary in English: Tips for a good Mandarin Yield! Appropriate ways to manage gout!