Crop Protection: ਉੱਤਰੀ ਭਾਰਤ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਦਸੰਬਰ ਤੋਂ ਫਰਵਰੀ ਦੇ ਮਹੀਨਿਆਂ ਦੌਰਾਨ ਧੁੰਦ ਪੈਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਆਮ ਤੌਰ 'ਤੇ, ਜਦੋਂ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ, ਤਾਂ ਕੋਹਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ, ਕਿਉਂਕਿ ਧਰਤੀ ਦੀ ਸਤ੍ਹਾ ਦਾ ਤਾਪਮਾਨ ਆਮ ਤੌਰ 'ਤੇ ਇਸ ਦੇ ਨੇੜੇ ਦੀ ਹਵਾ ਦੇ ਤਾਪਮਾਨ ਨਾਲੋਂ ਲਗਭਗ 3-4 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ। ਇਸ ਲਈ ਜਦੋਂ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਚਲਾ ਜਾਂਦਾ ਹੈ, ਤਾਂ ਧਰਤੀ ਦੀ ਸਤ੍ਹਾ ਦਾ ਤਾਪਮਾਨ 0 ਡਿਗਰੀ ਸੈਂਟੀਗਰੇਡ ਦੇ ਨੇੜੇ ਹੋ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ ਜਦੋਂ ਜ਼ਿਆਦਾ ਨਮੀ ਵਾਲੀ ਹਵਾ ਧਰਤੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਹਵਾ ਵਿੱਚ ਮੌਜੂਦ ਪਾਣੀ ਦੇ ਕਣ ਜੰਮ ਜਾਂਦੇ ਹਨ ਅਤੇ ਧਰਤੀ 'ਤੇ ਕੋਹਰੇ ਦੀ ਚਿੱਟੀ ਪਰਤ ਬਣ ਜਾਂਦੀ ਹੈ।
ਫਸਲਾਂ 'ਤੇ ਕੋਹਰੇ ਦਾ ਪ੍ਰਭਾਵ
ਕੋਹਰੇ ਦਾ ਪ੍ਰਭਾਵ ਫ਼ਸਲ ਦੀ ਕਿਸਮ ਅਤੇ ਇਸਦੇ ਜੀਵਨ ਪੜਾਅ 'ਤੇ ਨਿਰਭਰ ਕਰਦਾ ਹੈ। ਖਾਸ ਕਰਕੇ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਜਿਵੇਂ ਟਮਾਟਰ ਅਤੇ ਆਲੂ ਆਦਿ 'ਤੇ ਇਸ ਦਾ ਅਸਰ ਪੈਂਦਾ ਹੈ, ਜਦੋਂਕਿ ਗਾਜਰ, ਸ਼ਲਗਮ ਅਤੇ ਗੋਭੀ ਆਦਿ 'ਤੇ ਇਸ ਦਾ ਅਸਰ ਇਸ ਦੇ ਮੁਕਾਬਲੇ ਘੱਟ ਹੁੰਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਫ਼ਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਠੰਡ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਅਤੇ ਸਮੇਂ ਦੇ ਨਾਲ ਫ਼ਸਲ ਦੀ ਕੋਹਰੇ ਨੂੰ ਸਹਿਣ ਦੀ ਸਮਰੱਥਾ ਵੱਧ ਜਾਂਦੀ ਹੈ।
ਨਵੇਂ ਪੱਤੇ, ਟਹਿਣੀਆਂ ਅਤੇ ਫੁੱਲ ਆਦਿ ਬਹੁਤ ਜਲਦੀ ਕੋਹਰੇ ਤੋਂ ਪ੍ਰਭਾਵਿਤ ਹੁੰਦੇ ਹਨ। ਆਲੂ ਦੇ ਪੱਤੇ ਅਤੇ ਟਹਿਣੀਆਂ 'ਤੇ ਕੋਹਰੇ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਆਲੂ, ਮਟਰ, ਟਮਾਟਰ ਅਤੇ ਸ਼ਿਮਲਾ ਮਿਰਚ ਵੀ ਠੰਡ ਕਾਰਨ ਭੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨੂੰ ‘ਫਸਲਾਂ ਦਾ ਸਾੜਾ’ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਲਗਾਤਾਰ ਘੱਟ ਤਾਪਮਾਨ, ਉੱਚ ਨਮੀ ਅਤੇ ਸੂਰਜ ਦੀ ਰੌਸ਼ਨੀ ਦੀ ਕਮੀ ਵੀ ਫਸਲਾਂ ਦੀਆਂ ਕਈ ਬਿਮਾਰੀਆਂ ਲਈ ਅਨੁਕੂਲ ਸਥਿਤੀਆਂ ਬਣਾਉਂਦੀ ਹੈ।
ਇਹ ਵੀ ਪੜ੍ਹੋ: ਜਨਵਰੀ ਮਹੀਨੇ ਦੇ ਖੇਤੀਬਾੜੀ ਰੁਝੇਵੇਂ, ਇਹ ਕੰਮ ਕਰਨ ਨਾਲ ਕਿਸਾਨ ਹੋ ਜਾਣਗੇ ਮਾਲੋਮਾਲ
ਫਸਲਾਂ ਨੂੰ ਕੋਹਰੇ ਦੇ ਪ੍ਰਭਾਵ ਤੋਂ ਬਚਾਉਣ ਲਈ ਉਪਾਅ
• ਠੰਡ ਦੇ ਮਹੀਨਿਆਂ ਦੌਰਾਨ ਕੋਰੇ ਤੋਂ ਬਚਾਉਣ ਲਈ ਨਾਜ਼ੁਕ ਅਤੇ ਛੋਟੇ ਪੌਦਿਆਂ ਜਿਵੇਂ ਕਿ ਟਮਾਟਰ ਅਤੇ ਹੋਰ ਸਬਜ਼ੀਆਂ ਨੂੰ ਪਲਾਸਟਿਕ ਦੀਆਂ ਸ਼ੀਟਾਂ ਆਦਿ ਨਾਲ ਢੱਕਣਾ ਚਾਹੀਦਾ ਹੈ, ਖਾਸ ਕਰਕੇ ਗੂੜੇ ਰੰਗ ਦੀ ਪਲਾਸਟਿਕ ਸ਼ੀਟ ਜ਼ਿਆਦਾ ਫਾਇਦੇਮੰਦ ਹੁੰਦੀਆਂ ਹੈ।
• ਦਿਨ ਵੇਲੇ ਇਨ੍ਹਾਂ ਪਲਾਸਟਿਕ ਸ਼ੀਟਾਂ ਨੂੰ ਪਾਸੇ ਕਰ ਦੇਣਾ ਚਾਹੀਦਾ ਕਿਉਂਕਿ ਦਿਨ ਵੇਲੇ ਨਮੀ ਜ਼ਿਆਦਾ ਹੋਣ ਕਰਕੇ ਬਿਮਾਰੀਆਂ ਦਾ ਡਰ ਰਹਿੰਦਾ ਹੈ ਜਾਂ ਫਿਰ ਇਹਨਾਂ ਥੱਲੇ ਕਈ ਤਰ੍ਹਾਂ ਦੇ ਨਦੀਨ ਵੀ ਪੈਦਾ ਹੋ ਜਾਂਦੇ ਹਨ।
• ਕੋਹਰੇ ਤੋਂ ਬਚਾਅ ਲਈ ਮਲਚਿੰਗ ਕਰਕੇ ਵੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਮਲਚ ਦੇ ਤੌਰ 'ਤੇ ਝੋਨੇ ਦੀ ਪਰਾਲੀ ਜਾਂ ਹੋਰ ਘਾਹ ਫੂਸ ਵਰਤਿਆ ਜਾ ਸਕਦਾ ਹੈ। ਮਲਚ ਲਈ ਤੂੜੀ, ਸੁਆਹ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Maize Crop 'ਤੇ ਫ਼ਾਲ ਆਰਮੀਵਰਮ ਦਾ ਹਮਲਾ ਸੀਮਿਤ ਕਰਨ ਲਈ ਕਿਸਾਨਾਂ ਨੂੰ ਸੁਝਾਅ
• ਜੇਕਰ ਧੁੰਦ ਪੈਣ ਦੀ ਸੰਭਾਵਨਾ ਹੋਵੇ ਤਾਂ ਫਸਲਾਂ ਨੂੰ ਪਾਣੀ ਦੇਣਾ ਚਾਹੀਦਾ ਹੈ। ਇਸ ਤਰ੍ਹਾਂ, ਧਰਤੀ ਨੂੰ ਨਮੀ ਰੱਖਣ ਨਾਲ, ਧਰਤੀ ਦੀ ਗਰਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਵਧਦੀ ਹੈ।
• ਉੱਤਰ-ਪੱਛਮੀ ਦਿਸ਼ਾ ਵੱਲ ਹਵਾ ਰੋਕੂ ਵਾੜਾਂ ਆਦਿ ਦੁਆਰਾ ਵੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।
• ਪ੍ਰਭਾਵਿਤ ਪੌਦਿਆਂ ਦੇੇ ਮੁੜ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਿੰਚਾਈ ਤੋਂ ਪਹਿਲਾਂ ਨਾਈਟ੍ਰੋਜਨ ਖਾਦ ਦੀ ਮਿੱਟੀ ਪਰਖ ਅਧਾਰਿਤ ਵਰਤੋਂ ਕਰਨੀ ਚਾਹੀਦੀ ਹੈ।
• ਆਮ ਤੌਰ 'ਤੇ ਮੌਸਮ ਵਿਭਾਗ ਵੱਲੋਂ ਕੋਹਰੇ ਦੀ ਚੇਤਾਵਨੀ 24-48 ਘੰਟੇ ਪਹਿਲਾਂ ਮਿਲ ਜਾਂਦੀ ਹੈ। ਕੋਹਰੇ ਬਾਰੇ ਅਗਾਊਂ ਜਾਣਕਾਰੀ ਦੇ ਮੱਦੇਨਜ਼ਰ ਕਿਸਾਨ ਵੀਰਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਿਕ ਫਸਲਾਂ ਦਾ ਬਚਾਅ ਕਰਨਾ ਚਾਹੀਦਾ ਹੈ।
Summary in English: What is Fog and how can crop protection be done from it? Read these tips