1. Home
  2. ਖੇਤੀ ਬਾੜੀ

ਫ਼ਸਲੀ ਵਿਭਿੰਨਤਾ ਲਈ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ ਕਿਉਂ ਜ਼ਰੂਰੀ?

ਫ਼ਸਲੀ ਚੱਕਰਾਂ ਨੂੰ ਅਪਣਾਉਣ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਫ਼ਸਲੀ ਚੱਕਰ ਉਨ੍ਹਾਂ ਦੇ ਇਲਾਕੇ ਲਈ ਅਤੇ ਉਨ੍ਹਾਂ ਦੇ ਖੇਤ ਦੀ ਜ਼ਮੀਨ ਲਈ ਢੁਕਵਾਂ ਹੈ।

Gurpreet Kaur Virk
Gurpreet Kaur Virk
ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

Crop Diversification: ਫ਼ਸਲੀ ਚੱਕਰ ਝੋਨੇ-ਕਣਕ ਦੇ ਮੁਕਾਬਲੇ ਘੱਟ ਕੁਦਰਤੀ ਸਰੋਤਾਂ ਦਾ ਇਸਤੇਮਾਲ ਕਰਕੇ ਵਧੇਰੇ ਆਮਦਨ ਦਿੰਦੇ ਹਨ ਅਤੇ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕਰਦੇ ਹਨ। ਇਨ੍ਹਾਂ ਫ਼ਸਲੀ ਚੱਕਰਾਂ ਨੂੰ ਅਪਣਾਉਣ ਲਈ ਕਿਸਾਨ ਵੀਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਫ਼ਸਲੀ ਚੱਕਰ ਉਨ੍ਹਾਂ ਦੇ ਇਲਾਕੇ ਲਈ ਅਤੇ ਉਨ੍ਹਾਂ ਦੇ ਖੇਤ ਦੀ ਜ਼ਮੀਨ ਲਈ ਢੁਕਵਾਂ ਹੈ। ਅਜਿਹੇ 'ਚ ਆਓ ਜਾਣਦੇ ਹਾਂ ਫ਼ਸਲੀ ਵਿਭਿੰਨਤਾ ਲਈ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ ਕਿਵੇਂ ਕਰੀਏ?

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ:

ਕਣਕ:

ਝੋਨੇ ਦਾ ਫ਼ਸਲੀ ਚੱਕਰ ਪੰਜਾਬ ਦਾ ਪ੍ਰਮੁੱਖ ਫ਼ਸਲੀ ਚੱਕਰ ਹੈ। ਅੱਜ ਲਗਭਗ 35 ਲੱਖ ਹੈਕਟੇਅਰ ਰਕਬਾ ਕਣਕ ਦੀ ਫ਼ਸਲ ਹੇਠ ਅਤੇ 31 ਲੱਖ ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਹੇਠਾਂ ਹੈ। ਇਨ੍ਹਾਂ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਸੁਚੱਜੇ ਮੰਡੀਕਰਨ ਕਰਕੇ ਕਿਸਾਨ ਇਸ ਫ਼ਸਲੀ ਚੱਕਰ ਵਿੱਚ ਬਹੁਤ ਜ਼ਿਆਦਾ ਯਕੀਨ ਕਰਦੇ ਹਨ। ਪਰੰਤੂ ਹੁਣ ਇਸ ਫ਼ਸਲੀ ਚੱਕਰ ਦੇ ਕੁਝ ਨਾਕਾਰਾਤਮਕ ਪੱਖ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡੂੰਘਾ ਹੋਣਾ, ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ, ਗਰੀਨ ਹਾਊਸ ਗੈਸਾਂ ਦੀ ਉਤਪਤੀ, ਫ਼ਸਲੀ ਵਿਭਿੰਨਤਾ ਵਿੱਚ ਕਮੀ ਆਦਿ ਵੀ ਸਾਹਮਣੇ ਆ ਰਹੇ ਹਨ।

ਇਸ ਲਈ ਇਹ ਅੱਜ ਦੇ ਸਮੇਂ ਦੀ ਮੰਗ ਹੈ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁਝ ਰਕਬਾ ਘਟਾ ਕੇ ਹੋਰ ਫ਼ਸਲੀ ਚੱਕਰਾਂ ਅਧੀਨ ਰਕਬਾ ਵਧਾਇਆ ਜਾਵੇ, ਜਿਸ ਨਾਲ ਕਿਸਾਨ ਦੇ ਮੁਨਾਫ਼ੇ ਵਿੱਚ ਵੀ ਵਾਧਾ ਹੋਵੇ ਅਤੇ ਵਾਤਾਵਰਨ ਸੰਬੰਧੀ ਸਮੱਸਿਆਵਾਂ ਦਾ ਵੀ ਹੱਲ ਹੋਵੇ। ਇਸਦੇ ਲਈ ਹੋਰ ਫ਼ਸਲਾਂ ਜਿਵੇਂ ਕਿ ਮੱਕੀ, ਮੈਂਥਾ, ਹਲਦੀ, ਦਾਲਾਂ, ਚਾਰੇ, ਤੇਲ ਬੀਜ ਵਾਲੀਆਂ ਫ਼ਸਲਾਂ ਅਤੇ ਸਬਜੀਆਂ ਨੂੰ ਕਣਕ-ਝੋਨੇ ਦੇ ਬਦਲ ਵਜੋਂ ਬੀਜਿਆ ਜਾ ਸਕਦਾ ਹੈ।

ਇਸ ਲਈ ਕੁਝ ਹੇਠ ਲਿਖੇ ਫ਼ਸਲ਼ੀ ਚੱਕਰ ਅਪਣਾ ਕੇ ਫ਼ਸਲ਼ੀ ਵਿਭਿੰਨਤਾ ਲਿਆਂਦੀ ਜਾ ਸਕਦੀ ਹੈ ਜੋ ਕਿ ਅੱਜ ਦੇ ਸਮੇਂ ਦੀ ਲੋੜ ਵੀ ਹੈ। ਇਹਨਾਂ ਫ਼ਸਲਾਂ ਨੂੰ ਅਪਣਾਉਣ ਲਈ ਕਿਸਾਨ ਵੀਰਾਂ ਨੂੰ ਇਹਨਾਂ ਦੀ ਕਾਸ਼ਤ ਸਬੰਧੀ ਸੁਧਰੀਆਂ ਤਕਨੀਕਾਂ ਦਾ ਪੂਰਾ ਗਿਆਨ ਲੈ ਲੈਣਾ ਚਾਹੀਦਾ ਹੈ ਤਾਂ ਜੋ ਸਫ਼ਲਤਾ ਨਾਲ ਇਹਨਾਂ ਨੂੰ ਉਗਾ ਕੇ ਵਧੀਆ ਮੁਨਾਫ਼ਾ ਲਿਆ ਜਾ ਸਕੇ।

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਮੱਕੀ-ਆਲੂ-ਕਣਕ/ ਗਰਮੀ ਰੁੱਤ ਦੀ ਮੂੰਗੀ/ ਪਿਆਜ/ ਮੈਂਥਾ/ ਸੂਰਜਮੁਖੀ:

ਇਹਨਾਂ ਫ਼ਸਲੀ ਚੱਕਰਾਂ ਲਈ ਮੱਕੀ ਦੀ ਬਿਜਾਈ ਜੂਨ ਦੇ ਅੱਧ ਵਿੱਚ ਕੀਤੀ ਜਾਂਦੀ ਹੈ। ਮੱਕੀ ਦੀ ਕਿਸਮ ਦੀ ਚੋਣ ਇਸ ਹਿਸਾਬ ਨਾਲ ਕਰਨੀ ਚਾਹੀਦੀ ਹੈ ਕਿ ਖੇਤ ਅੱਧ ਸਤੰਬਰ ਤੱਕ ਖਾਲੀ ਹੋ ਜਾਵੇ। ਇਸ ਤੋਂ ਬਾਅਦ ਆਲੂ ਦੀ ਫ਼ਸਲ ਨੂੰ ਸਤੰਬਰ ਦੇ ਅੰਤ ਵਿੱਚ ਬੀਜਣਾ ਚਾਹੀਦਾ ਹੈ। ਆਲੂ ਦੀ ਕਿਸਮ ਦੀ ਚੋਣ ਆਲੂਆਂ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨੀ ਚਾਹੀਦੀ ਹੈ।

ਜੇਕਰ ਆਲੂਆਂ ਤੋਂ ਬਾਅਦ ਪਿਛੇਤੀ ਕਣਕ ਦੀ ਬਿਜਾਈ ਕਰਨੀ ਹੋਵੇ ਤਾਂ ਆਲੂ ਦੀ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਬੀਜਣੀ ਚਾਹੀਦੀ ਹੈ ਜੋ ਤਿੰਨ ਮਹੀਨਿਆਂ ਵਿੱਚ ਖੇਤ ਨੂੰ ਕਣਕ ਦੀ ਪਛੇਤੀ ਬਿਜਾਈ ਲਈ ਵਿਹਲਾ ਕਰ ਦੇਵੇ। ਇਸ ਪਛੇਤੀ ਕਣਕ ਨੂੰ ਸਿਫ਼ਾਰਿਸ਼ ਨਾਲੋਂ ਅੱਧੀ ਨਾਈਟ੍ਰੋਜਨ ਹੀ ਪਾਉਣੀ ਚਾਹੀਦੀ ਹੈ ਜਦਕਿ ਫ਼ਾਸਫ਼ੋਰਸ ਜਾਂ ਪੋਟਾਸ਼ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਬਾਕੀ ਫ਼ਸਲਾਂ ਲਈ ਆਲੂ ਦੀਆਂ ਦਰਮਿਆਨੇ ਸਮੇਂ ਦੀਆਂ ਜਾਂ ਪਿਛੇਤੀਆਂ ਕਿਸਮਾਂ ਦੀ ਚੋਣ ਕੀਤੀ ਜਾ ਸਕਦੀ ਹੈ।

ਆਲੂਆਂ ਤੋਂ ਬਾਅਦ ਜੇਕਰ ਗਰਮੀ ਰੁੱਤ ਦੀ ਮੂੰਗੀ ਬੀਜਣੀ ਹੋਵੇ ਤਾਂ ਇਸ ਨੂੰ ਮਾਰਚ ਦੇ ਦੂਜੇ ਹਫ਼ਤੇ ਤੋਂ ਤੀਜੇ ਹਫ਼ਤੇ ਤੱਕ ਬੀਜ ਲੈਣਾ ਚਾਹੀਦਾ ਹੈ। ਆਲੂਆਂ ਤੋਂ ਬਾਅਦ ਬੀਜੀ ਹੋਈ ਗਰਮੀ ਰੁੱਤ ਦੀ ਮੂੰਗੀ ਨੂੰ ਕਿਸੇ ਕਿਸਮ ਦੀ ਖਾਦ ਦੀ ਲੋੜ ਨਹੀਂ ਪੈਂਦੀ। ਮੱਕੀ-ਆਲੂ-ਪਿਆਜ ਵਾਲੇ ਫ਼ਸਲੀ ਚੱਕਰ ਵਿੱਚ ਆਲੂ ਤੋਂ ਬਾਅਦ ਪਿਆਜ਼ (ਪੰਜਾਬ ਨਰੋਆ) ਦੀ ਬਿਜਾਈ 15 ਜਨਵਰੀ ਤੱਕ ਕਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਦੇ ਖੇਤੀਬਾੜੀ ਅਤੇ ਬਾਗਵਾਨੀ ਕਾਰਜ

ਜੇਕਰ ਆਲੂ ਤੋਂ ਬਾਅਦ ਮੈਂਥੇ ਦੀ ਫ਼ਸਲ ਬੀਜਣੀ ਹੋਵੇ ਤਾਂ ਇਸ ਨੂੰ ਜਨਵਰੀ ਦੇ ਦੂਜੇ ਪੰਦਰ੍ਹਵਾੜੇ ਵਿਚ ਲਾਉਣਾ ਚਾਹੀਦਾ ਹੈ ਜੋ ਮੱਕੀ ਦੀ ਬਿਜਾਈ ਲਈ ਖੇਤ ਨੂੰ ਜੂਨ ਦੇ ਪਹਿਲੇ ਪੰਦਰ੍ਹਵਾੜੇ ਵਿਚ ਖਾਲੀ ਕਰ ਦੇਵੇ। ਇਸੇ ਤਰਾਂ, ਮੱਕੀ-ਆਲੂ-ਸੂਰਜਮੁਖੀ ਵਾਲੇ ਫ਼ਸਲੀ ਚੱਕਰ ਵਿੱਚ ਆਲੂ ਤੋਂ ਬਾਅਦ, ਜਨਵਰੀ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਸੂਰਜਮੁਖੀ ਦੀ ਬਿਜਾਈ ਪੂਰਬ-ਪੱਛਮ ਦਿਸ਼ਾ ਵਿੱਚ ਵੱਟਾਂ ਪਾ ਕੇ ਦੱਖਣ ਵਾਲੇ ਪਾਸੇ ਕਰਨੀ ਚਾਹੀਦੀ ਹੈ। ਜੇਕਰ ਆਲੂਆਂ ਨੂੰ ਸਿਫ਼ਾਰਸ਼ ਕੀਤੀ ਰੂੜੀ ਅਤੇ ਰਸਾਇਣਕ ਖਾਦਾਂ ਦੀ ਮਾਤਰਾ ਪਾਈ ਗਈ ਹੋਵੇ ਤਾਂ ਇਸ ਤੋਂ ਬਾਅਦ ਬੀਜੀ ਸੂਰਜਮੁਖੀ ਦੀ ਫ਼ਸਲ ਨੂੰ 12 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।

ਮੱਕੀ-ਗੋਭੀ ਸਰ੍ਹੋਂ-ਗਰਮੀ ਰੁੱਤ ਦੀ ਮੂੰਗੀ:

ਇਸ ਫ਼ਸਲੀ ਚੱਕਰ ਵਿੱਚ ਮੱਕੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਗੋਭੀ ਸਰ੍ਹੋਂ ਦੀ ਬਿਜਾਈ 10-30 ਅਕਤੂਬਰ ਨੂੰ ਅਤੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰਨੀ ਚਾਹੀਦੀ ਹੈ। ਗਰਮ ਰੁੱਤ ਦੀ ਮੂੰਗੀ ਨੂੰ ਸਮੇਂ ਸਿਰ ਬੀਜਣ ਲਈ ਇਸਦੀ ਬਿਜਾਈ ਰੌਣੀ ਕਰਨ ਤੋਂ ਤੁਰੰਤ ਬਾਅਦ ਬਿਨਾਂ ਵਹਾਈ ਦੇ ਵੀ ਕੀਤੀ ਜਾ ਸਕਦੀ ਹੈ।

ਮੱਕੀ-ਤੋਰੀਆ-ਸੂਰਜਮੁਖੀ:

ਇਸ ਫ਼ਸਲੀ ਚੱਕਰ ਵਿੱਚ ਮੱਕੀ ਦੀ ਬਿਜਾਈ ਜੂਨ ਦੇ ਸ਼ੁਰੂ ਵਿੱਚ ਕਰਨੀ ਚਾਹੀਦੀ ਹੈ ਤਾਂ ਕਿ ਸਤੰਬਰ ਦੇ ਦੂਜੇ ਪੰਦਰ੍ਹਵਾੜੇ ਵਿੱਚ ਤੋਰੀਏ ਦੀ ਬਿਜਾਈ ਲਈ ਖੇਤ ਖਾਲੀ ਹੋ ਜਾਵੇ। ਤੋਰੀਏ ਦੀ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ (ਟੀ ਐਲ-15) ਦੀ ਚੋਣ ਕਰਨੀ ਚਾਹੀਦੀ ਹੈ ।ਤੋਰੀਏ ਤੋਂ ਬਾਅਦ, ਜਨਵਰੀ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਸੂਰਜਮੁਖੀ ਦੀ ਬਿਜਾਈ ਪੂਰਬ-ਪੱਛਮ ਦਿਸ਼ਾ ਵਿੱਚ ਵੱਟਾਂ ਪਾ ਕੇ ਦੱਖਣ ਵਾਲੇ ਪਾਸੇ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੱਕੀ ਦੀ ਫ਼ਸਲ 'ਤੇ ਫ਼ਾਲ ਆਰਮੀਵਰਮ ਦਾ ਹਮਲਾ, ਇਨ੍ਹਾਂ ਕੀਟਨਾਸ਼ਕਾਂ ਨਾਲ ਕਰੋ ਰੋਕਥਾਮ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਮੱਕੀ-ਕਣਕ-ਗਰਮ ਰੁੱਤ ਦੇ ਚਾਰੇ (ਰਵਾਂਹ/ਬਾਜਰਾ/ਮੱਕੀ):

ਇਸ ਫ਼ਸਲੀ ਚੱਕਰ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਅਪ੍ਰੈਲ ਦੇ ਅਖੀਰਲੇ ਹਫ਼ਤੇ ਗਰਮੀ ਰੁੱਤ ਦੇ ਚਾਰੇ ਬੀਜੇ ਜਾਂਦੇ ਹਨ ਜੋ ਕਿ ਹਰੇ ਚਾਰੇ ਦੀ ਥੁੜ ਵਾਲੇ ਸਮੇਂ ਵਿਚ ਵਧੀਆ ਚਾਰਾ ਉਪਲੱਬਧ ਕਰਵਾ ਦਿੰਦੇ ਹਨ। ਇਹਨਾਂ ਚਾਰਿਆਂ ਦੀ ਕਟਾਈ ਤੋਂ ਬਾਅਦ ਸਾਉਣੀ ਰੁੱਤ ਦੀ ਪਕਾਵੀਂ ਮੱਕੀ ਨੂੰ ਸਹੀ ਸਮੇਂ ਬੀਜਿਆ ਜਾ ਸਕਦਾ ਹੈ। ਮੱਕੀ ਤੋਂ ਬਾਅਦ ਕਣਕ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ।

ਮੱਕੀ/ਮੂੰਗਫ਼ਲੀ-ਹਰਾ ਪਿਆਜ਼-ਪਿਆਜ਼:

ਇਹਨਾਂ ਫ਼ਸਲੀ ਵਿੱਚ ਮੂੰਗਫ਼ਲੀ ਨੂੰ ਮਈ ਦੇ ਦੂਸਰੇ ਪੰਦਰ੍ਹਵਾੜੇ ਜਾਂ ਮੱਕੀ ਨੂੰ ਜੂਨ ਦੇ ਪਹਿਲੇ ਪੰਦਰ੍ਹਵਾੜੇ ਬੀਜਣਾ ਚਾਹੀਦਾ ਹੈ। ਹਰੇ ਪਿਆਜ਼ ਦੀ ਕਾਸ਼ਤ ਵਾਸਤੇ ਗੰਢੀਆਂ ਤਿਆਰ ਕਰਨ ਲਈ ਪਿਆਜ਼ ਦੀ ਨਰਸਰੀ ਨੂੰ ਮਾਰਚ ਵਿੱਚ ਬੀਜਣਾ ਚਾਹੀਦਾ ਹੈ। ਜੂਨ ਵਿੱਚ ਇਹਨਾਂ ਗੰਢੀਆਂ ਨੂੰ ਪੁੱਟ ਕੇ ਹਵਾਦਾਰ ਸਥਾਨ ਤੇ ਸਟੋਰ ਕਰਨਾ ਚਾਹੀਦਾ ਹੈ ਤਾਂ ਜੋ ਸਤੰਬਰ ਦੇ ਦੂਜੇ ਪੰਦਰ੍ਹਵਾੜੇ ਵਿੱਚ ਮੂੰਗਫ਼ਲੀ/ਮੱਕੀ ਦੀ ਪਟਾਈ/ਕਟਾਈ ਤੋਂ ਬਾਅਦ ਖੇਤ ਵਿੱਚ ਲਗਾਈਆਂ ਜਾ ਸਕਣ। ਹਰੇ ਪਿਆਜ਼ ਨੂੰ ਦਸੰਬਰ ਦੇ ਦੂਜੇ ਪੰਦਰ੍ਹਵਾੜੇ ਵਿੱਚ ਪੁੱਟ ਲਿਆ ਜਾਂਦਾ ਹੈ। ਹਾੜੀ ਦੇ ਪਿਆਜ਼ ਲਈ ਪਨੀਰੀ ਨੂੰ ਜਨਵਰੀ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਖੇਤ ਵਿੱਚ ਲਾਉਣਾ ਚਾਹੀਦਾ ਹੈ ਜੋ ਕਿ ਅੱਧ ਮਈ ਤੱਕ ਖੇਤ ਖਾਲੀ ਕਰ ਦਿੰਦਾ ਹੈ।

ਇਹ ਵੀ ਪੜ੍ਹੋ : ਕਿਸਾਨ ਵੀਰੋਂ ਪਾਣੀ ਅਤੇ ਮਜ਼ਦੂਰੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਓ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਮੂੰਗਫ਼ਲੀ-ਆਲੂ/ਤੋਰੀਆ/ਮਟਰ/ ਪਛੇਤਾ ਸਾਉਣੀ ਦਾ ਚਾਰਾ-ਕਣਕ:

ਇਸ ਫ਼ਸਲੀ ਚੱਕਰ ਅਧੀਨ ਮੂੰਗਫ਼ਲੀ ਦੀਆਂ ਕਿਸਮਾਂ ਐਸ ਜੀ 84, ਐਸ ਜੀ 99 ਅਤੇ ਐੱਮ 522 ਨੂੰ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਸ਼ੁਰੂ ਵਿੱਚ ਕਣਕ ਤੋਂ ਪਿਛੋਂ ਬੀਜਣਾ ਚਾਹੀਦਾ ਹੈ। ਇਸ ਤੋਂ ਬਾਅਦ ਆਲੂ ਜਾਂ ਅਗੇਤੇ ਮਟਰ (ਅਗੇਤਾ 6 ਜਾਂ ਅਰਕਲ) ਜਾਂ ਤੋਰੀਏ (ਟੀ ਐਲ 15) ਜਾਂ ਪਛੇਤੇ ਮੱਕੀ ਦੇ ਚਾਰੇ ਨੂੰ ਸਤੰਬਰ ਦੇ ਦੂਸਰੇ ਪੰਦਰ੍ਹਵਾੜੇ ਵਿਚ ਬੀਜ ਦੇਣਾ ਚਾਹੀਦਾ ਹੈ। ਇਹ ਫ਼ਸਲਾਂ ਦਸੰਬਰ ਵਿੱਚ ਖੇਤ ਖਾਲੀ ਕਰ ਦਿੰਦੀਆਂ ਹਨ ਜਿਸ ਵਿੱਚ ਪਛੇਤੀ ਕਣਕ ਦੀ ਕੋਈ ਕਿਸਮ ਬੀਜੀ ਜਾ ਸਕਦੀ ਹੈ।

ਮੂੰਗਫ਼ਲੀ-ਆਲੂ-ਬਾਜਰਾ (ਚਾਰਾ):

ਇਸ ਫ਼ਸਲੀ ਚੱਕਰ ਵਿੱਚ ਮੂੰਗਫ਼ਲੀ (ਐਮ 522, ਐਸ ਜੀ 99) ਦੀ ਬਿਜਾਈ ਮਈ ਦੇ ਪਹਿਲੇ ਹਫ਼ਤੇ ਵਿੱਚ ਕਰਨੀ ਚਾਹੀਦੀ ਹੈ ਜੋ ਕਿ ਆਲੂਆਂ ਦੀ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਬਿਜਾਈ ਕਰਨ ਲਈ ਖੇਤ ਖਾਲੀ ਕਰ ਦਿੰਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਚਾਰੇ ਵਾਲੇ ਬਾਜਰੇ ਦੀ ਬਿਜਾਈ ਮਾਰਚ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰਨੀ ਚਾਹੀਦੀ ਹੈ।

ਮੂੰਗਫ਼ਲੀ-ਮਟਰ-ਸੂਰਜਮੁਖੀ:

ਇਸ ਫ਼ਸਲੀ ਚੱਕਰ ਵਿੱਚ ਮੂੰਗਫ਼ਲੀ ਦੀ ਬਿਜਾਈ ਮਈ ਦੇ ਦੂਜੇ ਪੰਦਰਵਾੜ੍ਹੇ ਵਿੱਚ, ਮਟਰ ਦੀ ਬਿਜਾਈ ਅਕਤੂਬਰ ਦੇ ਦੂਜੇ ਪੰਦਰਵਾੜ੍ਹੇ ਅਤੇ ਸੂਰਜਮੁਖੀ ਦੀ ਬਿਜਾਈ ਫਰਵਰੀ ਦੇ ਪਹਿਲੇ ਪੰਦਰਵਾੜ੍ਹੇ ਵਿੱਚ ਕੀਤੀ ਜਾਂਦੀ ਹੈ।
ਬਹਾਰ ਰੁੱਤ ਦੀ ਮੂੰਗਫਲੀ-ਮੱਕੀ-ਆਲੂ/ਮਟਰ: ਇਸ ਫ਼ਸਲੀ ਚੱਕਰ ਵਿੱਚ ਮੂੰਗਫਲੀ ਦੀ ਬਿਜਾਈ ਮਾਰਚ ਦੇ ਪਹਿਲੇ ਪੰਦਰਵਾੜੇ ਤੱਕ, ਮੱਕੀ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਤੱਕ ਅਤੇ ਆਲੂ/ਮਟਰ ਦੀ ਬਿਜਾਈ ਅਕਤੂਬਰ ਦੇ ਅੱਧ ਤੱਕ ਕਰਨੀ ਚਾਹੀਦੀ ਹੈ।

ਬਹਾਰ ਰੁੱਤ ਦੀ ਮੂੰਗਫਲੀ-ਮੂੰਗੀ-ਆਲੂ/ਮਟਰ:

ਇਸ ਫ਼ਸਲੀ ਚੱਕਰ ਵਿੱਚ ਮੂੰਗਫਲੀ ਦੀ ਬਿਜਾਈ ਮਾਰਚ ਦੇ ਪਹਿਲੇ ਪੰਦਰਵਾੜੇ ਤੱਕ, ਮੂੰਗੀ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਤੱਕ ਅਤੇ ਆਲੂ/ਮਟਰ ਦੀ ਬਿਜਾਈ ਅਕਤੂਬਰ ਦੇ ਅੱਧ ਤੱਕ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ, Integrated Farming System ਦਾ ਮਾਡਲ ਅਪਣਾਓ: PAU

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਆਓ ਕਰੀਏ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ

ਸੋਇਆਬੀਨ-ਮਟਰ-ਗਰਮ ਰੁੱਤ ਦੀ ਮੂੰਗੀ:

ਇਹ ਫ਼ਸਲੀ ਚੱਕਰ ਦਾਲਾਂ ਤੇ ਅਧਾਰਿਤ ਹੋਣ ਕਰਕੇ ਰਵਾਇਤੀ ਫ਼ਸਲੀ ਚੱਕਰ ਨਾਲੋਂ ਵਧੇਰੇ ਆਰਥਿਕ ਲਾਭ ਦੇਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ। ਇਸ ਫ਼ਸਲੀ ਚੱਕਰ ਵਿੱਚ ਸੋਇਆਬੀਨ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ, ਮਟਰ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਅਤੇ ਗਰਮ ਰੁੱਤ ਦੀ ਮੂੰਗੀ ਨੂੰ ਮਾਰਚ ਦੇ ਦੂਸਰੇ ਪੰਦਰਵਾੜੇ ਵਿੱਚ ਬੀਜਿਆ ਜਾਂਦਾ ਹੈ।

ਮੱਕੀ (ਚਾਰਾ)-ਬਰਸੀਮ (ਚਾਰਾ)-ਬਾਜਰਾ (ਚਾਰਾ)/ ਮੱਕੀ+ਰਵਾਂਹ (ਚਾਰਾ):

ਇਹਨਾਂ ਫ਼ਸਲੀ ਚੱਕਰਾਂ ਤੋਂ ਸਾਰਾ ਸਾਲ ਹਰਾ ਚਾਰਾ ਲੈਣ ਲਈ ਮੱਕੀ ਨੂੰ ਅਗਸਤ ਦੇ ਦੂਜੇ ਹਫ਼ਤੇ ਬੀਜ ਕੇ ਬਿਜਾਈ ਤੋਂ 50-60 ਦਿਨਾਂ ਬਾਅਦ (ਜਦੋਂ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟਿਆ ਜਾਂਦਾ ਹੈ। ਇਸ ਤੋਂ ਬਾਅਦ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਬਰਸੀਮ ਬੀਜਣਾ ਚਾਹੀਦਾ ਹੈ ਜਿਸ ਤੋਂ 4-5 ਕਟਾਈਆਂ ਲਈਆਂ ਜਾ ਸਕਦੀਆਂ ਹਨ।

ਜੂਨ ਦੇ ਦੂਜੇ ਹਫ਼ਤੇ ਬਾਜਰਾ ਬੀਜ ਕੇ ਬਿਜਾਈ ਤੋਂ 45-55 ਦਿਨਾਂ ਬਾਅਦ (ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋਣ) ਕੱਟ ਲਿਆ ਜਾਂਦਾ ਹੈ। ਬਰਸੀਮ ਤੋਂ ਬਾਅਦ ਬਾਜਰੇ ਦੀ ਥਾਂ ਤੇ ਮੱਕੀ+ਰਵਾਂਹ ਨੂੰ ਰਲਾ ਕੇ ਜੂਨ ਦੇ ਦੂਜੇ ਹਫ਼ਤੇ ਬੀਜਿਆ ਜਾ ਸਕਦਾ ਹੈ। ਇਸ ਮਿਸ਼ਰਤ ਚਾਰੇ ਦੀ ਕਾਈ ਬਿਜਾਈ ਤੋਂ 50-60 ਦਿਨਾਂ ਬਾਅਦ (ਜਦੋਂ ਮੱਕੀ ਦੀ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ) ਕਰਨੀ ਚਾਹੀਦੀ ਹੈ।

ਹਲਦੀ-ਪਿਆਜ:

ਇਸ ਫ਼ਸਲੀ ਚੱਕਰ ਅਧੀਨ ਹਲਦੀ ਨੂੰ ਅਪ੍ਰੈਲ ਦੇ ਅੰਤ ਵਿੱਚ ਬੀਜਣਾ ਚਾਹੀਦਾ ਹੈ। ਇਹ ਫ਼ਸਲ ਨਵੰਬਰ ਦੇ ਅਖੀਰ ਵਿੱਚ ਖੇਤ ਖਾਲੀ ਕਰ ਦਿੰਦੀ ਹੈ ਜਿਸ ਵਿੱਚ ਹਾੜ੍ਹੀ ਰੁੱਤ ਦੇ ਪਿਆਜ਼ਾਂ ਦੀ ਪਨੀਰੀ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਜਨਵਰੀ ਤੱਕ ਪੁੱਟ ਕੇ ਲਾ ਦੇਣਾ ਚਾਹੀਦਾ ਹੈ। ਇਸਦੇ ਲਈ ਪਨੀਰੀ ਦੀ ਬਿਜਾਈ ਅੱਧ ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਕਰ ਲੈਣੀ ਚਾਹੀਦੀ ਹੈ।

ਜਗਮੋਹਨ ਕੌਰ, ਵਿਵੇਕ ਕੁਮਾਰ ਅਤੇ ਕੁਲਵੀਰ ਸਿੰਘ ਸੈਣੀ
ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਸਲ ਵਿਗਿਆਨ ਵਿਭਾਗ

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Why is change in traditional crop rotation necessary for crop diversification?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters