77th Independence Day: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਭਾਰਤ ਦਾ 77 ਵਾਂ ਅਜ਼ਾਦੀ ਦਿਹਾੜਾ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਹਾਜ਼ਰੀ ਭਰੀ। ਵਾਈਸ ਚਾਂਸਲਰ ਨੇ ਤਿਰੰਗਾ ਲਹਿਰਾਇਆ ਅਤੇ ਐਨ ਸੀ ਸੀ ਕੈਡਿਟਾਂ ਦੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਰਾਸ਼ਟਰੀ ਗਾਣ ਵੀ ਵਜਾਇਆ ਗਿਆ।
ਡਾ. ਗੋਸਲ ਨੇ ਇਸ ਮਹਾਨ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦਿਨ ਦੇਸ਼ ਨੂੰ 200 ਸਾਲ ਦੇ ਬਰਤਾਨਵੀ ਸ਼ਾਸਨ ਤੋਂ ਮੁਕਤੀ ਮਿਲੀ ਸੀ। ਅੱਜ ਆਜ਼ਾਦੀ ਸਾਢੇ ਸੱਤ ਦਹਾਕਿਆਂ ਦੀ ਹੋ ਗਈ ਹੈ। ਆਜ਼ਾਦੀ ਤੋਂ ਬਾਅਦ ਸਾਡੇ ਸਮਾਜ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਸਨ। ਇਨ੍ਹਾਂ ਵਿਚੋਂ ਪ੍ਰਮੁੱਖ ਦੇਸ਼ ਵਾਸੀਆਂ ਨੂੰ ਭੁੱਖਮਰੀ ਤੋਂ ਬਚਾਉਣ ਦੀ ਸੀ। ਪੀਏਯੂ ਨੇ ਇਸ ਚੁਣੌਤੀ ਸਾਮ੍ਹਣੇ ਹਰੇ ਇਨਕਲਾਬ ਦੀ ਨੀਂਹ ਰੱਖੀ ਜਿਸ ਵਿਚ ਕਿਸਾਨਾਂ ਨੇ ਡਟ ਕੇ ਸਹਿਯੋਗ ਕੀਤਾ। ਡਾ. ਗੋਸਲ ਨੇ ਕਿਹਾ ਕਿ ਉਸ ਦੌਰ ਵਿਚ ਕੰਮ ਕਰਨ ਵਾਲੇ ਵਿਗਿਆਨੀਆਂ, ਵਿਦਿਆਰਥੀਆਂ ਤੇ ਕਾਮਿਆਂ ਨੂੰ ਸਲਾਮ ਕਰਨਾ ਬਣਦਾ ਹੈ। ਇਹ ਮਿਹਨਤ ਅੱਜ ਤੱਕ ਜਾਰੀ ਹੈ। ਇਸੇ ਦਾ ਨਤੀਜਾ ਹੈ ਕਿ ਪੀਏਯੂ ਨੂੰ 2023 ਵਿਚ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ ਹੈ।
ਡਾ. ਗੋਸਲ ਨੇ ਕਿਹਾ ਕਿ ਪੀ ਏ ਯੂ ਨੇ ਅੰਨ ਸੁਰੱਖਿਆ ਲਈ ਤਕਨੀਕੀ ਹੱਲ ਤਲਾਸ਼ ਕੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਅਪਣਾ ਭਰਪੂਰ ਯੋਗਦਾਨ ਪਾਇਆ ਹੈ। ਸਾਡੇ ਵਿਗਿਆਨੀ ਅਤੇ ਵਿਦਿਆਰਥੀ ਸਮੇਂ ਸਮੇਂ ਸੰਸਥਾ ਲਈ ਮਾਣ ਦੀਆਂ ਘੜੀਆਂ ਹਾਸਿਲ ਕਰਦੇ ਰਹਿੰਦੇ ਹਨ। ਅਮਲੇ ਦਾ ਹਰ ਜੀਅ ਆਪਣੇ ਕੰਮ ਨੂੰ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਹੈ।
ਉਨ੍ਹਾਂ ਯੂਨੀਵਰਸਿਟੀ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਖੇਤੀ ਸਿਖਲਾਈਆਂ ਦਾ ਜ਼ਿਕਰ ਕੀਤਾ। ਵਾਈਸ ਚਾਂਸਲਰ ਨੇ ਕਿਹਾ ਕਿ ਸਾਡੇ ਦੇਸ਼ਭਗਤਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਜੋ ਅਜ਼ਾਦੀ ਹਾਸਿਲ ਕੀਤੀ ਸੀ ਉਸਨੂੰ ਬਰਕਰਾਰ ਰੱਖਣ ਤੇ ਬਿਹਤਰ ਬਣਾਉਣ ਦਾ ਜ਼ਿੰਮਾ ਨਵੀਂ ਪੀੜ੍ਹੀ ਸਿਰ ਹੈ। ਨਾਲ ਹੀ ਖੇਤੀ ਖੇਤਰ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨੌਜਵਾਨ ਵਿਗਿਆਨੀਆਂ ਨੂੰ ਡਟ ਕੇ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਿਰਤ ਨਾਲ ਕਿਸਾਨੀ ਦੀ ਖੁਸ਼ਹਾਲੀ ਸੰਭਵ: PAU Vice Chancellor
ਉਨ੍ਹਾਂ ਖੇਤੀ ਵਿਭਿੰਨਤਾ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੱਤਾ। ਨਾਲ ਹੀ ਪ੍ਰੋਸੈਸਿੰਗ ਵਰਗੀਆਂ ਨਵੀਆਂ ਵਿਧੀਆਂ ਅਪਣਾਉਣ ਲਈ ਵੀ ਕਿਸਾਨਾਂ ਨੇ ਪ੍ਰੇਰਿਤ ਕਰਦਿਆਂ ਡਾ ਗੋਸਲ ਨੇ ਇਸਨੂੰ ਅਜੋਕੇ ਸਮੇਂ ਦੀ ਲੋੜ ਕਿਹਾ। ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਵਿਸ਼ਵੀਕਰਨ ਦੀ ਚਕਾਚੌਂਧ ਵਿਚ ਗਵਾਚ ਕੇ ਆਪਣੀਆਂ ਜੜ੍ਹਾਂ ਭੁੱਲ ਜਾਣ ਤੋਂ ਸੁਚੇਤ ਕੀਤਾ ਅਤੇ ਸਵਦੇਸ਼ੀ ਆਚਾਰ, ਵਿਹਾਰ ਅਤੇ ਕਿਰਦਾਰ ਨੂੰ ਅਪਨਾਉਣ ਲਈ ਅਪੀਲ ਕੀਤੀ।
ਇਹ ਵੀ ਪੜ੍ਹੋ: ਖੇਤੀ ਖੋਜ ਨੂੰ Farmers ਅਤੇ Industry ਤੱਕ ਲਿਜਾਣਾ ਹੀ PAU ਦਾ ਉਦੇਸ਼: Dr. Gosal
ਇਸ ਤੋ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਮੁੱਖ ਮਹਿਮਾਨ, ਅਫਸਰ ਸਾਹਿਬਾਨ, ਫੈਕਲਟੀ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਜ਼ਾਦੀ ਲਈ ਲੜਾਈ ਦਾ ਸੰਘਰਸ਼ ਬਹੁਰੰਗਾ ਸੀ। ਉਸ ਵਿਚ ਨੌਜਵਾਨੀ ਦਾ ਜੋਸ਼ ਤੇ ਪਕੇਰੀ ਉਮਰ ਦੇ ਤਜਰਬੇ ਦਾ ਸੁਮੇਲ ਸੀ।
ਇਹ ਵੀ ਪੜ੍ਹੋ: Flood Affected Farmers ਤੱਕ ਪਹੁੰਚਾਈ ਜਾ ਰਹੀ ਹੈ ਝੋਨੇ ਅਤੇ ਬਾਸਮਤੀ ਦੀ ਪਨੀਰੀ
ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਚੰਗੀਆਂ ਕੀਮਤਾਂ ਦੀ ਉਸਾਰੀ ਲਈ ਜੰਗ ਲੜੀ ਗਈ ਜਿਨ੍ਹਾਂ ਵਿਚ ਭੁੱਖਮਰੀ ਦੂਰ ਕਰਨ ਤੇ ਅੰਨ ਸੁਰੱਖਿਆ ਲਈ ਪੀਏਯੂ ਵਲੋਂ ਕੀਤਾ ਕਾਰਜ ਇਤਿਹਾਸਕ ਹੈ। ਡਾ. ਜੌੜਾ ਨੇ ਕਿਹਾ ਕਿ ਆਜ਼ਾਦੀ ਨੂੰ ਮਾਣਦੇ ਸਮੇਂ ਇਸਦੀ ਰੱਖਿਆ ਕਰਨ ਤੇ ਇਸਨੂੰ ਬਰਕਰਾਰ ਰੱਖਣ ਦੀ ਲੋੜ ਹੈ। ਅੱਜ ਨਸ਼ਿਆਂ ਤੋਂ ਅਜ਼ਾਦੀ ਲਈ ਲੜਾਈ ਦੀ ਲੋੜ ਹੈ।
ਇਹ ਵੀ ਪੜ੍ਹੋ: ਇਥੋਂ ਲਓ PR-126 ਅਤੇ Pusa Basmati-1509 ਦੀ ਮੁਫਤ ਪਨੀਰੀ
ਅੰਤ ਵਿਚ ਧੰਨਵਾਦ ਦੇ ਸ਼ਬਦ ਸਮਾਗਮ ਦਾ ਸੰਚਾਲਨ ਕਰ ਰਹੇ ਭਲਾਈ ਅਧਿਕਾਰੀ ਗਰਪ੍ਰੀਤ ਵਿਰਕ ਨੇ ਕਹੇ। ਇਸ ਮੌਕੇ ਪੀਏਯੂ ਦੇ ਉੱਚ ਅਧਿਕਾਰੀ ਅਤੇ ਸਮੂਹ ਵਿਭਾਗਾਂ ਦੇ ਮੁਖੀ ਅਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਿਰ ਸਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: 77th Independence Day was celebrated with enthusiasm at PAU