ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇੱਕ ਨੌਂ ਮੈਂਬਰੀ ਵਫ਼ਦ ਨੇ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਨਵੀਂ ਦਿੱਲੀ ਵਿਖੇ ਭਾਰਤ ਮੰਡਪਮ ਵਿੱਚ ਕਰਵਾਏ ਗਏ ਜੀ-20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਵਿਚ ਹਿੱਸਾ ਲਿਆ।
ਇਹ ਪ੍ਰੋਗਰਾਮ ਵਿਕਾਸਸ਼ੀਲ ਮੁਲਕਾਂ ਦੇ ਖੋਜ ਅਤੇ ਸੂਚਨਾ ਢਾਂਚਾ ਵਿਭਾਗ ਦੇ ਸਹਿਯੋਗ ਨਾਲ ਜੀ-20 ਯੂਨੀਵਰਸਿਟੀ ਕਨੈਕਟ ਦੇ ਤਹਿਤ, ਸਮਾਗਮਾਂ ਦਾ ਸਫਲਤਾਪੂਰਵਕ ਆਯੋਜਨ ਕਰਨ ਵਾਲੀਆਂ ਯੂਨੀਵਰਸਿਟੀਆਂ ਨੂੰ ਵਧਾਈ ਦੇਣ ਲਈ ਆਯੋਜਿਤ ਕੀਤਾ ਗਿਆ ਸੀ। ਪੂਰੇ ਭਾਰਤ ਦੀਆਂ 101 ਯੂਨੀਵਰਸਿਟੀਆਂ ਦੇ ਕੁੱਲ 3000 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਸੀ।
ਸ਼੍ਰੀ ਮੋਦੀ ਨੇ ਨੌਜਵਾਨਾਂ ਸਾਹਮਣੇ ਆਪਣੀ ਭਵਿੱਖੀ ਸੋਚ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜੀ-20 ਸੰਮੇਲਨ ਦੇ ਸਫਲ ਆਯੋਜਨ ਦਾ ਸਿਹਰਾ ਦੇਸ਼ ਦੀ ਨੌਜਵਾਨ ਊਰਜਾ ਨੂੰ ਦਿੱਤਾ।
ਉਨ੍ਹਾਂ ਨੇ ਦੇਸ਼ ਭਰ ਵਿੱਚ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਕਰਨ ਅਤੇ ਜੀ-20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਨੂੰ ਸ਼ਾਨਦਾਰ ਸਫ਼ਲ ਬਣਾਉਣ ਲਈ ਉੱਚ ਵਿਦਿਅਕ ਸੰਸਥਾਵਾਂ ਦੀ ਸ਼ਲਾਘਾ ਕੀਤੀ। 'ਵੋਕਲ ਫਾਰ ਲੋਕਲ' ਨੂੰ ਉਤਸਾਹਿਤ ਕਰਦੇ ਹੋਏ ਉਨ੍ਹਾਂ ਨੇ ਨੌਜਵਾਨਾਂ ਨੂੰ ਖਾਦੀ ਪਹਿਨਣ ਅਤੇ ਸਥਾਨਕ ਕਾਰੀਗਰਾਂ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਡੇਅਰੀ, ਬੱਕਰੀਆਂ, ਸੂਰ ਤੇ ਮੱਛੀ, ਇਕੋ ਫਾਰਮ ਤੇ ਆਮਦਨ ਅੱਛੀ
ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਸੰਦਰਭ ਵਿੱਚ 'ਸਵੱਛਤਾ ਹੀ ਸੇਵਾ' ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ। ਉਨ੍ਹਾਂ ਨੇ 1 ਅਕਤੂਬਰ 2023 ਨੂੰ "ਇੱਕ ਤਾਰੀਖ਼ ਇੱਕ ਘੰਟਾ ਇੱਕ ਸਾਥ" ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ।
ਵਫ਼ਦ ਵਿੱਚ ਡਾ. ਨਿਤਿਨ ਵਾਕਚੌਰੇ, ਡਾ. ਸਰਬਜੀਤ ਕੌਰ ਅਤੇ ਡਾ. ਨਿਧੀ ਸ਼ਰਮਾ ਦੇ ਨਾਲ ਵੈਟਨਰੀ ਯੂਨੀਵਰਸਿਟੀ ਦੇ ਚਾਰ ਕਾਲਜਾਂ ਦੇ ਵਿਦਿਆਰਥੀ ਨੁਮਾਇੰਦੇ ਸ਼ਾਮਲ ਸਨ। ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ 'ਵਰਸਿਟੀ ਦੇ ਜੀ - 20 ਗਤੀਵਿਧੀਆਂ ਦੇ ਸਿਰਮੌਰ ਅਧਿਕਾਰੀ ਨੇ ਰਾਸ਼ਟਰੀ ਸਮਾਗਮ 'ਚ ਨੁਮਾਇੰਦਗੀ ਕਰਨ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: A delegation of GADVASU participated in the national event of G-20 programs