ਮਹਿੰਦਰ ਸਿੰਘ ਰੰਧਾਵਾ (Mohinder Singh Randhawa)
MS Randhawa: ਮਹਿੰਦਰ ਸਿੰਘ ਰੰਧਾਵਾ ਪੰਜਾਬੀਅਤ ਦਾ ਸੱਚਾ ਸਪੂਤ ਸੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦ ਨਾਲ ਭਰਿਆ ਮਨੁੱਖ। ਉਨ੍ਹਾਂ ਨੇ ਪੰਜਾਬ ਰਾਜ ਦੀ ਆਰਥਿਕਤਾ ਨੂੰ ਸੁਧਾਰਨ, ਚੰਡੀਗੜ੍ਹ ਦੀ ਯੋਜਨਾਬੰਦੀ ਅਤੇ ਵਿਕਾਸ, ਹਰੀ ਕ੍ਰਾਂਤੀ ਅਤੇ ਦੇਸ਼ ਵੰਡ ਸਮੇਂ ਉਜਾੜੇ ਗਏ ਲੋਕਾਂ ਦੇ ਮੁੜ ਵਸੇਬੇ ਲਈ ਅਹਿਮ ਭੂਮਿਕਾ ਨਿਭਾਈ।
ਉਹ ਪੰਜਾਬ ਦੇ ਸਿਵਲ ਸੇਵਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਤੋਂ ਪਹਿਲਾਂ ਇਕ ਬਨਸਪਤੀ ਵਿਗਿਆਨੀ, ਇਤਿਹਾਸਕਾਰ, ਕਲਾ ਅਤੇ ਸੱਭਿਆਚਾਰ ਦੇ ਹਰਕਾਰੇ ਅਤੇ ਇੱਕ ਉੱਘੇ ਲੇਖਕ ਸਨ।
ਡਾ. ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ, ਪਰ ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਉਨ੍ਹਾਂ ਨੇ ਖਾਲਸਾ ਹਾਈ ਸਕੂਲ ਮੁਕਤਸਰ ਤੋਂ 1924 ਵਿੱਚ ਮੈਟ੍ਰਿਕ ਅਤੇ 1930 ਵਿੱਚ ਸਰਕਾਰੀ ਕਾਲਜ ਲਾਹੌਰ ਤੋਂ ਐਮਐਸਸੀ (ਆਨਰਜ਼) ਬੌਟਨੀ ਕੀਤੀ। 1955 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜ਼ਿਆ। ਡਾ. ਰੰਧਾਵਾ ਦੀ ਚੋਣ 1934 ਵਿੱਚ ਭਾਰਤੀ ਸਿਵਲ ਸੇਵਾ ਲਈ ਹੋਈ ਅਤੇ ਉਨ੍ਹਾਂ ਨੂੰ ਯੂ ਪੀ ਕਾਡਰ ਦਿੱਤਾ ਗਿਆ ਸੀ।
ਦੇਸ਼ ਵੰਡ ਵੇਲੇ ਮਹਿੰਦਰ ਸਿੰਘ ਰੰਧਾਵਾ ਦਿੱਲੀ ਦਾ ਡਿਪਟੀ ਸੀ। ਉਸਦੀ ਪ੍ਰਸ਼ਾਸਨਿਕ ਚੌਕਸੀ ਨੇ ਦਿੱਲੀ ਨੂੰ ਦੰਗਿਆਂ ਤੋਂ ਬਚਾਈ ਰੱਖਿਆ। ਡਿਪਟੀ ਕਮਿਸ਼ਨਰ ਹੋਣ ਦੇ ਨਾਤੇ ਉਨ੍ਹਾਂ 15 ਅਗਸਤ 1947 ਦੇ ਇਤਿਹਾਸਕ ਸਮਾਰੋਹ ਲਈ ਸਾਰੇ ਪ੍ਰਬੰਧ ਕੀਤੇ ਸਨ, ਜਦੋਂ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਲਾਲ ਕਿਲੇ ਦੀ ਕੰਧ ਤੋਂ ਤਿਰੰਗਾ ਝੰਡਾ ਲਹਿਰਾਇਆ ਸੀ ਅਤੇ ਆਪਣਾ ਮਸ਼ਹੂਰ ਭਾਸ਼ਣ ਦਿੱਤਾ ਤਾਂ ਰੰਧਾਵਾ ਜੀ ਉਨ੍ਹਾਂ ਦੇ ਅੰਗ ਸੰਗ ਰਹੇ। ਉਸ ਭਾਸ਼ਣ ਦੀ ਫੋਟੋ ਵਿਚ ਡਾ. ਰੰਧਾਵਾ ਨੂੰ ਪੰਡਿਤ ਨਹਿਰੂ ਨਾਲ ਵੇਖਿਆ ਜਾ ਸਕਦਾ ਹੈ।
1953 ਵਿੱਚ, ਉਨ੍ਹਾਂ ਨੂੰ ਵਿਕਾਸ ਕਮਿਸ਼ਨਰ, ਅਤੇ ਕਮਿਸ਼ਨਰ ਮੁੜ ਵਸੇਬਾ ਅਤੇ ਇਵੈਕੁਈ ਪ੍ਰਾਪਰਟੀ ਪੰਜਾਬ ਨਿਯੁਕਤ ਕੀਤਾ ਗਿਆ ਸੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਹਦਾਇਤ ਅਨੁਸਾਰ ਡਾ. ਰੰਧਾਵਾ ਨੇ 1947 ਦੀ ਵੰਡ ਸਮੇਂ ਪਾਕਿਸਤਾਨ ਵਿੱਚ ਆਪਣੀ ਜ਼ਮੀਨ ਛੱਡਣ ਵਾਲਿਆਂ ਦੇ ਮੁੜਵਸੇਬੇ ਲਈ ਜ਼ਮੀਨ ਅਤੇ ਮਕਾਨ ਅਲਾਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। 1955 ਵਿੱਚ ਉਹ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਉਪ ਪ੍ਰਧਾਨ ਬਣੇ। ਉਨ੍ਹਾਂ ਨੇ ਕੁਦਰਤੀ ਸਰੋਤ ਯੋਜਨਾ ਕਮਿਸ਼ਨ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ।
ਡਾ. ਰੰਧਾਵਾ ਨੂੰ 1966 ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਹ ਚੰਡੀਗੜ੍ਹ ਸ਼ਹਿਰ ਸੀ ਯੋਜਨਾਬੰਦੀ ਬਾਰੇ ਕਮੇਟੀ ਦੇ ਚੇਅਰਮੈਨ ਸਨ। ਚੰਡੀਗੜ੍ਹ ਦੀ ਲੈਂਡਸਕੇਪਿੰਗ ਦੀ ਯੋਜਨਾ ਬਣਾਉਣ ਸਮੇਂ ਡਾ. ਰੰਧਾਵਾ ਅੰਦਰਲਾ ਬਨਸਪਤੀ ਮਾਹਿਰ ਉਜਾਗਰ ਹੋਇਆ। ਉਹ ਲਾਹੌਰ ਬਾਰੇ ਪੰਜਾਬੀਆਂ ਦੇ ਹੇਰਵੇ ਤੋਂ ਜਾਣੂੰ ਸਨ ਤੇ ਨਵੇਂ ਵਸਦੇ ਸ਼ਹਿਰ ਨੂੰ ਸੱਭਿਆਚਾਰ ਦੀ ਰਾਜਧਾਨੀ ਬਣਾਉਣਾ ਚਾਹੁੰਦੇ ਸਨ। ਇਸ ਲਈ ਚੰਡੀਗੜ੍ਹ ਮਿਊਜ਼ੀਅਮ, ਪੰਜਾਬੀ ਆਰਟਸ ਕੌਂਸਲ ਅਤੇ ਕਲਚਰਲ ਹੈਰੀਟੇਜ ਮਿਊਜ਼ੀਅਮ ਦੀ ਸਥਾਪਨਾ ਰੰਧਾਵਾ ਦੀ ਨਿਗਰਾਨੀ ਹੇਠ ਹੋਈ।
ਚੰਡੀਗੜ੍ਹ ਵਿੱਚ ਰੋਜ਼ ਗਾਰਡਨ, ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਚੰਡੀਗੜ੍ਹ ਅਤੇ ਐਂਗਲੋ ਸਿੱਖ ਵਾਰਜ਼ ਮੈਮੋਰੀਅਲ ਫ਼ਿਰੋਜ਼ਪੁਰ ਲੁਧਿਆਣਾ ਵੀ ਉਨ੍ਹਾਂ ਨੇ ਸਥਾਪਿਤ ਕਰਵਾਏ। ਏਥੋਂ ਤਕ ਕਿ ਧਰਮਸ਼ਾਲਾ ਵਿਖੇ ਕਾਂਗੜਾ ਪੇਂਡੂ ਜੀਵਨ ਅਜਾਇਬ ਘਰ ਸਥਾਪਿਤ ਕਰਕੇ ਉਨ੍ਹਾਂ ਪੰਜਾਬ ਦੇ ਪਹਾੜੀ ਖੇਤਰ ਦੇ ਸੱਭਿਆਚਾਰ ਨੂੰ ਸੰਭਾਲਣ ਲਈ ਯੋਗਦਾਨ ਪਾਇਆ। ਕਾਂਗੜਾ ਦੇ ਕਿਲ੍ਹੇ ਦੀ ਸੰਭਾਲ ਅਤੇ ਮੁਰੰਮਤ ਦਾ ਕਾਰਜ ਰੰਧਾਵਾ ਦੀ ਵਿਸ਼ੇਸ਼ ਦਿਲਚਸਪੀ ਨਾਲ ਨੇਪਰੇ ਚੜ੍ਹੇ।
ਡਾ. ਰੰਧਾਵਾ ਆਉਂਦੀਆਂ ਨਸਲਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜਾਣੂੰ ਕਰਾਉਣ ਦੇ ਚਾਹਵਾਨ ਸਨ। ਇਸ ਲਈ ਉਨ੍ਹਾਂ ਪੌਣੀ ਦਰਜਨ ਦੇ ਕਰੀਬ ਅਜਾਇਬ ਘਰ ਉਦੋਂ ਦੇ ਪੰਜਾਬ ਵਿੱਚ ਸਥਾਪਿਤ ਕਰਵਾਏ। ਇਨ੍ਹਾਂ ਵਿਚੋਂ ਪੀ.ਏ.ਯੂ. ਵਿਚ ਸਥਿਤ ਪੰਜਾਬ ਦੇ ਪੇਂਡੂ ਸੱਭਿਆਚਾਰ ਦਾ ਅਜਾਇਬਘਰ ਸਭ ਤੋਂ ਅਹਿਮ ਸਮਾਰਕ ਹੈ।
ਇਹ ਵੀ ਪੜ੍ਹੋ: Good News: ਉੱਘੇ ਪੌਦਾ ਰੋਗ ਮਾਹਿਰ ਡਾ. ਪ੍ਰਭਜੋਧ ਸਿੰਘ ਸੰਧੂ PAU ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨਿਯੁਕਤ
ਉਹ ਇਹ ਵੀ ਚਾਹੁੰਦੇ ਸਨ ਕਿ ਵਿਰਸੇ ਦੀ ਜਾਣਕਾਰੀ ਦੇ ਨਾਲ-ਨਾਲ ਨਵੀਆਂ ਪੀੜ੍ਹੀਆਂ ਨਵੇਂ ਯੁੱਗ ਦੀਆਂ ਹਾਣੀ ਵੀ ਬਣਨ। ਇਸ ਕਾਰਜ ਲਈ ਉਨ੍ਹਾਂ ਲਾਇਬ੍ਰੇਰੀਆਂ ਵੀ ਬਣਵਾਈਆਂ। ਡਾ. ਰੰਧਾਵਾ ਨੂੰ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦਾ ਪ੍ਰਸਾਰ ਕਰਨ ਲਈ ਖਾਸ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਬਹੁਤ ਸਾਰੇ ਲੇਖਕਾਂ ਦੀ ਪੁਸ਼ਤਪਨਾਹੀ ਕਰਨ ਲਈ ਡਾ. ਰੰਧਾਵਾ ਨੇ ਮਿਸਾਲ ਕਾਇਮ ਕੀਤੀ। ਲੁਧਿਆਣਾ ਕਿਆਮ ਦੌਰਾਨ ਉਹ ਬੜਾ ਲੰਮਾ ਸਮਾਂ ਪੰਜਾਬੀ ਭਵਨ ਦੇ ਆਗੂ ਦੇ ਤੌਰ 'ਤੇ ਸਰਗਰਮ ਰਹੇ।
ਡਾ. ਰੰਧਾਵਾ ਨੇ ਹਰੀ ਕ੍ਰਾਂਤੀ ਲਈ ਜ਼ਮੀਨ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਜ਼ਮੀਨ ਦੀ ਮੁਰੱਬੇਬੰਦੀ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਹੋਈ ਜਿਸ ਨਾਲ ਪਿੰਡਾਂ ਦੀ ਜ਼ਮੀਨ ਨੂੰ ਵਿਉਂਤ ਕੇ ਖੇਤੀ ਦੇ ਵਿਕਾਸ ਲਈ ਆਧਾਰ ਤਿਆਰ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਭਾਖੜਾ ਡੈਮ, ਸੜਕਾਂ ਦਾ ਜਾਲ ਅਤੇ ਪਿੰਡਾਂ ਵਿੱਚ ਬਿਜਲੀਕਰਨ ਕਰਨ ਦਾ ਸੁਝਾਅ ਦਿੱਤਾ। 1968 ਵਿੱਚ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ ਹੋਏ।
ਉਨ੍ਹਾਂ ਨਵੀਨਤਮ ਤਕਨਾਲੋਜੀ ਪ੍ਰਾਪਤ ਕਰਨ ਲਈ ਬਹੁਤ ਸਾਰੇ ਵਿਗਿਆਨੀਆਂ ਨੂੰ ਉੱਚ ਸਿੱਖਿਆ ਲਈ ਅਮਰੀਕਾ ਭੇਜਿਆ ਅਤੇ ਆਪਣੇ ਕਾਰਜਕਾਲ ਦੌਰਾਨ ਵਿਗਿਆਨੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਸ ਦੌਰ ਵਿਚ ਪ੍ਰਯੋਗਸ਼ਾਲਾਵਾਂ ਵਿੱਚ ਸ਼ਾਮ ਨੂੰ ਅਤੇ ਦੇਰ ਰਾਤ ਤੱਕ ਕੰਮ ਕਰਨਾ ਆਮ ਗੱਲ ਸੀ। ਰੰਧਾਵਾ ਅਜਿਹੀ ਪ੍ਰਭਾਵਸ਼ਾਲੀ ਸ਼ਖਸੀਅਤ ਸਨ ਕਿ ਹਰ ਕੋਈ ਉਨ੍ਹਾਂ ਦਾ ਕਹਿਣਾ ਮੰਨਦਾ ਸੀ ਅਤੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਦਾ ਸੀ। ਪੀ.ਏ.ਯੂ ਨੂੰ ਸਾਹਿਤਕ ਅਤੇ ਸੱਭਿਆਚਾਰਕ ਮੰਚ ਬਣਾਉਣ ਲਈ ਉਨ੍ਹਾਂ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਨੂੰ ਏਥੇ ਲਿਆਂਦਾ। ਇਨ੍ਹਾਂ ਵਿਚ ਪ੍ਰੋ. ਮੋਹਨ ਸਿੰਘ, ਡਾ. ਸੁਰਜੀਤ ਪਾਤਰ, ਅਜਾਇਬ ਚਿਤ੍ਰਕਾਰ, ਕ੍ਰਿਸ਼ਨ ਅਦੀਬ, ਡਾ. ਸਾਧੂ ਸਿੰਘ ਆਦਿ ਪੰਜਾਬੀ ਸਾਹਿਤ ਦੇ ਇਤਿਹਾਸਕ ਮਹੱਤਤਾ ਵਾਲੇ ਨਾਂ ਹਨ।
ਉਨ੍ਹਾਂ ਦੇ ਸਰਦਾਰ ਵੱਲਭ ਭਾਈ ਪਟੇਲ, ਸ. ਪ੍ਰਤਾਪ ਸਿੰਘ ਕੈਰੋਂ ਅਤੇ ਪੰਡਿਤ ਨਹਿਰੂ ਨਾਲ ਕੰਮ ਸਦਕਾ ਨਿੱਘੇ ਸਬੰਧ ਸਨ। ਡਾ. ਰੰਧਾਵਾ ਨੇ ਪੰਜਾਬ ਸਰਕਾਰ ਨੂੰ ਸਾਰੇ ਪਿੰਡਾਂ ਅਤੇ ਕਸਬਿਆਂ ਨੂੰ ਸੜਕਾਂ ਨਾਲ ਜੋੜਨ ਦਾ ਸੁਝਾਅ ਦਿੱਤਾ। ਇਸ ਤਰ੍ਹਾਂ ਨਹਿਰਾਂ, ਬਿਜਲੀ, ਟਿਊਬਵੈੱਲ, ਸੜਕਾਂ ਅਤੇ ਖੇਤੀ ਵਿਗਿਆਨੀ ਡਾ. ਡੀ.ਐਸ. ਅਠਵਾਲ ਅਤੇ ਉਨ੍ਹਾਂ ਦੀ ਟੀਮ ਨੇ ਡਾ. ਹਰੀ ਕ੍ਰਾਂਤੀ ਵਿਚ ਅਹਿਮ ਭੂਮਿਕਾ ਨਿਭਾਈ।
ਕਲਿਆਣ ਅਤੇ ਪੀ ਬੀ 18 ਵਰਗੀਆਂ ਕਣਕ ਦੀਆਂ ਕਿਸਮਾਂ ਦਾ ਵਿਕਾਸ ਹਰੀ ਕ੍ਰਾਂਤੀ ਦੀ ਸ਼ੁਰੂਆਤ ਸੀ। ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚ ਹਿਮਾਲਿਆ ਦਾ ਜਨਮ, ਰਾਖ ਚੋਂ ਉੱਗੇ, ਫੁੱਲਦਾਰ ਰੁੱਖ, ਸੁੰਦਰ ਰੁੱਖ ਅਤੇ ਬਾਗ, ਭਾਰਤ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ, ਕਾਂਗੜਾ ਵੈਲੀ ਪੇਂਟਿੰਗਜ਼, ਪੰਜਾਬ ਵਿੱਚ ਹਰੀ ਕ੍ਰਾਂਤੀ, ਭਾਰਤੀ ਮੂਰਤੀ: ਦ੍ਰਿਸ਼, ਥੀਮ ਅਤੇ ਦੰਤਕਥਾ, ਭਾਰਤੀ ਚਿੱਤਰਕਾਰੀ, ਪੰਜਾਬ, ਭਾਰਤੀ ਮੂਰਤੀ ਕਲਾ, ਥੀਮ ਐਂਡ ਲੈਜੇਂਡਸ, ਏ ਹਿਸਟਰੀ ਆਫ਼ ਐਗਰੀਕਲਚਰ ਇਨ ਇੰਡੀਆ ਚਾਰ ਜਿਲਦਾਂ ਵਿਚ ਪ੍ਰਮੁੱਖ ਹਨ।
ਡਾ. ਰੰਧਾਵਾ ਆਪਣੇ ਪੰਜਾਬੀਅਤ ਦੇ ਪ੍ਰੇਮ ਲਈ ਰਹਿੰਦੀ ਦੁਨੀਆਂ ਤਕ ਜਾਣੇ ਜਾਣਗੇ।
ਸਰੋਤ: ਜਗਵਿੰਦਰ ਜੋਧਾ ਅਤੇ ਤੇਜਿੰਦਰ ਸਿੰਘ ਰਿਆੜ
ਸੰਚਾਰ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
Summary in English: A Legend Unfolded, the guardian of Punjab, Punjabi and Punjabiyat: Mohinder Singh Randhawa, Aap Beeti