Dairy Animals: ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਨੈਸ਼ਨਲ ਅਕੈਡਮੀ ਆਫ਼ ਵੈਟਰਨਰੀ ਸਾਇੰਸਜ਼ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਦੋ ਰੋਜ਼ਾ 21ਵੀਂ ਕਨਵੋਕੇਸ਼ਨ ਅਤੇ ਵਿਗਿਆਨਕ ਕਾਨਫਰੰਸ 1 ਜੁਲਾਈ ਨੂੰ ਸ਼ੁਰੂ ਹੋਈ ਅਤੇ 'ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਨੀਤੀਆਂ’' ਵਿਸ਼ੇ 'ਤੇ ਮਹੱਤਵਪੂਰਨ ਚਰਚਾ ਨਾਲ ਸਮਾਪਤ ਹੋਈ।
ਸਮਾਪਤੀ ਸਮਾਰੋਹ ਵਿੱਚ ਡਾ. ਓ.ਪੀ.ਚੌਧਰੀ, ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਇੰਦਰਜੀਤ ਸਿੰਘ, ਵਾਈਸ-ਚਾਂਸਲਰ, ਅਕੈਡਮੀ ਦੇ ਪ੍ਰਧਾਨ ਡਾ. ਡੀ.ਵੀ.ਆਰ. ਪ੍ਰਕਾਸ਼ ਰਾਓ ਅਤੇ ਜਨਰਲ ਸਕੱਤਰ ਮੇਜਰ ਜਨਰਲ (ਸੇਵਾਮੁਕਤ) ਐਮ.ਐਲ.ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ ਨਾਮਵਰ ਮਾਹਿਰਾਂ, ਉਦਯੋਗਪਤੀਆਂ, ਪੇਸ਼ੇਵਰਾਂ ਅਤੇ ਵਿਗਿਆਨੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਸ਼ੂ ਉਤਪਾਦਨ ਨੂੰ ਵਧਾਉਣ ਲਈ ਨਸਲ ਸੁਧਾਰ, ਪ੍ਰਜਨਨ, ਸਿਹਤ, ਪੋਸ਼ਣ, ਪ੍ਰਬੰਧਨ ਅਤੇ ਵਿਸਥਾਰ ਦੇ ਵਿਸ਼ਿਆਂ ਨੂੰ ਕਵਰ ਕਰਦੇ ਹੋਏ ਛੇ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਗਏ।
ਵਾਈਸ-ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਤਸੱਲੀ ਪ੍ਰਗਟਾਈ ਕਿ ਕਾਨਫਰੰਸ ਵਿੱਚ ਕਈ ਨੁਕਤਿਆਂ ਅਤੇ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਕਰਵਾਏ ਜਾ ਰਹੇ ਵਿਚਾਰ ਵਟਾਂਦਰਿਆਂ ਦੌਰਾਨ ਬਹੁਤ ਹੀ ਮਹੱਤਵਪੂਰਨ ਅਤੇ ਵਿਹਾਰਕ ਗਿਆਨ ਇਕੱਤਰ ਕੀਤਾ ਗਿਆ, ਜੋ ਕਿ ਭਵਿੱਖ ਵਿੱਚ ਪਸ਼ੂ ਭਲਾਈ ਲਈ ਲਾਹੇਵੰਦ ਹੋਵੇਗਾ।
ਡਾ. ਓ.ਪੀ.ਚੌਧਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਨਵੀਆਂ ਬਣਤਰਾਂ ਅਤੇ ਗਿਆਨ ਦੇ ਨੁਕਤਿਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਰਲ ਢੰਗ ਵਿੱਚ ਉਨ੍ਹਾਂ ਦੀਆਂ ਬਰੂਹਾਂ ’ਤੇ ਸੇਵਾਵਾਂ ਪਹੁੰਚਾ ਕੇ ਹੀ ਉਨ੍ਹਾਂ ਦਾ ਫਾਇਦਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Campus Interview ਦੌਰਾਨ GADVASU ਵਿਦਿਆਰਥੀਆਂ ਨੂੰ ਮਿਲੀ ਵੱਡੀ ਪ੍ਰਾਪਤੀ
ਡਾ. ਡੀ.ਵੀ.ਆਰ ਪ੍ਰਕਾਸ਼ ਰਾਓ ਨੇ ਕਿਹਾ ਕਿ ਉਹ ਨੈਸ਼ਨਲ ਅਕੈਡਮੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਹੋਰ ਭਾਈਵਾਲਾਂ ਨੂੰ ਸ਼ਾਮਲ ਕਰਕੇ ਭਾਰਤ ਸਰਕਾਰ ਨੂੰ ਡੇਅਰੀ ਖੇਤਰ ਦੇ ਸੁਧਾਰਾਂ ਲਈ ਨੀਤੀ ਪੱਤਰ ਤਿਆਰ ਕਰਨਗੇ। ਮੇਜਰ ਜਨਰਲ ਸ਼ਰਮਾ ਨੇ ਪਸ਼ੂ ਪਾਲਣ ਦੇ ਖੇਤਰ ਵਿੱਚ ਅਕੈਡਮੀ ਦੀ ਭੂਮਿਕਾ ਨੂੰ ਦਰਸਾਉਂਦੇ ਹੋਏ ਪ੍ਰਬੰਧਕਾਂ ਅਤੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: GADVASU ਦਾ Institute of Microbial Technology ਨਾਲ ਇਕਰਾਰਨਾਮਾ
ਡਾ. ਸਰਵਪ੍ਰੀਤ ਸਿੰਘ, ਘੁੰਮਣ, ਪ੍ਰਬੰਧਕੀ ਸਕੱਤਰ ਨੇ ਇਸ ਕਨਵੈਨਸ਼ਨ ਨੂੰ ਸਫ਼ਲ ਕਰਨ ਲਈ ਸਾਰੇ ਪ੍ਰਤੀਭਾਗੀਆਂ ਦੇ ਯੋਗਦਾਨ ਦੀ ਚਰਚਾ ਕੀਤੀ। ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਏ ਮਹਿਮਾਨਾਂ, ਪ੍ਰਤੀਭਾਗੀਆਂ, ਬੁਲਾਰਿਆਂ ਅਤੇ ਪ੍ਰਯੋਜਕਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: A message to increase livestock productivity in the 21st Convention