Potato Diseases: ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ ਪਿੰਡ ਧੋਗੜੀ ਵਿਚ ਕਿਸਾਨਾਂ ਨਾਲ ਇਕ ਵਿਸ਼ੇਸ਼ ਗੱਲਬਾਤ ਕੀਤੀ। ਇਹ ਗੱਲਬਾਤ ਸੰਯੁਕਤ ਰੋਗ ਪ੍ਰਬੰਧਨ ਵਿਧੀ ਰਾਹੀਂ ਆਲੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਮੰਤਵ ਨਾਲ ਕੀਤੀ ਗਈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਇਸ ਗੋਸ਼ਟੀ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। 60 ਤੋਂ ਵਧੇਰੇ ਕਿਸਾਨਾਂ ਅਤੇ ਮਾਹਿਰਾਂ ਨੇ ਇਸ ਵਿਚ ਭਾਗ ਲਿਆ ਜਿਸ ਵਿਚ ਅਗਾਂਹਵਧੂ ਆਲੂ ਉਤਪਾਦਕ, ਪੌਦਾ ਰੋਗ ਮਾਹਿਰ, ਸਬਜ਼ੀ ਵਿਗਿਆਨ ਦੇ ਮਾਹਿਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਵਿਗਿਆਨੀ ਸ਼ਾਮਿਲ ਹੋਏ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਦੁਆਬਾ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਗੜ੍ਹ ਬਣ ਗਿਆ ਹੈ ਅਤੇ ਪੰਜਾਬ ਆਲੂਆਂ ਦੇ ਬੀਜ ਦਾ ਪ੍ਰਮੁੱਖ ਕੇਂਦਰ ਹੈ ਜੋ ਪੂਰੇ ਦੇਸ਼ ਦੇ ਆਲੂਆਂ ਦੇ ਬੀਜਾਂ ਦੀ 60 ਪ੍ਰਤੀਸ਼ਤ ਤੋਂ ਵਧੇਰੇ ਮੰਗ ਪੂਰੀ ਕਰਦਾ ਹੈ। ਉਹਨਾਂ ਕਿਹਾ ਕਿ ਪੀ.ਏ.ਯੂ., ਪੰਜਾਬ ਬਾਗਬਾਨੀ ਵਿਭਾਗ ਅਤੇ ਪੰਜਾਬ ਦੇ ਅਗਾਂਹਵਧੂ ਆਲੂ ਉਤਪਾਦਕ ਮਿਲ ਕੇ ਸੂਬੇ ਨੂੰ ਦੇਸ਼ ਵਿਚ ਟਿਸ਼ੂ ਕਲਚਰ ਅਧਾਰਿਤ ਆਲੂ ਦੇ ਬੀਜਾਂ ਦੇ ਮਿਆਰੀ ਅਤੇ ਪ੍ਰਮਾਣਿਕ ਉਤਪਾਦਕ ਵਜੋਂ ਵਿਕਸਿਤ ਕਰ ਰਹੇ ਹਨ। ਇਸ ਨਾਲ ਜਲੰਧਰ-ਕਪੂਰਥਲਾ ਖਿੱਤਾ ਆਲੂਆਂ ਦੇ ਨਿਰਯਾਤ ਦਾ ਪ੍ਰਮੁੱਖ ਕੇਂਦਰ ਬਣੇਗਾ। ਉਹਨਾਂ ਨੇ ਆਲੂ ਉਤਪਾਦਕਾਂ ਨੂੰ ਕਿਹਾ ਕਿ ਉਹ ਦਰਪੇਸ਼ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਖੁੱਲ ਕੇ ਵਿਚਾਰ ਕਰਨ।
ਇਹ ਵੀ ਪੜ੍ਹੋ: DAP ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਸੁਝਾਅ
ਪੀ.ਏ.ਯੂ. ਵੱਲੋਂ ਆਲੂਆਂ ਦੀ ਬਰੀਡਿੰਗ ਅਤੇ ਸੁਰੱਖਿਆ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਆਲੂਆਂ ਉਤਪਾਦਕਾਂ ਦੀ ਭਲਾਈ ਲਈ ਸਾਰੀਆਂ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ। ਡਾ. ਗੁਰਮੀਤ ਸਿੰਘ ਬੁੱਟਰ ਨੇ ਇਹਨਾਂ ਤਕਨਾਲੋਜੀਆਂ ਨੂੰ ਹੋਰ ਆਲੂ ਉਤਪਾਦਕਾਂ ਤੱਕ ਪਹੁੰਚਾਉਣ ਲਈ ਕੀਤੀਆਂ ਜਾ ਰਹੀਆਂ ਪਸਾਰ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ Stubble Burning ਦੀਆਂ ਘਟਨਾਵਾਂ ਵਿੱਚ ਵਾਧਾ
ਪੌਦਾ ਰੋਗ ਵਿਗਿਆਨ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਉਹਨਾਂ ਦੇ ਵਿਭਾਗ ਵੱਲੋਂ ਆਲੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ। ਡਾ. ਸੰਦੀਪ ਜੈਨ ਨੇ ਆਲੂਆਂ ਦੇ ਰੋਗਾਂ ਦੀ ਰੋਕਥਾਮ ਲਈ ਬੀਜ ਸੋਧ ਦੇ ਮਹੱਤਵ ਬਾਰੇ ਗੱਲਬਾਤ ਕੀਤੀ। ਡਾ. ਅਮਰਜੀਤ ਸਿੰਘ, ਡਾ. ਸਤਪਾਲ ਸ਼ਰਮਾ, ਡਾ. ਗੋਬਿੰਦਰ ਸਿੰਘ ਅਤੇ ਡਾ. ਅਭਿਸ਼ੇਕ ਸ਼ਰਮਾ ਨੇ ਵੀ ਇਸ ਮੌਕੇ ਆਲੂਆਂ ਦੇ ਰੋਗਾਂ ਦੇ ਰੋਕਥਾਮ ਲਈ ਵੱਖ-ਵੱਖ ਪੱਖਾਂ ਤੋਂ ਚਾਨਣਾ ਪਾਇਆ।
ਇਸ ਤੋਂ ਬਾਅਦ ਕਿਸਾਨਾਂ ਅਤੇ ਖੇਤੀ ਮਾਹਿਰਾਂ ਵਿਚਕਾਰ ਨਿੱਠ ਕੇ ਵਿਚਾਰ-ਚਰਚਾ ਹੋਈ। ਕਿਸਾਨਾਂ ਨੂੰ ਆਲੂਆਂ ਦੇ ਬੀਜ ਦੀ ਸੋਧ ਲਈ ਸੇਫਟੀ ਕਿੱਟਾਂ ਵੰਡੀਆਂ ਗਈਆਂ। ਅੰਤ ਵਿਚ ਕੇ ਵੀ ਕੇ ਨੂਰਮਹਿਲ ਦੇ ਉਪ ਨਿਰਦੇਸ਼ਕ ਡਾ. ਸੰਜੀਵ ਕਟਾਰੀਆ ਨੇ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Advice to farmers for potato diseases