1. Home
  2. ਖਬਰਾਂ

Agriculture Minister Shivraj Singh Chouhan ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦਾ ਵਿਸ਼ੇਸ਼ ਦੌਰਾ, ਕਿਸਾਨਾਂ ਅਤੇ ਪਰਾਲੀ ਪ੍ਰਬੰਧਨ ਲਈ PAU ਦੀ ਕੀਤੀ ਸ਼ਲਾਘਾ

ਪੀ.ਏ.ਯੂ. ਵੱਲੋਂ ਗੋਦ ਲਏ ਪਿੰਡ ਰਣਸੀਂਹ ਕਲਾਂ, ਮੋਗਾ ਵਿਖੇ ਖੇਤੀ ਗਤੀਵਿਧੀਆਂ ਦੇਖਣ ਲਈ ਭਾਰਤ ਦੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਮਜ਼ਦੂਰ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੌਰਾ ਕੀਤਾ, ਕਿਸਾਨਾਂ ਨਾਲ ਮੁਲਾਕਾਤ ਦੌਰਾਨ ਸ਼੍ਰੀ ਚੌਹਾਨ ਨੇ ਉਹਨਾਂ ਉੱਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਮੋਗਾ ਵੱਲੋਂ ਪਾਏ ਸਾਰਥਕ ਪ੍ਰਭਾਵ ਅਤੇ ਇਲਾਕੇ ਦੀ ਖੇਤੀ ਉੱਪਰ ਇਸਦੇ ਅਸਰ ਬਾਰੇ ਗੱਲਬਾਤ ਕੀਤੀ।

KJ Staff
KJ Staff
ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦਾ ਵਿਸ਼ੇਸ਼ ਦੌਰਾ

ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦਾ ਵਿਸ਼ੇਸ਼ ਦੌਰਾ

Stubble Management: ਭਾਰਤ ਦੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਮਜ਼ਦੂਰ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀ.ਏ.ਯੂ. ਵੱਲੋਂ ਗੋਦ ਲਏ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਖੇਤੀਬਾੜੀ ਮੰਤਰੀ ਨੇ ਪਿੰਡ ਵਿਚ ਵਾਤਾਵਰਨ ਦੀ ਸੰਭਾਲ ਅਤੇ ਖੇਤੀ ਵਿਕਾਸ ਲਈ ਜਾਰੀ ਗਤੀਵਿਧੀਆਂ ਦਾ ਜਾਇਜ਼ਾ ਲਿਆ।

ਕਿਸਾਨਾਂ ਨਾਲ ਮੁਲਾਕਾਤ ਦੌਰਾਨ ਸ਼੍ਰੀ ਚੌਹਾਨ ਨੇ ਉਹਨਾਂ ਉੱਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਮੋਗਾ ਵੱਲੋਂ ਪਾਏ ਸਾਰਥਕ ਪ੍ਰਭਾਵ ਅਤੇ ਇਲਾਕੇ ਦੀ ਖੇਤੀ ਉੱਪਰ ਇਸਦੇ ਅਸਰ ਬਾਰੇ ਗੱਲਬਾਤ ਕੀਤੀ।

ਸ਼੍ਰੀ ਚੌਹਾਨ ਨੇ ਕਿਸਾਨਾਂ ਨਾਲ ਸੰਵਾਦ ਕਰਦਿਆਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸਦੇ ਨਾਲ ਹੀ ਖੇਤੀਬਾੜੀ ਮੰਤਰੀ ਅਤੇ ਉਹਨਾਂ ਨਾਲ ਆਏ ਉੱਚ ਪੱਧਰੀ ਵਫਦ ਨੇ ਵਾਤਾਵਰਨ ਦੀ ਸੰਭਾਲ ਲਈ ਪਿੰਡ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸਲਾਹੁਤਾ ਕੀਤੀ। ਇਕ ਵਿਸ਼ੇਸ਼ ਸਮਾਗਮ ਵਿਚ ਕਿਸਾਨਾਂ ਦੇ ਰੂਬਰੂ ਹੋਣ ਵੇਲੇ ਉਹਨਾਂ ਨਾਲ ਮੰਚ ਉੱਪਰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਆਈ ਸੀ ਏ ਆਰ ਦੇ ਨਿਰਦੇਸ਼ਕ ਜਨਰਲ ਸ਼੍ਰੀ ਮਾਂਗੀ ਲਾਲ ਜਾਟ, ਉਪ ਨਿਰਦੇਸ਼ਕ ਜਨਰਲ ਪਸਾਰ ਡਾ. ਰਾਜਬੀਰ ਸਿੰਘ ਬਰਾੜ, ਸ਼੍ਰੀ ਸੁਨੀਲ ਜਾਖੜ, ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡਾ. ਪਰਵਿੰਦਰ ਸ਼ੇਰੋਂ, ਖੇਤੀਬਾੜੀ ਨਿਰਦੇਸ਼ਕ ਪੰਜਾਬ ਡਾ. ਜਸਵੰਤ ਸਿੰਘ ਅਤੇ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਸਮੇਤ ਬਹੁਤ ਸਾਰੇ ਪਤਵੰਤੇ ਮੌਜੂਦ ਸਨ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਗਿਆਨਕ ਖੇਤੀ ਅਤੇ ਸਮਾਜ ਦੀ ਉਸਾਰੀ ਵਿਚਕਾਰ ਸੰਤੁਲਨ ਸਥਾਪਿਤ ਕਰਨਾ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ ਅਤੇ ਰਣਸੀਂਹ ਕਲਾਂ ਨੂੰ ਨਮੂਨੇ ਵਜੋਂ ਪੇਸ਼ ਕਰਕੇ ਹੋਰ ਪਿੰਡਾਂ ਦੇ ਲੋਕਾਂ ਨੂੰ ਇਸ ਦਿਸ਼ਾ ਵਿਚ ਤੋਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਿੰਡ ਨੇ ਪਰਾਲੀ ਨੂੰ ਸੰਕਟ ਦੀ ਥਾਂ ਵਰਦਾਨ ਬਣਾਇਆ, ਗੰਦੇ ਪਾਣੀ ਨੂੰ ਇਕ ਸਰੋਤ ਵਜੋਂ ਵਰਤਿਆ ਅਤੇ ਕੂੜੇ ਨੂੰ ਮੁਸੀਬਤ ਦੀ ਥਾਂ ਸਹੂਲਤ ਬਣਾ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ।

ਸ਼੍ਰੀ ਚੌਹਾਨ ਨੇ ਪਰਾਲੀ ਸਾੜਨ ਦੀ ਸਮੱਸਿਆ ਅਤੇ ਇਸਦੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਇਹ ਪਿੰਡ 100 ਪ੍ਰਤੀਸ਼ਤ ਪਰਾਲੀ ਸਾੜਨ ਤੋਂ ਮੁਕਤ ਹੋ ਸਕਿਆ ਹੈ ਤਾਂ ਇਸ ਵਿਚ ਪੀ.ਏ.ਯੂ. ਦੀਆਂ ਤਕਨੀਕਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਵੱਲੋਂ ਦਿਖਾਈ ਦਿਸ਼ਾ ਦੀ ਭੂਮਿਕਾ ਉਭਰ ਕੇ ਸਾਹਮਣੇ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਪਿੰਡ ਦੇ ਲੋਕਾਂ ਦਾ ਕਾਰਜ ਦੂਰ ਤੱਕ ਫੈਲਾਉਣ ਦੀ ਲੋੜ ਹੈ ਤਾਂ ਜੋ ਇਹ ਪਿੰਡ ਚਾਨਣ ਮੁਨਾਰਾ ਸਾਬਿਤ ਹੋ ਸਕੇ। ਇਸਦੇ ਨਾਲ ਹੀ ਉਹਨਾਂ ਨੇ ਖੇਤੀ ਵਿਭਿੰਨਤਾ ਅਤੇ ਖੇਤੀ ਸੰਦਾਂ ਨੂੰ ਸਾਂਝੇ ਸਹਿਕਾਰੀ ਰੂਪ ਵਿਚ ਵਰਤਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਦੌਰਾਨ ਦੱਸਿਆ ਕਿ ਕਿਸਾਨ ਵੀਰਾਂ ਵੱਲੋਂ ਗਰੁੱਪ ਬਣਾ ਕੇ ਜਾਂ ਫ਼ਿਰ ਇਕੱਲਿਆਂ ਵੀ ਸਰਕਾਰ ਦੁਆਰਾ ਦਿੱਤੀਆਂ ਸਕੀਮਾਂ ਪ੍ਰਾਪਤ ਕਰਕੇ ਝੋਨੇ ਦੀ ਪਰਾਲੀ ਨੂੰ ਸਫ਼ਲਤਾਪੂਰਵਕ ਸਾਂਭਿਆ ਜਾਂਦਾ ਹੈ ਅਤੇ ਅਗਲੇਰੀ ਫ਼ਸਲ ਜਿਵੇਂ ਕਿ ਕਣਕ, ਆਲੂ, ਮਟਰ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਸਾਡੇ ਆਸ-ਪਾਸ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਸੁਚੱਜੇ ਢੰਗ ਨਾਲ ਸਾਂਭਣ ਵਾਲੇ ਕਿਸਾਨ ਜਾਂ ਕਿਸਾਨ ਸਮੂਹ ਬਹੁਤ ਮਿਲ ਜਾਣਗੇ। ਪਰ ਜਦੋਂ ਇਸ ਮੁੱਦੇ ਨੂੰ ਨਜਿੱਠਣ ਲਈ ਪਿੰਡ ਪੱਧਰ ਤੇ ਕੀਤੇ ਉਪਰਾਲਿਆਂ ਦੀ ਗੱਲ ਚੱਲੇਗੀ ਤਾਂ ਮੋਗਾ ਜ਼ਿਲੇ ਦੇ ਪਿੰਡ ਰਣਸੀਹ ਕਲਾਂ ਦਾ ਨਾਮ ਮੋਹਰੀ ਪਿੰਡਾਂ ਵਿੱਚ ਗਿਣਿਆ ਜਾਵੇਗਾ।

ਇਹ ਵੀ ਪੜੋ: Youth Festival 2025: ਕਲਾਤਮਤਕ ਛੋਹਾਂ ਅਤੇ ਅਧਿਆਤਮਕ ਗਾਇਨ ਨਾਲ ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਦਾ ਆਗਾਜ਼

ਉਹਨਾਂ ਦੱਸਿਆ ਕਿ ਇਹ ਪਿੰਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਨੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਸਾਲ 2020-21 ਦੌਰਾਨ ਗੋਦ ਲਿਆ ਜਿਸ ਅਧੀਨ ਪਿੰਡ ਵਿੱਚ ਜਾਗਰੂਕਤਾ ਕੈਂਪ, ਸਿਖਲਾਈ ਕੋਰਸ ਲਾਉਣ ਦੇ ਨਾਲ-ਨਾਲ ਖੇਤੀ ਮਸ਼ੀਨਰੀ (ਹੈਪੀ ਸੀਡਰ, ਮਲਚਰ ਆਦਿ) ਉਪਲੱਬਧ ਕਰਵਾਈ ਅਤੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਨੀ ਪਲਾਟ ਲਗਾਏ ਗਏ।

ਡਾ. ਗੋਸਲ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਸ. ਪ੍ਰੀਤ ਇੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੂਰੀ ਗ੍ਰਾਮ ਪੰਚਾਇਤ ਨੇ ਸਹਿਯੋਗ ਦਿੰਦੇ ਹੋਏ ਵੱਖਰੇ-ਵੱਖਰੇ ਉਪਰਾਲੇ ਕੀਤੇ। ਡਾ. ਗੋਸਲ ਨੇ ਇਸ ਪ੍ਰਸੰਗ ਵਿਚ ਕੇ.ਵੀ.ਕੇ. ਮੋਗਾ ਦੇ ਨਿਰਦੇਸ਼ਕ ਡਾ. ਅਮਨਦੀਪ ਬਰਾੜ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਹੋਰ ਪਿੰਡਾਂ ਦੇ ਕਾਇਆ ਕਲਪ ਲਈ ਯੂਨੀਵਰਸਿਟੀ ਤਕਨੀਕੀ ਅਗਵਾਈ ਅਤੇ ਸਹਿਯੋਗ ਲਈ ਤਿਆਰ-ਬਰ-ਤਿਆਰ ਰਹੇਗੀ।

ਪਿੰਡ ਦੇ ਸਰਪੰਚ ਸ. ਪ੍ਰੀਤਇੰਦਰ ਸਿੰਘ ਨੇ ਪਿੰਡ ਵਿਚ ਇੰਨੇ ਵੱਕਾਰੀ ਲੋਕਾਂ ਦੇ ਆਉਣ ਤੇ ਸਵਾਗਤ ਦੇ ਸ਼ਬਦ ਕਹੇ। ਉਹਨਾਂ ਨੇ ਪਿੰਡ ਨੂੰ ਸਵੱਛ ਅਤੇ ਪ੍ਰਦੂਸ਼ਣ ਮੁਕਤ ਬਨਾਉਣ ਦੀ ਗਾਥਾ ਸਾਂਝੀ ਕੀਤੀ। ਨਾਲ ਹੀ ਸਰਪੰਚ ਸਾਹਿਬ ਨੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

ਅੰਤ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਵਿਸ਼ਾਲ ਬੈਕਟਰ ਨੇ ਨਿਭਾਈ। ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਸਨਮਾਨ ਕੀਤਾ ਗਿਆ। ਭਾਰੀ ਗਿਣਤੀ ਵਿਚ ਇਲਾਕੇ ਦੇ ਕਿਸਾਨਾਂ ਦੀ ਹਾਜ਼ਰੀ ਇਸ ਦੌਰਾਨ ਦਰਜ ਕੀਤੀ ਗਈ।

ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)

Summary in English: Agriculture Minister Shivraj Singh Chouhan pays special visit to village Ransih Kalan in Moga district, praises farmers and PAU for stubble management

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters