ਪੀ.ਏ.ਯੂ. ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿੱਚ ਨਵੇਂ ਨਿਯੁਕਤ ਹੋਏ ਅਧਿਆਪਨ ਅਮਲੇ ਲਈ ਓਰੀਐਂਟੇਸ਼ਨ ਕੋਰਸ ਦੀ ਸ਼ੁਰੂਆਤ ਹੋਈ। ਤਿੰਨ ਹਫ਼ਤਿਆਂ ਦੇ ਇਸ ਸਿਖਲਾਈ ਕੋਰਸ ਵਿੱਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਅਤੇ ਖੇਤਰੀ ਖੋਜ ਕੇਂਦਰਾਂ ਤੋਂ 27 ਅਧਿਆਪਕ ਇਸ ਸਿਖਲਾਈ ਕੋਰਸ ਦਾ ਹਿੱਸਾ ਬਣੇ ਹਨ। ਇਸ ਵਿੱਚ ਸਿਖਿਆਰਥੀਆਂ ਨੂੰ ਪੀ.ਏ.ਯੂ. ਦੇ ਖੋਜ, ਅਕਾਦਮਿਕ ਅਤੇ ਪਸਾਰ ਢਾਂਚੇ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਇੱਕ ਹਫ਼ਤੇ ਲਈ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਬਾਹਰੀ ਕੇਂਦਰਾਂ ਤੇ ਭੇਜਿਆ ਜਾਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੋਰਸ ਦਾ ਉਦਘਾਟਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਡਾ. ਗੋਸਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆ ਕੇ ਅਨਾਜ ਦੇ ਭੰਡਾਰ ਭਰਨ ਵਿੱਚ ਪੀ.ਏ.ਯੂ. ਦਾ ਇਤਿਹਾਸਕ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ 60 ਸਾਲਾਂ ਵਿੱਚ ਪੀ.ਏ.ਯੂ. ਨੇ ਪੂਰੇ ਭਾਰਤ ਦੀਆਂ ਖੇਤੀ ਸੰਸਥਾਵਾਂ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਬਣਾਈ। ਇਸੇ ਕਾਰਨ ਰਾਸ਼ਟਰੀ ਪੱਧਰ ਦੀ ਰੈਂਕਿੰਗ ਏਜੰਸੀ ਨੇ ਪੀ.ਏ.ਯੂ. ਨੂੰ ਦੇਸ਼ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਸਰਵੋਤਮ ਕਰਾਰ ਦਿੱਤਾ ਹੈ। ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਇਸ ਸੰਸਥਾ ਦਾ ਹਿੱਸਾ ਹੋਣਾ ਤੁਹਾਡੇ ਲਈ ਮਾਣ ਵਾਲੀ ਗੱਲ ਹੈ।
ਅੱਗੇ ਬੋਲਦਿਆਂ ਡਾ. ਗੋਸਲ ਨੇ ਕਿਹਾ ਕਿ ਸਿਖਰ ਨੂੰ ਛੂਹਣਾ ਔਖਾ ਹੈ ਪਰ ਉਸ ਸਥਾਨ ਤੇ ਬਰਕਰਾਰ ਰਹਿਣ ਲਈ ਹੋਰ ਵੀ ਜੱਦੋ ਜਹਿਦ ਕਰਨੀ ਪੈਂਦੀ ਹੈ। ਇਹ ਚੁਣੌਤੀ ਨਵੇਂ ਅਧਿਆਪਕਾਂ ਸਾਹਮਣੇ ਹੈ ਕਿ ਉਹਨਾਂ ਨੇ ਆਪਣੀ ਸੰਸਥਾ ਨੂੰ ਕਿਸ ਤਰ੍ਹਾਂ ਸਿਖਰ ਤੇ ਬਣਾਈ ਰੱਖਣਾ ਹੈ। ਇਸ ਕੋਰਸ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੰਜਾਬ ਦੀ ਵੰਡ ਪੰਜ ਖੇਤੀ ਮੌਸਮ ਖਿੱਤਿਆਂ ਵਿੱਚ ਵੰਡ ਕੇ ਕੀਤੀ ਜਾਂਦੀ ਹੈ। ਇਹਨਾਂ ਖਿੱਤਿਆਂ ਦੀਆਂ ਵਾਤਾਵਰਨੀ ਵਿਸ਼ੇਸ਼ਤਾਵਾਂ ਵੱਖਰੀਆਂ ਹਨ ਇਸ ਲਈ ਇਹਨਾਂ ਵਿੱਚ ਵੱਖਰੀ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।
ਡਾ. ਗੋਸਲ ਨੇ ਕਿਹਾ ਕਿ ਸਿਖਲਾਈ ਲੈ ਰਹੇ ਅਧਿਆਪਕਾ ਨੂੰ ਵੱਖ-ਵੱਖ ਇਲਾਕਿਆਂ ਤੋਂ ਜਾਣੂੰ ਕਰਵਾਉਣ ਲਈ ਉਹਨਾਂ ਨੂੰ ਪੂਰੇ ਪੰਜਾਬ ਵਿੱਚ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਖੋਜ ਨੂੰ ਕਿਸਾਨ/ਉਦਯੋਗ ਤੱਕ ਲਿਜਾਣਾ ਹੀ ਯੂਨੀਵਰਸਿਟੀ ਦਾ ਉਦੇਸ਼ ਹੈ ਅਤੇ ਸਾਡੀ ਖੋਜ ਦਾ ਮੁੱਖ ਮੰਤਵ ਕਿਸਾਨਾਂ ਦਾ ਹਿੱਤ ਕਰਨ ਵਿੱਚ ਪਿਆ ਹੈ।
ਇਹ ਵੀ ਪੜ੍ਹੋ : ਕਿਰਤ ਨਾਲ ਕਿਸਾਨੀ ਦੀ ਖੁਸ਼ਹਾਲੀ ਸੰਭਵ: PAU Vice Chancellor
ਡਾ. ਗੋਸਲ ਨੇ ਕਿਹਾ ਕਿ ਪਸਾਰ ਕਰਮੀਆਂ ਨੂੰ ਕਿਸਾਨਾਂ ਦੀ ਆਮ ਭਾਸ਼ਾ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਨਣ ਅਤੇ ਸਮਝਾਉਣ ਦੀ ਜਾਂਚ ਹੋਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਅੱਜ ਅਧਿਆਪਨ ਵਿੱਚ ਵੀ ਨਵੇਂ ਤਰੀਕੇ ਲਾਗੂ ਕਰਨ ਦਾ ਸਮਾਂ ਹੈ ਅਤੇ ਖੋਜ ਨੂੰ ਤਾਂ ਹੋਰਨਾਂ ਸੰਸਥਾਵਾਂ ਨਾਲ ਸੰਪਰਕ ਬਣਾ ਕੇ ਅੰਤਰ ਅਨੁਸ਼ਾਸਨੀ ਵਿਧੀ ਨਾਲ ਕਰਨ ਦੀ ਸਖਤ ਜ਼ਰੂਰਤ ਹੈ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਸਵਾਗਤ ਦੇ ਸ਼ਬਦ ਕਹੇ। ਡਾ. ਬੁੱਟਰ ਨੇ ਪੀ.ਏ.ਯੂ. ਦੇ ਪਸਾਰ ਢਾਂਚੇ ਬਾਰੇ ਦੱਸਿਆ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਤਕਨੀਕੀ ਲੱਭਤਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਬੀਜ ਫਾਰਮਾਂ ਦਾ ਮਜ਼ਬੂਤ ਢਾਂਚਾ ਹੈ ਜਿਸ ਨਾਲ ਯੂਨੀਵਰਸਿਟੀ ਦਾ ਸੰਪਰਕ ਕਿਸਾਨਾਂ ਨਾਲ ਬਣਦਾ ਹੈ। ਉਹਨਾਂ ਸਿਖਿਆਰਥੀਆਂ ਨੂੰ ਇਸ ਕੋਰਸ ਰਾਹੀਂ ਪੀ.ਏ.ਯੂ. ਦੀ ਕਾਰਜਸ਼ੈਲੀ ਬਾਰੇ ਜਾਨਣ ਲਈ ਕਿਹਾ।
ਇਹ ਵੀ ਪੜ੍ਹੋ : ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ, VC Dr. Gosal ਵੱਲੋਂ ਸ਼ਲਾਘਾ
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਕੋਰਸ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਵ-ਨਿਯੁਕਤ ਅਧਿਆਪਕਾਂ ਨੂੰ ਪੀ.ਏ.ਯੂ. ਦੇ ਖੋਜ, ਪਸਾਰ ਅਤੇ ਅਕਾਦਮਿਕ ਕੰਮ ਕਾਰ ਤੋਂ ਜਾਣੂ ਕਰਵਾਉਣ ਲਈ ਇਸ ਕੋਰਸ ਨੂੰ ਕਰਵਾਇਆ ਜਾਂਦਾ ਹੈ। ਇਸ ਵਾਰ ਨਾਲ ਹੀ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਨੂੰ ਵੀ ਜੋੜ ਲਿਆ ਗਿਆ ਹੈ।
ਕੋਰਸ ਦੇ ਕੁਆਰਡੀਨੇਟਰ ਡਾ. ਰਿਤੂ ਮਿੱਤਲ ਗੁਪਤਾ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਡਾ. ਪ੍ਰੀਤੀ ਸ਼ਰਮਾ ਨੇ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ, ਖੋਜਾਰਥੀ ਅਤੇ ਹੋਰ ਅਧਿਆਪਕ ਵੀ ਮੌਜੂਦ ਰਹੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Aim of PAU is to take agricultural research to farmers/industry: Dr Gosal