1. Home
  2. ਖਬਰਾਂ

ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ, VC Dr. Gosal ਵੱਲੋਂ ਸ਼ਲਾਘਾ

ਪੀਏਯੂ ਲੁਧਿਆਣਾ ਤੋਂ ਪੋਸਟ-ਗ੍ਰੈਜੂਏਟ ਡਿਗਰੀ ਹਾਸਲ ਕਰਨ ਵਾਲੇ ਸ. ਅੰਮ੍ਰਿਤਪਾਲ ਸਿੰਘ ਦਾ ਸਫ਼ਰ ਖੇਤੀਬਾੜੀ ਲਈ ਜਨੂੰਨ ਅਤੇ ਸਿੱਖੇ ਹੋਏ ਨੂੰ ਭਲਾਈ ਲਈ ਲਾਗੂ ਕਰਨ ਦੀ ਗਾਥਾ ਹੈ।

Gurpreet Kaur Virk
Gurpreet Kaur Virk
ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ

ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ

ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਫੁਗਲਾਣਾ ਇੱਕ ਨੌਜਵਾਨ ਅਤੇ ਉੱਦਮੀ ਕਿਸਾਨ ਸ. ਅੰਮ੍ਰਿਤਪਾਲ ਸਿੰਘ ਰੰਧਾਵਾ ਦੀ ਸ਼ਾਨਦਾਰ ਸਫਲਤਾ ਦੀ ਗਵਾਹੀ ਭਰਦਾ ਹੈ, ਜਿਸਨੇ ਖੇਤੀ ਦੇ ਖੇਤਰ ਵਿੱਚ ਕਾਮਯਾਬੀ ਦੇ ਨਵੇਂ ਆਯਾਮ ਸਿਰਜੇ ਹਨ। ਜੀ ਹਾਂ, ਪੀਏਯੂ ਲੁਧਿਆਣਾ ਤੋਂ ਪੋਸਟ-ਗ੍ਰੈਜੂਏਟ ਡਿਗਰੀ ਹਾਸਲ ਕਰਨ ਵਾਲੇ ਸ. ਅੰਮ੍ਰਿਤਪਾਲ ਸਿੰਘ ਨੇ ਆਪਣੇ ਵਧੀਆ ਖੇਤੀਬਾੜੀ ਸਫਰ ਨਾਲ ਹੋਰਾਂ ਸਾਹਮਣੇ ਵਧੀਆ ਮਿਸਾਲ ਪੇਸ਼ ਕੀਤੀ ਹੈ।

ਹਲਦੀ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਵਿੱਚ ਕਾਮਯਾਬੀ ਹਾਸਿਲ ਕਰਨ ਵਾਲੇ ਅੰਮ੍ਰਿਤਪਾਲ ਰੰਧਾਵਾ ਦੀਆਂ ਖੇਤੀਬਾੜੀ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੱਕ ਮਿਸਾਲੀ ਖੇਤੀ ਉੱਦਮੀ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਦੁਆਰਾ ਤਿਆਰ ਕੀਤੇ ਗਏ ਉੱਚ ਮਿਆਰੀ ਹਲਦੀ ਪਾਊਡਰ ਨੇ ਜ਼ਿਕਰਯੋਗ ਮੁਨਾਫ਼ਾ ਕਮਾਇਆ ਹੈ, ਜਿਸ ਨਾਲ ਉਹ ਖੇਤੀ ਉੱਦਮ ਦੇ ਖੇਤਰ ਵਿਚ ਇੱਕ ਮਜ਼ਬੂਤ ਨੀਂਹ ਰੱਖਣ ਵਿਚ ਸਫਲ ਹੋਏ ਹਨ। ਹਲਦੀ ਤੋਂ ਅਗਾਂਹ ਸ. ਅੰਮ੍ਰਿਤਪਾਲ ਸਿੰਘ ਨੇ ਆੜੂ, ਆਲੂ ਬੁਖਾਰਾ, ਗਾਜਰ ਅਤੇ ਆਲੂ ਦੇ ਖੇਤਰ ਵਿਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਕੋਲਡ ਸਟੋਰੇ ਦੀ ਸਥਾਪਨਾ ਕੀਤੀ, ਜਿਸ ਨਾਲ ਖੇਤੀਬਾੜੀ ਉਦਯੋਗਾਂ ਨੂੰ ਹੋਰ ਹੁਲਾਰਾ ਮਿਲਿਆ। ਉਨ੍ਹਾਂ ਦੀ ਬਹੁ ਪਸਾਰੀ ਪਹੁੰਚ ਨੇ ਖੇਤੀਬਾੜੀ ਵਿੱਚ ਹਾਂ-ਪੱਖੀ ਤਬਦੀਲੀ ਲਿਆਉਣ ਦੀ ਪਹਿਲਕਦਮੀ ਕੀਤੀ ਹੈ ।

ਹਾਲ ਹੀ ਵਿੱਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀ ਵਿਭਿੰਨਤਾ ਵਿੱਚ ਉਨ੍ਹਾਂ ਦੇ ਕਾਰਜ ਦਾ ਜਾਇਜ਼ਾ ਲੈਣ ਲਈ ਸ. ਰੰਧਾਵਾ ਦੇ ਖੇਤ ਦਾ ਦੌਰਾ ਕੀਤਾ। ਡਾ. ਗੋਸਲ ਨੇ ਅੰਮ੍ਰਿਤਪਾਲ ਦੇ ਖੇਤੀ ਢੰਗਾਂ ਅਤੇ ਉੱਦਮੀ ਭਾਵਨਾ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਸ ਅੰਮ੍ਰਿਤਪਾਲ ਸਿੰਘ ਰੰਧਾਵਾ ਦੀਆਂ ਪ੍ਰਾਪਤੀਆਂ ਅਗਾਂਹਵਧੂ ਖੇਤੀ ਦੀ ਇਕ ਬਿਹਤਰ ਮਿਸਾਲ ਪੇਸ਼ ਕਰਦੀਆਂ ਹਨ। ਉਨ੍ਹਾਂ ਇਸ ਕਾਰਜ ਨੂੰ ਹੋਰ ਵਿਗਿਆਨਕ ਲੀਹਾਂ ਤੇ ਤੋਰਨ ਲਈ ਬਰਾਂਡਿੰਗ, ਪੈਕੇਜਿੰਗ ਅਤੇ ਮੰਡੀਕਰਨ ਵਿਚ ਨਵੀਆਂ ਤਕਨੀਕਾਂ ਅਪਣਾਉਣ ਦੀ ਸਲਾਹ ਵੀ ਦਿੱਤੀ।

ਇਹ ਵੀ ਪੜ੍ਹੋ : Farmer Tarsem Singh ਨੇ ਛੋਟੇ ਕਿਸਾਨਾਂ ਲਈ ਬਣਾਇਆ ਸਫਲਤਾ ਦਾ ਰਾਹ

ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ

ਪੀਏਯੂ ਦਾ ਸਾਬਕਾ ਵਿਦਿਆਰਥੀ ਬਣਿਆ ਉੱਦਮੀ ਕਿਸਾਨ

ਇਸ ਦੌਰੇ ਵਿੱਚ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਵੀ ਮੌਜੂਦ ਸਨ । ਡਾ ਢਿੱਲੋਂ ਨੇ ਸਬਜ਼ੀਆਂ ਦੇ ਉਤਪਾਦਨ ਖੇਤਰ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਨਦੀਨਾਂ ਦੀ ਰੋਕਥਾਮ ਅਤੇ ਵੱਧ ਝਾੜ ਲਈ ਹਲਦੀ ਵਿੱਚ ਮਲਚਿੰਗ ਅਪਨਾਉਣ ਦੀ ਸਲਾਹ ਦਿੱਤੀ। ਸਬਜ਼ੀ ਮਾਹਿਰ ਡਾ. ਐਸ.ਕੇ. ਜਿੰਦਲ, ਡਾ. ਹਰਪਾਲ ਸਿੰਘ ਭੁੱਲਰ ਅਤੇ ਡਾ: ਨਵਜੋਤ ਸਿੰਘ ਬਰਾੜ ਵੀ ਇਸ ਮੌਕੇ ਹਾਜ਼ਰ ਸਨ। ਉਹਨਾਂ ਨੇ ਅੰਮ੍ਰਿਤਪਾਲ ਰੰਧਾਵਾ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਸ. ਰੰਧਾਵਾ ਦੇ ਖੇਤ ਦੇ ਦੌਰੇ ਤੋਂ ਬਾਅਦ ਡਾ. ਗੋਸਲ ਖਨੌੜਾ (ਹੁਸ਼ਿਆਰਪੁਰ) ਵਿੱਚ ਸਬਜ਼ੀ ਖੋਜ ਫਾਰਮ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਿਲ ਕਰਨ ਗਏ। ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੰਡਣ ਲਈ ਥੋੜ੍ਹੇ ਸਮੇਂ ਦੀ ਪੀ ਆਰ 126 ਝੋਨੇ ਦੀ ਕਿਸਮ ਦੀ ਪਨੀਰੀ ਇਸ ਫਾਰਮ ਤੇ ਉਗਾਈ ਜਾ ਰਹੀ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: PAU alumni turned enterprising farmer, Appreciation from VC Dr Gosal

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters