Good News: ਪੰਜਾਬ ਸਰਕਾਰ ਨੇ ਸਾਲ 2024-25 ਦੇ ਸਰਕਾਰੀ ਬਜਟ ਵਿੱਚ ਪੀ.ਏ.ਯੂ. ਲਈ 40 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦਾ ਐਲਾਨ ਕੀਤਾ। ਇਹ ਗਰਾਂਟ ਪੀ.ਏ.ਯੂ. ਵੱਲੋਂ ਖੇਤੀ ਅਤੇ ਪੇਂਡੂ ਵਿਕਾਸ ਲਈ ਨਿਭਾਈ ਵਿਸ਼ੇਸ਼ ਭੂਮਿਕਾ ਦੇ ਮੱਦੇਨਜ਼ਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਇਸ ਬਜਟ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵਿੱਚ ਖੋਜ ਦੇ ਵਿਕਾਸ ਅਤੇ ਇਸ ਨਾਲ ਸੰਬੰਧਤ ਢਾਂਚੇ ਦੀ ਮਜ਼ਬੂਤੀ ਤੋਂ ਇਲਾਵਾ ਅਧਿਆਪਨ ਅਤੇ ਪਸਾਰ ਦੇ ਵਿਕਾਸ ਦੀ ਆਸ ਬੱਝਦੀ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਇਸਨੂੰ ਸਿੱਖਿਆ ਅਤੇ ਕਿਸਾਨੀ ਦੀ ਬਿਹਤਰੀ ਲਈ ਕੀਤਾ ਫੈਸਲਾ ਕਿਹਾ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਪੀ.ਏ.ਯੂ. ਦੇ ਯੋਗਦਾਨ ਨੂੰ ਪਛਾਣਨ ਲਈ ਉਹਨਾਂ ਦਾ ਧੰਨਵਾਦ ਕੀਤਾ। ਵਾਈਸ ਚਾਂਸਲਰ ਨੇ ਕਿਹਾ ਕਿ ਪੀ.ਏ.ਯੂ. ਨੇ ਪਿਛਲੇ 6 ਦਹਾਕਿਆਂ ਤੋਂ ਸੂਬੇ ਅਤੇ ਦੇਸ਼ ਦੀ ਖੇਤੀ ਖੇਤਰ ਵਿਚ ਸੇਵਾ ਕੀਤੀ ਹੈ| ਉਹਨਾਂ ਕਿਹਾ ਕਿ ਇਸ ਵਿੱਤੀ ਸਹਿਯੋਗ ਨਾਲ ਵਿਸ਼ੇਸ਼ ਤੌਰ ਤੇ ਖੇਤੀ ਹੁਨਰ ਅਤੇ ਖੇਤੀ ਉੱਦਮ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਡਾ. ਗੋਸਲ ਨੇ ਕਿਹਾ ਕਿ ਇਹ ਵਿੱਤੀ ਸਹਿਯੋਗ ਖੋਜ ਦੇ ਬੁਨਿਆਦੀ ਢਾਂਚੇ, ਹੋਸਟਲਾਂ ਸਹੂਲਤਾਂ ਵਿਚ ਵਾਧੇ, ਕਲਾਸਰੂਮਾਂ ਦੇ ਨਵੀਨੀਕਰਨ ਅਤੇ ਸਟੇਟ ਆਫ ਦੀ ਆਰਟ ਲੈਬਾਰਟਰੀ ਦੀ ਭਰਪੂਰਤਾ ਲਈ ਇਸਤੇਮਾਲ ਕੀਤੀ ਜਾਵੇਗੀ। ਇਸ ਨਾਲ ਪੀ.ਏ.ਯੂ. ਦੇ ਖੋਜ ਪ੍ਰੋਗਰਾਮਾਂ, ਵਾਤਾਵਰਨ ਪੱਖੀ ਖੇਤੀ ਖੋਜਾਂ, ਨਵੀਆਂ ਕਿਸਮਾਂ ਦੇ ਵਿਕਾਸ ਅਤੇ ਸਥਿਰ ਖੇਤੀਬਾੜੀ ਲਈ ਮਿੱਥੇ ਟੀਚਿਆਂ ਦੀ ਪ੍ਰਾਪਤੀ ਵਿਚ ਸਹਿਯੋਗ ਮਿਲੇਗਾ।
ਭਵਿੱਖ ਵਿਚ ਵੀ ਸਰਕਾਰ ਦੇ ਸਹਿਯੋਗ ਦੀ ਆਸ ਪ੍ਰਗਟਾਉਂਦਿਆਂ ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਕਿਸਾਨੀ ਅਤੇ ਕਿਸਾਨ ਸਮਾਜ ਦੀ ਬਿਹਤਰੀ ਲਈ ਅਣਥੱਕ ਯਤਨ ਜਾਰੀ ਰੱਖਣ ਦਾ ਅਹਿਦ ਦੁਹਰਾਇਆ| ਉਹਨਾਂ ਕਿਹਾ ਕਿ ਯੂਨੀਵਰਸਿਟੀ ਖੇਤੀ ਵਿਚ ਨਵੀਆਂ ਤਕਨੀਕਾਂ, ਕਿਸਾਨਾਂ ਦੀ ਆਮਦਨ ਵਿਚ ਵਾਧਾ ਅਤੇ ਉਦਯੋਗਾਂ ਅਤੇ ਕਿਸਾਨਾਂ ਵਿਚ ਸਹਿਯੋਗ ਪੱਖੋਂ ਨਵੀਆਂ ਕਾਢਾਂ ਵੱਲ ਯਤਨਸ਼ੀਲ ਰਹੇਗੀ। ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਬੁਨਿਅਦੀ ਢਾਂਚੇ ਦੇ ਵਿਕਾਸ ਸੰਬੰਧੀ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਸਮਾਰਟ ਅਤੇ ਸੂਖਮ ਖੇਤੀਬਾੜੀ ਨੂੰ ਖੇਤੀ ਵਿਹਾਰ ਦਾ ਹਿੱਸਾ ਬਨਾਉਣ ਲਈ ਨਿਰੰਤਰ ਖੋਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਮਾਹਿਰਾਂ ਵੱਲੋਂ District Sri Muktsar Sahib ਦੇ ਪਿੰਡ ਕਾਉਣੀ ਵਿੱਚ ਇੱਕ Strawberry ਕਾਸ਼ਤਕਾਰ ਕਿਸਾਨ ਦੇ ਖੇਤ ਦਾ ਦੌਰਾ, ਜਸਕਰਨ ਸਿੰਘ ਤੋਂ ਲਈ Successful Strawberry Cultivation ਦੀ ਪੂਰੀ ਜਾਣਕਾਰੀ
ਇਸ ਨਾਲ ਨਵੀਆਂ ਖੇਤੀ ਤਕਨਾਲੋਜੀਆਂ ਜਿਵੇਂ ਸੈਂਸਰ ਅਧਾਰਿਤ ਖੇਤੀ ਕਾਰਜ, ਡਰੋਨ ਦੀ ਵਰਤੋਂ, ਮਸਨੂਈ ਬੌਧਿਕਤਾ, ਰਿਮੋਟ ਸੈਂਸਿੰਗ ਆਈ ਓ ਟੀ, ਮੌਸਮ ਕੇਂਦਰ, ਜੀ ਆਈ ਐੱਸ, ਨਰਸਰੀ ਵਿਕਾਸ, ਬੀਜ ਪ੍ਰੋਸੈਸਿੰਗ, ਖੇਤ ਮਸ਼ੀਨੀਕਰਨ, ਹਾਈਡ੍ਰੋਪੋਨਿਕਸ, ਖੁੰਬਾਂ ਅਤੇ ਵਰਟੀਕਲ ਫਾਰਮਿੰਗ ਤੋਂ ਇਲਾਵਾ ਐਰੋਪੋਨਿਕਸ ਅਤੇ ਗਰੀਨ ਹਾਊਸਾਂ ਬਾਰੇ ਨਵੀਆਂ ਖੋਜਾਂ ਸਾਹਮਣੇ ਆ ਸਕਣਗੀਆਂ। ਉਹਨਾਂ ਕਿਹਾ ਕਿ ਖੇਤੀ ਜਗਤ ਨੂੰ ਦਰਪੇਸ਼ ਚੁਣੌਤੀਆਂ ਦੇ ਸਨਮੁੱਖ ਪੀ.ਏ.ਯੂ. ਦੀਆਂ ਜ਼ਿੰਮੇਵਾਰੀਆਂ ਰਾਜ ਅਤੇ ਦੇਸ਼ ਦੇ ਕਿਸਾਨਾਂ ਪ੍ਰਤੀ ਵਧੀਆ ਹਨ। ਸਰਕਾਰ ਦੇ ਨਿਰੰਤਰ ਸਹਿਯੋਗ ਨਾਲ ਯੂਨੀਵਰਸਿਟੀ ਭਵਿੱਖ ਵਿਚ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਦੀ ਸੇਵਾ ਲਈ ਤਤਪਰ ਰਹੇਗੀ।
Summary in English: Announcement of special grant of Rs. 40 crore for Punjab Agricultural University in BUDGET 2024-25