AWARENESS CAMP: ਕੈਂਪਾਂ ਦੀ ਲੜੀ ਵਿੱਚ, ਮਿਤੀ 25.06.2024 ਨੂੰ ਪੀਏਯੂ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਪਿੰਡ ਛਾਹੜ ਵਿਖੇ ਝੋਨੇ ਵਿੱਚ ਫਾਸਫੋਰਸ ਖਾਦ ਨੂੰ ਨਾ ਪਾਉਣ ਸਬੰਧੀ ਦੂਜਾ ਜਾਗਰੂਕਤਾ ਕੈਂਪ ਲਗਾਇਆ ਗਿਆ।
ਦੱਸ ਦੇਈਏ ਕਿ ਇਸ ਕੈਂਪ ਵਿੱਚ 40 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਕੈਂਪ ਦੀ ਅਗਵਾਈ ਕਰ ਰਹੇ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਮਾਹਿਰ (ਭੂਮੀ ਵਿਗਿਆਨ) ਵੱਲੋਂ ਮੌਕੇ 'ਤੇ ਹੀ ਸ਼. ਸੁਖਵਿੰਦਰ ਸਿੰਘ ਦੀ ਮਿੱਟੀ ਅਤੇ ਪਾਣੀ ਪਰਖ ਰਿਪੋਰਟਾਂ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ ਗਈ।
ਡਾ. ਅਸ਼ੋਕ ਨੇ ਅੱਗੇ ਦੱਸਿਆ ਕਿ ਫਾਸਫੋਰਸ ਦੀ ਲੋੜ ਤਾਂ ਹੀ ਹੈ ਜੇਕਰ ਮਿੱਟੀ ਵਿੱਚ ਫਾਸਫੋਰਸ ਦੀ ਮਾਤਰਾ 5 ਕਿਲੋ/ਏਕੜ ਤੋਂ ਘੱਟ ਹੋਵੇ। ਨਹੀਂ ਤਾਂ ਝੋਨੇ ਜਾਂ ਬਾਸਮਤੀ ਵਿੱਚ ਕੋਈ ਡੀਏਪੀ ਖਾਦ ਪਾਉਣ ਦੀ ਲੋੜ ਨਹੀਂ ਹੈ। ਕਿਸਾਨਾਂ ਤੱਕ ਵੱਧ ਤੋਂ ਵੱਧ ਪਹੁੰਚ ਕਰਨ ਲਈ ਪੀਏਯੂ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਬਾਰਕੋਡਾਂ ਨੂੰ ਦਰਸਾਉਂਦਾ ਇੱਕ ਬੈਨਰ ਵੀ ਪ੍ਰਦਰਸ਼ਿਤ ਕੀਤਾ ਗਿਆ।
ਝੋਨੇ ਵਿੱਚ ਜੈਵਿਕ ਖਾਦ ਦੀ ਵਰਤੋਂ, ਝੋਨੇ ਅਤੇ ਬਾਸਮਤੀ ਵਿੱਚ ਲੋਹੇ ਅਤੇ ਜ਼ਿੰਕ ਤੱਤਾਂ ਦੀ ਕਮੀ ਦੇ ਪ੍ਰਬੰਧਨ, ਬਾਸਮਤੀ ਦੇ ਬੀਜ ਸੋਧ, ਸਾਉਣੀ ਦੀਆਂ ਫਸਲਾਂ ਵਿੱਚ ਸਰਵ-ਪੱਖੀ ਖਾਦ ਪ੍ਰਬੰਧਨ, ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੀ ਵਿਧੀ, ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਵਰਤੋਂ, ਪਸ਼ੂ ਚਾਟ, ਬਾਈਪਾਸ ਫੈਟ ਆਦਿ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : Transgenic Cotton Varieties: ਨਰਮੇ ਦੀਆਂ ਨਵੀਆਂ ਟਰਾਂਸਜੇਨਿਕ ਕਿਸਮਾਂ ਦੀ ਖੋਜ ਲਈ ਤੇਜ਼ੀ ਨਾਲ ਕੰਮ ਜਾਰੀ: Vice-Chancellor Dr. S.S. Gosal
ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ, ਝੋਨੇ ਵਿੱਚ ਨਦੀਨ ਪ੍ਰਬੰਧਨ ਆਦਿ ਬਾਰੇ ਕਈ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਇਸ ਮੌਕੇ ਜਿਪਸਮ ਦੇ ਲਾਭਾਂ ਬਾਰੇ ਵੀ ਚਰਚਾ ਕੀਤੀ ਗਈ। ਕੈਂਪ ਦਾ ਪ੍ਰਬੰਧ ਕਰਨ ਵਿੱਚ ਪਿੰਡ ਛਾਹੜ ਦੇ ਅਗਾਂਹਵਧੂ ਕਿਸਾਨ ਸ਼. ਸਖਵਿੰਦਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ। ਪੀਏਯੂ ਸਾਹਿਤ, ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ, ਝੋਨੇ ਅਤੇ ਬਾਸਮਤੀ ਲਈ ਜੈਵਿਕ ਖਾਦ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ।
Summary in English: AWARENESS CAMP: Second awareness camp on not applying phosphorus fertilizer in paddy at Chhahar village of Sangrur.