1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਵਲੋਂ ਪਸ਼ੂਧਨ ਵਿਚ ਪਰਜੀਵੀ ਬੀਮਾਰੀਆਂ ਸੰਬੰਧੀ ਕੀਤਾ ਗਿਆ ਜਾਗਰੂਕ

ਡੇਅਰੀ ਪਸ਼ੂਆਂ ਵਿਚ ਪਰਜੀਵੀਆਂ ਦੀ ਸਮੱਸਿਆ ਕਾਰਣ ਹਰ ਵਰ੍ਹੇ ਸੈਂਕੜੇ ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੁੰਦਾ ਹੈ।ਪਰਜੀਵੀਆਂ ਨੂੰ ਕਾਬੂ ਕਰਨ ਸੰਬੰਧੀ ਅਤੇ ਇਨ੍ਹਾਂ ਦੀਆਂ ਰੋਕਥਾਮ ਨੀਤੀਆਂ ਬਾਰੇ ਵਿਚਾਰ ਚਰਚਾ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਵੈਟਨਰੀ ਪਰਜੀਵੀ ਵਿਭਾਗ ਦੇ ਸਹਿਯੋਗ ਨਾਲ ਇਕ ਕਾਰਜਸ਼ਾਲਾ ਕਰਵਾਈ ਗਈ।

KJ Staff
KJ Staff

Guru Angad Dev Veterinary

ਡੇਅਰੀ ਪਸ਼ੂਆਂ ਵਿਚ ਪਰਜੀਵੀਆਂ ਦੀ ਸਮੱਸਿਆ ਕਾਰਣ ਹਰ ਵਰ੍ਹੇ ਸੈਂਕੜੇ ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੁੰਦਾ ਹੈ।ਪਰਜੀਵੀਆਂ ਨੂੰ ਕਾਬੂ ਕਰਨ ਸੰਬੰਧੀ ਅਤੇ ਇਨ੍ਹਾਂ ਦੀਆਂ ਰੋਕਥਾਮ ਨੀਤੀਆਂ ਬਾਰੇ ਵਿਚਾਰ ਚਰਚਾ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਵੈਟਨਰੀ ਪਰਜੀਵੀ ਵਿਭਾਗ ਦੇ ਸਹਿਯੋਗ ਨਾਲ ਇਕ ਕਾਰਜਸ਼ਾਲਾ ਕਰਵਾਈ ਗਈ।

ਇਸ ਕਾਰਜਸ਼ਾਲਾ ਦੌਰਾਨ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡੇਅਰੀ ਖੇਤਰ ਵਿਚ ਕਾਰਜਸ਼ੀਲ ਸਾਰੀਆਂ ਭਾਈਵਾਲ ਧਿਰਾਂ ਨੂੰ ਇਸ ਸਮੱਸਿਆ ਬਾਰੇ ਸੁਚੇਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਰਜੀਵੀ ਬੀਮਾਰੀਆਂ ਨਾਲ ਬਹੁਤ ਵੱਡੇ ਆਰਥਿਕ ਨੁਕਸਾਨ ਹੋ ਰਹੇ ਹਨ।ਉਨ੍ਹਾਂ ਪਰਜੀਵੀ ਬੀਮਾਰੀਆਂ ਦੇ ਨਿਰੀਖਣ, ਕਾਬੂ ਪਾਉਣ ਅਤੇ ਸਹੀ ਇਲਾਜ ਸੰਬੰਧੀ ਵਿਗਿਆਨਕ ਗਿਆਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਸ਼ੂ ਪਾਲਣ ਵਿਚ ਵਿਭਿੰਨਤਾ ਵਾਲੀ ਪਹੁੰਚ ਅਪਨਾਉਣੀ ਚਾਹੀਦੀ ਹੈ ਜਿਸ ਨਾਲ ਕਿ ਡੇਅਰੀ ਖੇਤਰ ਦਾ ਮੁਨਾਫ਼ਾ ਵਧਾਇਆ ਜਾ ਸਕੇ।

ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਜਨਤਕ ਸਿਹਤ ਦੇ ਖੇਤਰ ਵਿਚ ਪਰਜੀਵੀਆਂ ਰਾਹੀਂ ਪਸ਼ੂਆਂ ਤੋਂ ਮਨੁੱਖਾਂ ਅਤੇ ਮਨੁੱਖਾਂ ਤੋਂ ਪਸ਼ੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਸੰਬੰਧੀ ਵਿਚਾਰ ਸਾਂਝੇ ਕੀਤੇ।ਉਨ੍ਹਾਂ ਇਹ ਵੀ ਕਿਹਾ ਕਿ ਆਰਥਿਕ ਰੂਪ ਵਿਚ ਸੱਟ ਮਾਰਨ ਵਾਲੀਆਂ ਇਨ੍ਹਾਂ ਬੀਮਾਰੀਆਂ ਸੰਬੰਧੀ ਜਨਤਾ ਨੂੰ ਆਗਾਹ ਕਰਨਾ ਬਹੁਤ ਜ਼ਰੂਰੀ ਹੈ।ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਰਜੀਵੀ ਬੀਮਾਰੀਆਂ ਕਾਰਣ ਉਤਪਾਦਨ ਦੇ ਹੁੰਦੇ ਨੁਕਸਾਨ ਸੰਬੰਧੀ ਚਿੰਤਾ ਜ਼ਾਹਿਰ ਕੀਤੀ ਅਤੇ ਦੱਸਿਆ ਕਿ ਇਸ ਨਾਲ ਪਸ਼ੂ ਦੀ ਖੁਰਾਕੀ ਸਮਰੱਥਾ ਘਟਦੀ ਹੈ।ਪਸ਼ੂ ਨੂੰ ਪ੍ਰਜਣਨ ਸਮੱਸਿਆਵਾਂ ਵੀ ਆਉਂਦੀਆਂ ਹਨ ਅਤੇ ਦਵਾਈਆਂ ਦੀ ਪ੍ਰਤੀਰੋਧਕ ਸਮਰੱਥਾ ’ਤੇ ਵੀ ਮਾੜਾ ਅਸਰ ਪੈਂਦਾ ਹੈ।ਉਨ੍ਹਾਂ ਰਸਾਇਣ ਆਧਾਰਿਤ ਦਵਾਈਆਂ ਦੀ ਥਾਂ ਜੜ੍ਹੀ ਬੂਟੀ ਔਸ਼ਧੀਆਂ ਵਰਤਣ ਦੀ ਵੀ ਸਲਾਹ ਦਿੱਤੀ।

ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕਿਹਾ ਕਿ ਪਰਜੀਵੀ ਬੀਮਾਰੀਆਂ ਦਾ ਸਹੀ ਪ੍ਰਬੰਧਨ ਕਰਕੇ ਅਸੀਂ ਪਸ਼ੂਆਂ ਦੀ ਉਤਪਾਦਕਤਾ ਨੂੰ ਵਧਾ ਸਕਦੇ ਹਾਂ।ਡਾ. ਲਛਮਣ ਦਾਸ ਸਿੰਗਲਾ, ਵੈਟਨਰੀ ਪਰਜੀਵੀ ਵਿਭਾਗ ਦੇ ਮੁਖੀ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਜਿਥੇ ਉਹ ਪਸ਼ੂਆਂ ਦੀ ਸਹੀ ਨਿਗਰਾਨੀ ਰਖਣ ਉਥੇ ਢੁੱਕਵੇਂ ਪ੍ਰਬੰਧਨ ਨਾਲ ਪਰਜੀਵੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ।

ਮਾਹਿਰ ਬੁਲਾਰੇ ਡਾ. ਅਨੀਸ਼ ਯਾਦਵ, ਸ਼ੇਰ-ਏ-ਕਸ਼ਮੀਰ, ਯੂਨੀਵਰਸਿਟੀ ਜੰਮੂ, ਡਾ. ਸੁਖਦੀਪ ਵੋਹਰਾ ਅਤੇ ਡਾ. ਅਮਨ ਦੇਵ ਮੋਦਗਿਲ, ਲਾਲਾ ਲਾਜਪਤ ਰਾਏ ਵੈਟਨਰੀ ਯੂਨੀਵਰਸਿਟੀ, ਹਿਸਾਰ, ਡਾ. ਲਛਮਣ ਦਾਸ ਸਿੰਗਲਾ ਅਤੇ ਡਾ. ਨਿਰਭੈ ਕੁਮਾਰ ਸਿੰਘ, ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਵੀ ਵੱਖੋ-ਵੱਖਰੇ ਪਸ਼ੂ ਪਰਜੀਵੀ ਵਿਸ਼ਿਆਂ ’ਤੇ ਭਾਸ਼ਣ ਦਿੱਤੇ ਅਤੇ ਕਿਸਾਨਾਂ ਨੂੰ ਅਤੇ ਦੂਸਰੇ ਸਰੋਤਿਆਂ ਨੂੰ ਗਿਆਨ ਵਧਾਊ ਜਾਣਕਾਰੀ ਦਿੱਤੀ।

ਲੋਕ ਸੰਪਰਕ ਦਫਤਰ

ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Awareness on parasitic diseases in livestock conducted by Veterinary University

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters