KVK Patiala: ਕੇ.ਵੀ.ਕੇ ਵਿਖੇ ਜ਼ਰੂਰਤਮੰਦਾਂ ਲਈ ਸਮੇਂ-ਸਮੇਂ ਤੇ ਕਿੱਤਾ ਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਵੱਖੋ-ਵੱਖਰੇ ਵਿਸ਼ਿਆਂ 'ਤੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵਾਰ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਮਿਤੀ 19.02.24 ਤੋਂ 23.02.24 ਤੱਕ ਮਧੂਮੱਖੀ ਪਾਲਣ ਵਿਸ਼ੇ ਤੇ ਇੱਕ ਪੰਜ ਰੋਜ਼ਾ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।
ਇਸ ਕੋਰਸ ਵਿੱਚ 29 ਸਿਖਿਆਰਥੀਆਂ ਨੇ ਹਿੱਸਾ ਲਿਆ। ਸਿਖਲਾਈ ਪ੍ਰੋਗਰਾਮ ਦੇ ਕੋਰਸ ਕੁਆਰਡੀਨੇਟਰ ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਸਿਖਲਾਈ ਦਿੱਤੀ।
ਸਫਲ ਮਧੂਮੱਖੀ ਪਾਲਕਾਂ ਨਾਲ ਰਾਬਤਾ
ਕੋਰਸ ਦੌਰਾਨ ਸਿਖਿਆਰਥੀਆਂ ਨੇ ਆਪਣੇ ਹੱਥੀਂ ਮਧੂਮੱਖੀਆਂ ਦੀ ਮੌਸਮੀ ਸਾਂਭ-ਸੰਭਾਲ, ਰਾਣੀ ਮੱਖੀਆਂ ਤਿਆਰ ਕਰਨ, ਮਧੂਮੱਖੀਆਂ ਨੂੰ ਦੁਸ਼ਮਣਾਂ ਤੇ ਬਿਮਾਰੀਆਂ ਤੋਂ ਬਚਾਉਣ ਅਤੇ ਮਧੂਮੱਖੀਆਂ ਤੋਂ ਸ਼ਹਿਦ, ਮੋਮ, ਪ੍ਰੋਪੋਲਿਸ ਆਦਿ ਵਰਗੇ ਵੱਖ-ਵੱਖ ਉਤਪਾਦਾਂ ਨੂੰ ਪ੍ਰਾਪਤ ਕਰਨ ਦੀਆਂ ਵਿਧੀਆਂ ਨੂੰ ਸਿਖਿਆ। ਇਸ ਸਿਖਲਾਈ ਵਿੱਚ ਸਿਖਿਆਰਥੀਆਂ ਦਾ ਰਾਬਤਾ ਜ਼ਿਲੇ ਦੇ ਸਫਲ ਮਧੂਮੱਖੀ ਪਾਲਕਾਂ ਨਾਲ ਵੀ ਕਰਵਾਇਆ ਗਿਆ।
ਡਾ. ਗੁਰਉੁਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ., ਪਟਿਆਲਾ ਨੇ ਸਿਖਿਆਰਥੀਆਂ ਨੂੰ ਸ਼ਹਿਦ ਦੇ ਪੌਸ਼ਟਿਕ ਗੁਣਾਂ ਦੀ ਜਾਣਕਾਰੀ ਦਿੰਦਿਆਂ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਆ। ਇਸ ਕੋਰਸ ਦੌਰਾਨ ਡਾ. ਰਜਨੀ ਗੋਇਲ, ਪ੍ਰੋਫੈਸਰ (ਫੂਡ ਸਾਇੰਸ ਤਕਨਾਲੋਜੀ) ਨੇ ਸ਼ਹਿਦ ਦੀ ਪ੍ਰੋਸੈਸਿੰਗ ਅਤੇ ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਮਧੂਮੱਖੀਆਂ ਲਈ ਲੋੜੀਂਦੇ ਫੁੱਲ-ਫਲਾਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਸਿਖਲਾਈ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਿਖਆਰਥੀਆਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਿਤ ਕਿਤਾਬਾਂ ਵੀ ਖਰੀਦੀਆਂ। ਅਖੀਰ ਵਿੱਚ ਡਾ. ਗੁਰਉਪਦੇਸ਼ ਨੇ ਸਾਰੇ ਸਿਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਵੀ ਦਿੱਤੀ। ਭਾਗ ਲੈਣ ਵਾਲੇ ਸਿਖਿਆਰਥੀਆਂ ਨੇ ਵੀ ਕੇ.ਵੀ.ਕੇ. ਦੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Summary in English: Beekeeping Course: Organized a five-day vocational training course on beekeeping, tips shared by successful beekeepers of Patiala.