1. Home
  2. ਖਬਰਾਂ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਝਟਕਾ! ਡੀਏਪੀ ਪ੍ਰਤੀ ਗੱਟਾ 150 ਰੁਪਏ ਮਹਿੰਗਾ!

ਕੇਂਦਰ ਸਰਕਾਰ ਨੇ ਕਿਸਾਨਾਂ ਵੱਲੋਂ ਫ਼ਸਲਾਂ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਡੀਏਪੀ ਖਾਦ ਦੀ ਕੀਮਤ ਵਿੱਚ ਪ੍ਰਤੀ ਗੱਟਾ 150 ਰੁਪਏ ਦਾ ਵਾਧਾ ਕੀਤਾ ਹੈ।

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਵੱਡਾ ਝਟਕਾ

ਕਿਸਾਨਾਂ ਨੂੰ ਵੱਡਾ ਝਟਕਾ

ਪਹਿਲਾ ਤੋਂ ਨੁਕਸਾਨ ਝੱਲ ਰਹੇ ਕਿਸਾਨਾਂ ਨੂੰ ਹੁਣ ਕੇਂਦਰ ਸਰਕਾਰ ਨੇ ਇੱਕ ਵੱਡਾ ਝੱਟਕਾ ਦਿੱਤਾ ਹੈ। ਦਰਅਸਲ, ਕੇਂਦਰ ਸਰਕਾਰ ਵੱਲੋਂ ਡੀਏਪੀ ਦੀਆਂ ਕੀਮਤਾਂ ਵਿੱਚ ਪ੍ਰਤੀ ਗੱਟਾ 150 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।

ਕਿਸਾਨ ਪਹਿਲਾਂ ਤੋਂ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਪਰੇਸ਼ਾਨ ਸਨ, ਪਰ ਹੁਣ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਉਹ ਮਹਿੰਗਾਈ ਦੀ ਮਾਰ ਹੇਠਾਂ ਆ ਚੁੱਕੇ ਹਨ। ਦਰਅਸਲ, ਕੇਂਦਰ ਸਰਕਾਰ ਨੇ ਕਿਸਾਨਾਂ ਵੱਲੋਂ ਫ਼ਸਲਾਂ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਡੀਏਪੀ ਖਾਦ ਦੀ ਕੀਮਤ ਵਿੱਚ ਪ੍ਰਤੀ ਗੱਟਾ 150 ਰੁਪਏ ਦਾ ਵਾਧਾ ਕੀਤਾ ਹੈ। ਦੱਸ ਦਈਏ ਕਿ, ਪਹਿਲਾਂ 50 ਕਿਲੋ ਦੇ ਗੱਟੇ ਦੀ ਕੀਮਤ 1200 ਰੁਪਏ ਸੀ, ਜੋ ਹੁਣ 1350 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਐਨਪੀਕੇ ਖਾਦ ਦੀ ਕੀਮਤ ਵਿੱਚ 150 ਰੁਪਏ ਪ੍ਰਤੀ ਗੱਟੇ ਦਾ ਵਾਧਾ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਹ ਝਟਕਾ ਬੜੇ ਹੀ ਚੁੱਪ-ਚਪੀਤੇ ਢੰਗ ਨਾਲ ਦਿੱਤਾ ਹੈ।

ਡੀਏਪੀ ਵਿੱਚ ਵਾਧੇ ਦਾ ਕਾਰਨ

ਅੰਤਰਰਾਸ਼ਟਰੀ ਮੰਡੀ ਵਿੱਚ ਖਾਦਾਂ ਦੀਆਂ ਕੀਮਤਾਂ ਉੱਚੀਆਂ ਹੋਣ ਕਾਰਨ ਨਿੱਜੀ ਕੰਪਨੀਆਂ ਘਾਟੇ ਵਿੱਚ ਖਾਦ ਸਪਲਾਈ ਕਰਨ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਰੂਸ-ਯੂਕਰੇਨ ਜੰਗ ਕਰਕੇ ਵੀ ਖਾਦ ਦੇ ਭਾਅ ਅਸਮਾਨੀਂ ਚੜ੍ਹੇ ਹਨ। ਹਾੜ੍ਹੀ ਦੇ ਸੀਜ਼ਨ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਡੀਏਪੀ ਦਾ ਭਾਅ 670 ਡਾਲਰ ਪ੍ਰਤੀ ਮੀਟ੍ਰਿਕ ਟਨ ਸੀ, ਜੋ ਕਿ ਹੁਣ 940 ਡਾਲਰ ਪ੍ਰਤੀ ਮੀਟ੍ਰਿਕ ਟਨ ਤੋਂ ਉੱਪਰ ਹੋ ਗਿਆ ਹੈ। ਕਿਸਾਨਾਂ ਨੂੰ ਜਿੱਥੇ ਕੀਮਤਾਂ ਵਿੱਚ ਹੋਰ ਵਾਧੇ ਦਾ ਡਰ ਬਣਿਆ ਹੋਇਆ ਹੈ, ਉੱਥੇ ਖਾਦ ਦਾ ਸੰਕਟ ਬਣਨ ਦਾ ਵੀ ਡਰ ਹੈ।

ਪਿਛਲੇ ਸਾਲ ਵੀ ਕੀਤਾ ਸੀ ਕੀਮਤਾਂ ਵਿੱਚ ਵਾਧਾ

ਦੱਸ ਦਈਏ ਕਿ ਪਿਛਲੇ ਸਾਲ ਵੀ ਕੇਂਦਰ ਨੇ ਪ੍ਰਤੀ ਗੱਟੇ ਦੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਸੀ। ਉਸ ਸਮੇਂ ਰੌਲਾ ਪੈਣ ਕਰਕੇ ਕੇਂਦਰ ਨੇ ਸਬਸਿਡੀ ਵਿੱਚ ਵਾਧਾ ਕਰ ਦਿੱਤਾ ਸੀ, ਜਿਸ ਮਗਰੋਂ ਖਾਦ ਮੁੜ ਪੁਰਾਣੇ ਭਾਅ ’ਤੇ ਕਿਸਾਨਾਂ ਨੂੰ ਮਿਲਣ ਲੱਗੀ ਸੀ।

ਪੰਜਾਬ ਵਿੱਚ ਵੱਡੇ ਪੱਧਰ 'ਤੇ ਹੁੰਦੀ ਹੈ ਖਾਦ ਦੀ ਵਰਤੋਂ

ਜਿਕਰਯੋਗ ਹੈ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਫ਼ਸਲਾਂ ਵਿੱਚ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਡੀਏਪੀ ਖਾਦ ਦੀ ਸਾਲਾਨਾ 7.50 ਲੱਖ ਮੀਟਰਿਕ ਟਨ ਦੀ ਖਪਤ ਹੁੰਦੀ ਹੈ, ਜਿਸ ’ਚੋਂ 5.25 ਲੱਖ ਮੀਟਰਿਕ ਟਨ ਹਾੜ੍ਹੀ ਦੀ ਫ਼ਸਲ ’ਤੇ ਅਤੇ 2.25 ਲੱਖ ਮੀਟਰਿਕ ਟਨ ਡੀਏਪੀ ਦੀ ਖਪਤ ਸਾਉਣੀ ਦੀ ਫ਼ਸਲਾਂ ’ਤੇ ਹੁੰਦੀ ਹੈ।

ਦੱਸ ਦਈਏ ਕਿ ਪੰਜਾਬ ਵਿੱਚ 31 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਤੇ ਚਾਰ ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਂਦ ਹੋਣ ਦਾ ਅਨੁਮਾਨ ਹੈ। ਕਾਰੋਬਾਰੀ ਮਾਹਿਰ ਮੰਨਦੇ ਨੇ ਕਿ ਕੇਂਦਰ ਸਰਕਾਰ ਦੀ ਨਵੀਂ ਪਾਲਿਸੀ ਰੰਗ ਦਿਖਾਏਗੀ। ਕੇਂਦਰ ਨੇ ਸਬਸਿਡੀ ਨਾ ਵਧਾਈ ਤਾਂ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ 500 ਰੁਪਏ ਤੋਂ ਲੈ ਕੇ 700 ਰੁਪਏ ਤੱਕ ਪ੍ਰਤੀ ਗੱਟੇ ਦਾ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ ਪੰਜਾਬ ਵਿੱਚ ਕਣਕ ਦੀ ਪੈਦਾਵਾਰ ਘਟੀ! ਮਿੱਟੀ 'ਚ ਮਿਲੇ ਕਿਸਾਨਾਂ ਦੇ ਅਰਮਾਨ!

ਫਿਲਹਾਲ, ਕੇਂਦਰ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਚੌਥੇ ਹਫ਼ਤੇ ਵੀ ਖਾਦ ਦੇ ਰੇਟ ’ਚ ਨਵੇਂ ਵਾਧੇ ਬਾਰੇ ਕੋਈ ਪੱਤੇ ਨਹੀਂ ਖੋਲ੍ਹੇ ਹਨ। ਉਂਜ ਕੇਂਦਰ ਸਰਕਾਰ ਨੇ ਪਹਿਲੀ ਅਪ੍ਰੈਲ ਨੂੰ ਚੁੱਪ-ਚੁਪੀਤੇ ਡੀਏਪੀ ਦੇ ਭਾਅ ’ਚ 150 ਰੁਪਏ ਪ੍ਰਤੀ ਗੱਟਾ ਵਾਧਾ ਕਰ ਵੀ ਦਿੱਤਾ ਹੈ। ਇਸ ਨਾਲ ਕਿਸਾਨਾਂ ਦੀ ਖੇਤੀ ਲਾਗਤ ਵਿੱਚ ਕਾਫੀ ਫਰਕ ਪਵੇਗਾ। ਫਿਲਹਾਲ, ਅਗਲੇ ਫ਼ਸਲੀ ਸੀਜ਼ਨ ਵਿੱਚ ਕਿਸਾਨਾਂ ਨੂੰ ਪ੍ਰਤੀ ਗੱਟਾ 150 ਰੁਪਏ ਵੱਧ ਦੇਣੇ ਪੈਣਗੇ, ਪਰ ਪੰਜਾਬ ਦੇ ਕਿਸਾਨਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਖਾਦ ਦੇ ਭਾਅ ਵਿੱਚ ਹਾਲੇ ਹੋਰ ਵੱਡਾ ਵਾਧਾ ਕਰੇਗੀ।

Summary in English: Big shock to farmers from central government! DAP costs Rs 150 per bag!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters