1. Home
  2. ਖਬਰਾਂ

ਪੰਜਾਬ ਵਿੱਚ ਕਣਕ ਦੀ ਪੈਦਾਵਾਰ ਘਟੀ! ਮਿੱਟੀ 'ਚ ਮਿਲੇ ਕਿਸਾਨਾਂ ਦੇ ਅਰਮਾਨ!

ਪਹਿਲਾ ਤੋਂ ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨਾਂ ਨੂੰ ਹੁਣ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਦਰਅਸਲ, ਪੰਜਾਬ ਵਿੱਚ ਪੰਦਰਾਂ ਸਾਲਾਂ ਬਾਅਦ ਕਣਕ ਦੀ ਪੈਦਾਵਾਰ ਘਟੀ ਹੈ।

Gurpreet Kaur Virk
Gurpreet Kaur Virk
ਮਿੱਟੀ 'ਚ ਮਿਲੇ ਕਿਸਾਨਾਂ ਦੇ ਅਰਮਾਨ

ਮਿੱਟੀ 'ਚ ਮਿਲੇ ਕਿਸਾਨਾਂ ਦੇ ਅਰਮਾਨ

ਪਹਿਲਾ ਤੋਂ ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨਾਂ ਨੂੰ ਹੁਣ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਦਰਅਸਲ, ਪੰਜਾਬ ਵਿੱਚ ਪੰਦਰਾਂ ਸਾਲਾਂ ਬਾਅਦ ਕਣਕ ਦੀ ਪੈਦਾਵਾਰ ਘਟੀ ਹੈ। ਜਿਸਦੇ ਚਲਦਿਆਂ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਪੜੋ ਪੂਰੀ ਖ਼ਬਰ...

ਕਦੀ ਬਿਜਲੀ-ਪਾਣੀ ਦੀ ਘਾਟ ਤੇ ਕਦੀ ਕੁਦਰਤੀ ਕਰੋਪੀ ਅਕਸਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਦੀਆਂ ਹਨ। ਜਿਸਦੇ ਚਲਦਿਆਂ ਕਿਸਾਨ ਹਮੇਸ਼ਾ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਪਹਿਲਾ ਤੋਂ ਆਰਥਿਕ ਮੰਦਹਾਲੀ ਵਿੱਚੋਂ ਲੰਘ ਰਹੇ ਕਿਸਾਨਾਂ ਨੂੰ ਹੁਣ ਕਣਕ ਦੀ ਫ਼ਸਲ ਦਾ ਝਾੜ ਘੱਟ ਜਾਣ ਕਾਰਨ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਦੱਸ ਦਈਏ ਕਿ ਇਹ 15 ਸਾਲਾਂ 'ਚ ਪਹਿਲੀ ਵਾਰ ਹੈ, ਜੋ ਕਣਕ ਦੀ ਪੈਦਾਵਾਰ ਘੱਟੀ ਹੈ। ਕਣਕ ਦਾ ਝਾੜ ਪ੍ਰਤੀ ਏਕਡ਼ 4 ਤੋਂ ਲੈ ਕੇ 8 ਕੁਇੰਟਲ ਤਕ ਘੱਟ ਗਿਆ ਹੈ। ਇਹੀ ਨਹੀਂ ਇਸ ਵਾਰ ਤੂਡ਼ੀ ਪਹਿਲਾਂ ਨਾਲੋਂ ਅੱਧੀ ਬਣ ਰਹੀ ਹੈ। ਕਣਕ ਦਾ ਝਾੜ ਜ਼ਿਆਦਾ ਘੱਟ ਜਾਣ ਤੋਂ ਬਾਅਦ ਕਿਸਾਨ ਬੇਹੱਦ ਚਿੰਤਤ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕਡ਼ ਦੇ ਨੁਕਸਾਨ ਦਾ ਖਦਸ਼ਾ ਹੈ। ਪੰਜਾਬ ਵਿੱਚ ਕਣਕ ਦਾ ਝਾੜ ਘਟਣ ਤੋਂ ਬਾਅਦ ਮੱਧ ਵਰਗੀ ਤੇ ਛੋਟੀ ਕਿਸਾਨੀ ਨੂੰ ਵੱਡੀ ਮਾਰ ਪਈ ਹੈ। ਦਰਅਸਲ, ਇਨ੍ਹਾਂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਤੋਂ ਬਾਅਦ ਉਨ੍ਹਾਂ ਪੈਸਿਆਂ ਦੀ ਲੋੜ ਹੁੰਦੀ ਹੈ, ਤਾਂ ਜੋ ਉਹ ਅਗਲੀ ਫ਼ਸਲ ਦੀ ਬਿਜਾਈ ਦਾ ਪ੍ਰਬੰਧ ਸਹੀ ਤਰੀਕੇ ਨਾਲ ਨੇਪਰੇ ਚਾੜ ਸਕਣ।

ਜਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ ਸੀ, ਇਸ ਕਾਰਨ ਕਿਸਾਨ ਆਰਥਿਕ ਤੌਰ ’ਤੇ ਡਾਵਾਂਡੋਲ ਹੋ ਗਿਆ ਸੀ। ਨਰਮੇ ਦੀ ਫ਼ਸਲ ਵਿੱਚ ਵੱਡਾ ਘਾਟਾ ਝੱਲਣ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਆਸ ਬੱਝੀ ਸੀ, ਪਰ ਹੁਣ ਕਣਕ ਦੀ ਵਾਢੀ ਤੋਂ ਬਾਅਦ ਇਨ੍ਹਾਂ ਆਸਾਂ ’ਤੇ ਵੀ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।

ਕਿਸਾਨਾਂ ਦਾ ਪੱਖ

ਇੱਕ ਪਾਸੇ ਜਿੱਥੇ ਖੇਤੀਬਾਡ਼ੀ ਵਿਭਾਗ ਕਣਕ ਦਾ ਝਾਡ਼ ਘਟਣ ਲਈ ਮੌਸਮ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਡੀਏਪੀ ਖਾਦ ਸਮੇਂ ਸਿਰ ਨਾ ਮਿਲਣ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਨਰਮੇ ਦੀ ਫ਼ਸਲ ਬਰਬਾਦ ਹੋਣ ਤੋਂ ਬਾਅਦ ਆਡ਼ਤੀਆਂ, ਕੀਡ਼ੇਮਾਰ ਅਤੇ ਖਾਦਾਂ ਦੇ ਡੀਲਰਾਂ ਨੇ ਕਿਸਾਨਾਂ ਨੂੰ ਸਾਮਾਨ ਉਧਾਰ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਸਨ, ਪਰ ਹੁਣ ਕਣਕ ਦੀ ਫ਼ਸਲ ਚੰਗੀ ਨਾ ਹੋਣ ਕਾਰਨ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਖੇਤੀਬਾਡੀ ਲਈ ਵਰਤੀਆਂ ਜਾਣ ਵਾਲੀਆਂ ਇਹ ਚੀਜ਼ਾਂ ਉਧਾਰ ਮਿਲਣੀਆਂ ਮੁਸ਼ਕਲ ਹੋ ਜਾਣਗੀਆਂ। ਜਿਸਦੇ ਸਿੱਟੇ ਵੱਜੋਂ, ਕਿਸਾਨਾਂ ਨੂੰ ਹੁਣ ਅਗਲੀ ਫ਼ਸਲ ਦੀ ਬਿਜਾਈ ਦੀ ਚਿੰਤਾ ਨਾਲੋਂ ਨਾਲ ਸਤਾ ਰਹੀ ਹੈ।

ਅੰਕੜਿਆਂ ਮੁਤਾਬਕ ਇਨ੍ਹਾਂ ਮੀਟ੍ਰਿਕ ਟਨ ਪੈਦਾਵਾਰ ਦੀ ਸੰਭਾਵਨਾ

-ਸੂਬੇ ਵਿੱਚ ਪਿਛਲੇ ਸਾਲ 35.1 ਲੱਖ ਹੈਕਟੇਅਰ ਰਕਬੇ ਵਿੱਚੋਂ 171 ਲੱਖ ਟਨ ਕਣਕ ਦੀ ਪੈਦਾਵਾਰ ਹੋਈ ਸੀ, ਜਦੋਂਕਿ ਇਸ ਵਾਰ 156 ਲੱਖ ਮੀਟਰਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ।

-ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਵਾਰ ਕਣਕ ਦਾ ਦਸ ਫ਼ੀਸਦੀ ਝਾਡ਼ ਘਟਿਆ ਹੈ, ਜਦੋਂਕਿ ਕਿਸਾਨਾਂ ਮੁਤਾਬਕ ਝਾੜ ਇਸ ਤੋਂ ਕਿਤੇ ਘੱਟ ਨਿਕਲਿਆ ਹੈ।

-ਵਿਭਾਗ ਮੁਤਾਬਕ ਇਸ ਵਾਰ ਕਣਕ ਦਾ ਝਾੜ ਪ੍ਰਤੀ ਏਕਡ਼ ਦੋ ਕੁਇੰਟਲ ਘੱਟ ਹੈ। ਜਦੋਂਕਿ, ਪਿਛਲੇ ਸਾਲ ਕਣਕ ਦਾ ਝਾੜ ਪ੍ਰਤੀ ਹੈਕਟੇਅਰ 48.68 ਕੁਇੰਟਲ ਸੀ ਅਤੇ ਇਸ ਵਾਰ 43 ਕੁਇੰਟਲ ਪ੍ਰਤੀ ਹੈਕਟੇਅਰ ਨਿਕਲ ਰਿਹਾ ਹੈ।

-ਜੇਕਰ ਵਿਭਾਗ ਦੇ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਸੂਬੇ ਵਿੱਚ ਇਸ ਵਾਰ 26 ਲੱਖ ਟਨ ਕਣਕ ਦਾ ਝਾੜ ਘਟਿਆ ਹੈ, ਇਸ ਨਾਲ ਕਿਸਾਨਾਂ ਦਾ 2500 ਕਰੋਡ਼ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।

-ਪੰਜਾਬ ਸਰਕਾਰ ਨੇ ਇਸ ਵਾਰ 132 ਲੱਖ ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ, ਜਦੋਂਕਿ, ਪਿਛਲੇ ਸਾਲ 133 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਕਣਕ ਦੇ ਘਟੇ ਝਾੜ ਕਾਰਨ ਇਸ ਵਾਰ ਮੰਡੀਆਂ ਵਿੱਚ ਕਣਕ ਘੱਟ ਆਉਣ ਦੀ ਸੰਭਾਵਨਾ ਹੈ।

ਮਾਹਿਰਾਂ ਦਾ ਪੱਖ

ਮਾਹਿਰਾਂ ਅਨੁਸਾਰ ਇਸ ਸਾਲ ਕਣਕ ਦਾ ਝਾੜ 33 ਫੀਸਦੀ ਘਟਿਆ ਹੈ। ਹੁਣ ਤਕ ਪੰਜਾਬ ਵਿੱਚ ਲਗਪਗ ਡੇਢ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਕਣਕ ਦੇ ਝਾੜ ਘਟਣ ਕਰਕੇ ਖੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਹਨ। ਪਟਿਆਲਾ ਦੇ ਸਨੌਰ ਹਲਕੇ ਵਿੱਚ ਵੀ 45 ਸਾਲਾ ਹਰਜਿੰਦਰ ਸਿੰਘ ਵੱਲੋਂ ਇਸ ਦੇ ਚਲਦਿਆਂ ਖੁਦਕੁਸ਼ੀ ਕੀਤੀ ਗਈ ਸੀ। ਸਨੌਰ ਹਲਕੇ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਨੈਸ਼ਨਲ ਕਲੈਮਿਟੀ ਐਲਾਨਿਆ ਜਾਵੇ ਅਤੇ ਡਿਜਾਸਟਰ ਮੈਨੇਜਮੈਂਟ ਫੰਡ ਵਿੱਚੋਂ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਪੰਜਾਬ ਵਿੱਚ ਕਣਕ ਦੀ ਪੈਦਾਵਰ ਘੱਟਣਾ ਕਾਫੀ ਚਿੰਤਾ ਦਾ ਵਿਸ਼ਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਵਿਚੋਂ ਰਿਕਾਰਡਤੋੜ 132.14 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। 2007 ਅਤੇ 2006 ਦੌਰਾਨ ਕਣਕ ਦੀ ਖ਼ਰੀਦ ਕ੍ਰਮਵਾਰ 70.99 ਅਤੇ 69.07 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਇਨ੍ਹਾਂ ਦੋਨੋਂ ਸਾਲਾਂ ਦੌਰਾਨ ਵੀ ਨਿੱਜੀ ਵਪਾਰੀਆਂ ਵੱਲੋਂ ਕਣਕ ਦੀ ਖ਼ਰੀਦ 13.12 ਅਤੇ 9.18 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਇਸ ਸਾਲ ਵੀ ਬੀਤੀ ਸ਼ਾਮ ਤਕ ਨਿੱਜੀ ਵਪਾਰੀਆਂ ਵੱਲੋਂ 4.61 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ। ਭਾਵੇਂ ਕਿ ਨਿੱਜੀ ਵਪਾਰੀਆਂ ਵੱਲੋਂ ਪਿਛਲੇ ਸਾਲ 2021 ਵਿੱਚ 1.14 ਲੱਖ ਮੀਟ੍ਰਿਕ ਟਨ, 2020 ਵਿੱਚ 1.93 ਮੀਟ੍ਰਿਕ ਟਨ, 2019 ਵਿੱਚ 2.80 ਮੀਟ੍ਰਿਕ ਟਨ ਅਤੇ 2018 ਵਿੱਚ 2.06 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਸੀ। ਆਉਂਦੇ 3 ਦਿਨਾਂ ਦੌਰਾਨ ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਦਾ ਅੰਕੜਾ 5 ਲੱਖ ਮੀਟ੍ਰਿਕ ਟਨ ਤੋਂ ਟੱਪ ਜਾਏਗਾ।

ਇਹ ਵੀ ਪੜ੍ਹੋ ਪੰਜਾਬ ਵਿਚ ਕਿੰਨੀ ਫੀਸਦੀ ਘਟੀ ਕਣਕ ਦੀ ਪੈਦਾਵਾਰ ? ਜਾਣੋ ਇਸ ਖ਼ਬਰ ਰਾਹੀਂ

ਪ੍ਰਤੀ ਏਕਡ਼ ਫਸਲ ’ਤੇ ਖਰਚਾ

-40 ਕਿਲੋ ਬੀਜ : 1200 ਰੁਪਏ

-ਡੀਏਪੀ ਦਾ ਗੱਟਾ : 1200 ਰੁਪਏ

-ਯੂਰੀਆ ਖਾਦ ਦੇ ਤਿੰਨ ਗੱਟੇ : 1000 ਰੁਪਏ

-ਨਦੀਨ ਨਾਸ਼ਕ ਤੇ ਕੀਡ਼ੇਮਾਰ ਦਵਾਈਆਂ : 2000 ਰੁਪਏ

-ਕਣਕ ਦੀ ਬਿਜਾਈ : 2500 ਰੁਪਏ

-ਕਣਕ ਦੀ ਕਟਾਈ : 1500 ਰੁਪਏ

-ਕੁੱਲ : 9400 ਰੁਪਏ

ਦੱਸ ਦਈਏ ਕਿ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਕਾਫੀ ਪਰੇਸ਼ਾਨ ਹਨ। ਜਿਸਦੇ ਚਲਦਿਆਂ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਕਣਕ ਦੇ ਦਾਣੇ ਦੇ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਖ਼ਰੀਦ ਏਜੰਸੀਆਂ ਨੇ ਵੀ ਬੀਤੇ ਦਿਨੀਂ ਆਪਣੇ ਹੱਥ ਪਿੱਛੇ ਖਿੱਚ ਲਏ ਸਨ, ਜਿਸ ਕਾਰਨ ਕਿਸਾਨਾਂ ਦੀਆਂ ਪਰੇਸ਼ਾਨੀਆਂ ਕਾਫੀ ਵੱਧ ਗਈਆਂ ਸਨ। ਹਾਲਾਂਕਿ, ਮੀਟਿੰਗ ਤੋਂ ਬਾਅਦ ਇਹ ਮਸਲਾ ਹੱਲ ਹੋ ਗਿਆ ਸੀ। ਫਿਲਹਾਲ, ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਨੂੰ ਵਾਜਿਬ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਂ ਰੋਕਿਆ ਜਾ ਸਕੇ।

Summary in English: Wheat production drops in Punjab Aspirations of farmers found in the soil!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters