ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਹੋਈ ਦੋ ਰੋਜ਼ਾ ਕੌਮੀ ਕਾਰਜਸ਼ਾਲਾ ਤੇ ਵਿਚਾਰ ਗੋਸ਼ਠੀ ਅੱਜ ਸੰਪੂਰਨ ਹੋਈ...
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸ਼ੁਰੂ ਹੋਈ ਦੋ ਰੋਜ਼ਾ ਕੌਮੀ ਕਾਰਜਸ਼ਾਲਾ ਤੇ ਵਿਚਾਰ ਗੋਸ਼ਠੀ 15 ਨਵੰਬਰ ਨੂੰ ਸੰਪੂਰਨ ਹੋ ਗਈ। ਇਸ ਦੋ ਰੋਜ਼ਾ ਪ੍ਰੋਗਰਾਮ ‘ਪਸ਼ੂਆਂ `ਚ ਮੂੰਹ-ਖੁਰ, ਲੰਪੀ ਸਕਿਨ ਤੇ ਅਫਰੀਕਨ ਸਵਾਈਨ ਫੀਵਰ ਵਰਗੀਆਂ ਵਿਸ਼ਾਣੂ ਬਿਮਾਰੀਆਂ ਨੂੰ ਕਾਬੂ ਕਰਨ ਤੇ ਖ਼ਤਮ ਕਰਨ ਸੰਬੰਧੀ ਨੀਤੀ’ ਦੇ ਵਿਸ਼ੇ `ਤੇ ਸੀ। ਦੱਸ ਦੇਈਏ ਕਿ ਪ੍ਰੋਗਰਾਮ ਦੇ ਦੂਜੇ ਦਿਨ ਵਿਚਾਰ ਚਰਚਾ ਦਾ ਮੁੱਖ ਕੇਂਦਰ ਲੰਪੀ ਸਕਿਨ ਬਿਮਾਰੀ ਅਤੇ ਅਫਰੀਕਨ ਸਵਾਈਨ ਬੁਖਾਰ ਰਿਹਾ।
ਇਸ ਦੌਰਾਨ ਡਾ. ਮਨੋਜ ਕੁਮਾਰ ਨੇ ਲੰਪੀ ਸਕਿਨ ਬਿਮਾਰੀ ਸੰਬੰਧੀ ਗੋਟ ਪਾਕਸ ਟੀਕੇ ਦੀ ਕਾਰਜਸ਼ੀਲਤਾ ਬਾਰੇ ਚਾਨਣਾ ਪਾਇਆ। ਡਾ. ਨਵੀਨ ਕੁਮਾਰ, ਹਿਸਾਰ ਨੇ ਇਸ ਬਿਮਾਰੀ ਨਾਲ ਪੂਰੇ ਮੁਲਕ ਵਿਚ ਪਏ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ। ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਸੰਬੰਧੀ ਤਿਆਰ ਕੀਤੇ ਗਏ ਟੀਕੇ ਬਾਰੇ ਵੀ ਉਨ੍ਹਾਂ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਡਾ. ਐਨ ਐਨ ਬਰਮਨ ਨੇ ਉਤਰ-ਪੂਰਬੀ ਭਾਰਤੀ ਸੂਬਿਆਂ ਵਿਚ ਅਫਰੀਕਨ ਸਵਾਈਨ ਬੁਖਾਰ ਦੀ ਸਥਿਤੀ ਸੰਬੰਧੀ ਦੱਸਿਆ। ਡਾ. ਰਾਜੂ ਕੁਮਾਰ ਨੇ ਇਸ ਬਿਮਾਰੀ ਦੀ ਵਰਤਮਾਨ ਜਾਣਕਾਰੀ ਅਤੇ ਕਾਬੂ ਕਰਨ ਸੰਬੰਧੀ ਨੀਤੀਆਂ ਬਾਰੇ ਚਰਚਾ ਕੀਤੀ। ਡਾ. ਸਤਪ੍ਰਕਾਸ਼ ਸਿੰਘ ਨੇ ਪਸ਼ੂਆਂ ਤੋਂ ਮਨੁੱਖਾਂ ਤੱਕ ਪਹੁੰਚਣ ਵਾਲੀ ਲੈਪਟੋਸਪਾਇਰੋਸਿਸ ਬਿਮਾਰੀ ਬਾਰੇ ਅਤੇ ਇਸ ਨੂੰ ਕਾਬੂ ਕਰਨ ਸੰਬੰਧੀ ਆਪਣੇ ਵਿਚਾਰ ਰੱਖੇ।
ਵਿਚਾਰ ਚਰਚਾ ਵਿਚ ਇਹ ਗੱਲ ਸਾਹਮਣੇ ਆਈ ਕਿ ਸਾਰੀਆਂ ਭਾਈਵਾਲ ਧਿਰਾਂ ਦੀ ਸਮਰੱਥਾ ਉਸਾਰੀ ਦਾ ਵਿਕਾਸ, ਨਿਰੀਖਣ ਵਿਧੀਆਂ ਦੀ ਬਿਹਤਰੀ ਅਤੇ ਬਿਮਾਰੀ ਨਾਲ ਨਜਿੱਠਣ ਲਈ ਸੰਬੰਧਿਤ ਸਾਰੇ ਵਿਭਾਗਾਂ ਦਾ ਸੁਚੱਜਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਲੈਪਟੋਸਪਾਇਰੋਸਿਸ ਬਿਮਾਰੀ ਸੰਬੰਧੀ ਇਕ ਨੀਤੀ ਪੱਤਰ ਵੀ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਮਿਲਿਆ ਨੰਬਰ-1 ਦਾ ਦਰਜਾ
ਗਡਵਾਸੂ (GADVASU) ਵਿਖੇ ਹੋਏ ਇਸ ਪ੍ਰੋਗਰਾਮ `ਚ ਡਾ. ਡੀ ਵੀ ਆਰ ਪਰਕਾਸ਼ਾ ਰਾਓ, ਪ੍ਰਧਾਨ, ਵੈਟਨਰੀ ਵਿਗਿਆਨ ਸੰਬੰਧੀ ਰਾਸ਼ਟਰੀ ਅਕਾਦਮੀ ਨੇ ਯੂਨੀਵਰਸਿਟੀ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਇਹ ਕਾਰਜਸ਼ਾਲਾ ਆਯੋਜਿਤ ਕੀਤੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਇਸ ਕਾਰਜਸ਼ਾਲਾ ਵਿਖੇ ਵਿਚਾਰ ਹਿਤ ਆਏ ਮੁੱਦੇ ਇਨ੍ਹਾਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਭਵਿੱਖ ਵਿਚ ਰਾਹ-ਦਸੇਰੇ ਬਣਨਗੇ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਸਹਿ-ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਸਾਰੀਆਂ ਭਾਈਵਾਲ ਧਿਰਾਂ ਦੇ ਇਕੱਠਿਆਂ ਬੈਠਣ ਨਾਲ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ। ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਸਹਿ-ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਮਾਹਿਰਾਂ ਵੱਲੋਂ ਕੀਤੀਆਂ ਗਾਈਆਂ ਸਿਫਾਰਸ਼ਾਂ ਅਤੇ ਖੋਜਾਂ ਦਾ ਵੇਰਵਾ ਤਿਆਰ ਕਰਕੇ ਨੀਤੀ ਨਿਰਧਾਰਣ ਸੰਸਥਾਵਾਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੇ ਸਾਰੇ ਮਾਹਿਰਾਂ ਅਤੇ ਪ੍ਰਤੀਭਾਗੀਆਂ ਦਾ ਕਾਰਜਸ਼ਾਲਾ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਧੰਨਵਾਦ ਵੀ ਕੀਤਾ।
Summary in English: Brainstorming at National Workshop on Animal Diseases held at Veterinary University