World Environment Day: ਵਿਸ਼ਵ ਵਾਤਾਵਰਨ ਦਿਵਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਸ.ਡੀ.ਐਮ ਅਜਨਾਲਾ ਦੇ ਅਹਾਤੇ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਦੱਸਿਆ ਕਿ ਅਜਨਾਲਾ ਹਲਕੇ ਦੀ ਆਬੋਹਵਾ ਨੂੰ ਬਦਲਣ ਲਈ 1 ਜੁਲਾਈ ਤੋਂ ਇੱਕ ਲੱਖ ਬੂਟੇ ਲਗਾਏ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਇਹ ਬੂਟੇ ਅਜਨਾਲਾ ਹਲਕੇ ਦੇ ਸਾਰੇ ਸਕੂਲਾਂ, ਹਸਪਤਾਲਾਂ, ਖੇਡ ਸਟੇਡੀਅਮਾਂ ਅਤੇ ਸੜਕਾਂ ਦੇ ਆਲੇ-ਦੁਆਲੇ ਲਗਾਏ ਜਾਣਗੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਹਵਾ, ਪਾਣੀ, ਧਰਤੀ ਅਤੇ ਮਿੱਟੀ ਨੂੰ ਬਚਾਉਣ ਦਾ ਉਪਦੇਸ਼ ਦਿੱਤਾ ਸੀ, ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ 'ਤੇ ਅਮਲ ਨਹੀਂ ਕੀਤਾ, ਜਿਸ ਕਾਰਨ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ।
ਇਹ ਵੀ ਪੜ੍ਹੋ : Punjab Government ਨੇ ਇਨ੍ਹਾਂ 10 ਕੀਟਨਾਸ਼ਕਾਂ ’ਤੇ ਲਗਾਈ ਪਾਬੰਦੀ
ਧਾਲੀਵਾਲ ਨੇ ਕਿਹਾ ਕਿ ਜੇਕਰ ਅਸੀਂ ਅੱਜ ਵੀ ਇਸ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਵਾਤਾਵਰਨ ਦੇ ਨਾਂ 'ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਦੂਸ਼ਣ ਦੇਵਾਂਗੇ, ਜਿਸ ਕਾਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਜੰਗਲਾਤ ਹੇਠ ਰਕਬਾ ਨਾ ਦੇ ਬਰਾਬਰ ਹੈ ਜਿਸ ਨੂੰ ਵਧਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਖਤਮ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : Operation White Flood ਚਲਾਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ Moga
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅੱਗੇ ਆਉਣਾ ਸਾਡਾ ਸਭ ਦਾ ਫਰਜ਼ ਹੈ ਅਤੇ ਅਸੀਂ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ, ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ, ਆਲੇ-ਦੁਆਲੇ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਰਗੇ ਛੋਟੇ-ਛੋਟੇ ਕੰਮ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਸਹਿਯੋਗ ਪਾ ਸਕਦੇ ਹਾਂ।
ਕੁਲਦੀਪ ਸਿੰਘ ਹਾਲੀਵਾਲ ਨੇ ਮੌਕੇ 'ਤੇ ਹਾਜ਼ਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀਆਂ ਮੋਟਰਾਂ ਦੇ ਆਲੇ-ਦੁਆਲੇ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹੋ ਸਕਦੇ ਹਨ। ਇਸ ਮੌਕੇ ਧਾਲੀਵਾਲ ਨੇ ਅਜਨਾਲਾ ਦੇ ਐਸ.ਡੀ.ਐਮ ਅਹਾਤੇ ਵਿੱਚ ਬੂਟੇ ਵੀ ਲਗਾਏ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਅੰਮ੍ਰਿਤਸਰ (District Public Relations Office Amritsar)
Summary in English: Campaign to plant 1 lakh saplings from July 1 in Ajnala constituency of Punjab: Dhaliwal