Training Camp: ਪੀ.ਏ.ਯੂ. ਦੇ ਰਾਵੇ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਟ ਵਿਚ ਔਰਤਾਂ ਦੇ ਸਵੈ ਸੇਵੀ ਸਮੂਹ ਲਈ ਬੇਕਰੀ ਉਤਪਾਦਾਂ ਦੀ ਸਿਖਲਾਈ ਦੇਣ ਬਾਰੇ ਇਕ ਕੈਂਪ ਲਾਇਆ।
ਇਸ ਕੈਂਪ ਵਿਚ ਰਾਵੇ ਅਧੀਨ ਆਉਂਦੇ ਵਿਦਿਆਰਥੀਆਂ ਨੇ ਭਾਗ ਲੈਣ ਵਾਲਿਆਂ ਨੂੰ ਇਸ ਕੈਂਪ ਦੇ ਮੰਤਵ ਬਾਰੇ ਦੱਸਦਿਆਂ ਕਿਹਾ ਕਿ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੇਂਡੂ ਲੋਕਾਂ ਵਿਚ ਮੁਹਾਰਤ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੇ ਸਿਲਸਿਲੇ ਵਜੋਂ ਇਹ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਬੇਕਰੀ ਉਤਪਾਦ ਜਿਵੇਂ ਕੇਕ, ਬਿਸਕੁਟ ਅਤੇ ਮਫਿਨ ਆਦਿ ਬਨਾਉਣ ਦੀ ਸਿਖਲਾਈ ਦਿੱਤੀ ਗਈ। ਨਾਲ ਹੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡੈਮੋਸਟ੍ਰੇਟਰ ਸ੍ਰੀਮਤੀ ਕੁਲਦੀਪ ਕੌਰ ਨੇ ਭਾਗ ਲੈਣ ਵਾਲਿਆਂ ਨੂੰ ਹੱਥੀ ਸਿਖਲਾਈ ਵੀ ਦਿੱਤੀ।
ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਤੋਂ ਇਲਾਵਾ ਡਾ. ਦਵਿੰਦਰ ਤਿਵਾੜੀ ਅਤੇ ਡਾ. ਲਵਲੀਸ਼ ਗਰਗ ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਡਾ. ਕੁਲਦੀਪ ਸਿੰਘ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਖੇਤੀ ਤੋਂ ਮੁਨਾਫ਼ਾ ਵਧਾਉਣ ਲਈ ਨਾਲ ਸੰਬੰਧਿਤ ਕਿੱਤਿਆਂ ਨੂੰ ਉਤਸ਼ਾਹਿਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਦਿਸ਼ਾ ਵਿਚ ਪੀ.ਏ.ਯੂ. ਨੇ ਬਹੁਤ ਸਾਰੀਆਂ ਸਿਖਲਾਈ ਯੋਜਨਾਵਾਂ ਅਰੰਭੀਆਂ ਹਨ।
ਡਾ. ਦਵਿੰਦਰ ਤਿਵਾੜੀ ਨੇ ਔਰਤਾਂ ਲਈ ਸਵੈ ਸੇਵੀ ਸਮੂਹ ਬਣਾ ਕੇ ਪਰਿਵਾਰਕ ਆਮਦਨ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਸਿਖਲਾਈ ਸੀਮਾ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਨਿੰਬੂ ਜਾਤੀ ਦੇ ਫਲਾਂ ਬਾਰੇ International Conference, ਵਿਗਿਆਨੀਆਂ ਨੇ ਜਿੱਤੇ ਇਨਾਮ
ਨੂਰਪੁਰ ਬੇਟ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਲਾਲ ਸਿੰਘ ਅਤੇ ਖੇਤੀਬਾੜੀ ਦੇ ਅਧਿਆਪਕ ਸ਼੍ਰੀ ਗਗਨ ਸ਼ਰਮਾ ਅਤੇ ਪਿੰਡ ਦੇ ਸਰਪੰਚ ਸ੍ਰੀਮਤੀ ਸੁਖਬੀਰ ਕੌਰ ਸਮੇਤ ਸਕੂਲ ਦੀਆਂ 30 ਕੁੜੀਆਂ ਨੇ ਇਸ ਕੈਂਪ ਵਿਚ ਹਿੱਸਾ ਲਿਆ।
ਅੰਤ ਵਿਚ ਸਰਪੰਚ ਸੁਖਬੀਰ ਕੌਰ ਨੇ ਦੱਸਿਆ ਕਿ ਉਹ ਪਿੰਡ ਵਿਚ 5 ਸਵੈ ਸੇਵੀ ਸਮੂਹ ਚਲਾ ਰਹੇ ਹਨ ਅਤੇ ਇਹ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਅਗਵਾਈ ਵਿਚ ਹੋ ਰਿਹਾ ਹੈ। ਉਹਨਾਂ ਨੇ ਰਾਵੇ ਦੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ| ਸਿਖਲਾਈ ਵਿਚ ਭਾਗ ਲੈਣ ਵਾਲਿਆਂ ਨੇ ਮਾਹਿਰਾਂ ਕੋਲੋਂ ਬਹੁਤ ਸਾਰੇ ਸਵਾਲ ਪੁੱਛੇ। ਉਹਨਾਂ ਵਿਸ਼ੇ ਵਿਚ ਅੱਗੇ ਸਿਖਲਾਈ ਲੈਣ ਦੀ ਇੱਛਾ ਪ੍ਰਗਟਾਈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Camps for training in bakery products