KVK Bathinda: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਇਸ ਲੜੀ ਵਿੱਚ ਡੇਅਰੀ ਫ਼ਾਰਮਿੰਗ ਸੰਬੰਧੀ ਕਿੱਤਾ-ਮੁਖੀ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਆਯੋਜਿਤ ਕੀਤਾ ਗਿਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਆਓ ਜਾਣਦੇ ਹਾਂ ਕੀ ਕੁਝ ਖਾਸ ਰਿਹਾ...
ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ। ਅਜਿਹੇ ਵਿੱਚ ਮਿਤੀ 12 ਜੂਨ ਤੋਂ 24 ਜੂਨ ਤੱਕ ਡੇਅਰੀ ਫ਼ਾਰਮਿੰਗ ਸੰਬੰਧੀ ਕਿੱਤਾ-ਮੁਖੀ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਸਿਖਲਾਈ ਕੋਰਸ ਵਿੱਚ 48 ਕਿਸਾਨਾਂ/ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਸਿਖਲਾਈ ਪ੍ਰੋਗਰਾਮ ਦੇ ਸ਼ੁਰੂ ਵਿਚ ਕੇ.ਵੀ.ਕੇ. ਬਠਿੰਡਾ ਦੇ ਡਿਪਟੀ ਡਾਇਰੈਕਟਰ, ਡਾ. ਗੁਰਦੀਪ ਸਿੰਘ ਸਿੱਧੂ ਵੱਲੋਂ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਿਸਾਨੀ ਪ੍ਰਤੀ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਕੇਂਦਰ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸ਼ੁਰੂ ਕੀਤੇ ਗਏ ਇਸ ਸਿਖਲਾਈ ਕੋਰਸ ਦੌਰਾਨ ਪਸ਼ੂ ਪਾਲਣ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ’ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਮੱਝਾਂ ਅਤੇ ਗਾਵਾਂ ਦੀਆਂ ਨਸਲਾਂ, ਸ਼ੈੱਡਾਂ ਦੀ ਬਣਤਰ, ਖੁਰਾਕ ਅਤੇ ਚਾਰੇ ਦਾ ਪ੍ਰਬੰਧ, ਸਾਫ਼-ਸੁਥਰਾ ਦੁੱਧ ਉਤਪਾਦਨ ਸਹਿਤ ਪਸ਼ੂਆਂ ਦੀਆਂ ਬੀਮਾਰੀਆਂ ਤੇ ਟੀਕਾਕਰਨ ਸ਼ਾਮਲ ਸਨ। ਇਸ ਸਿਖਲਾਈ ਦੌਰਾਨ ਡਾ. ਸਰਵਪ੍ਰਿਆ ਸਿੰਘ ਦੁਆਰਾ ਵੱਖ-ਵੱਖ ਸਹਾਇਕ ਕਿੱਤਿਆਂ ਦੀ ਆਰਥਿਕਤਾ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਬੈਂਕ ਅਧਿਕਾਰੀਆਂ ਦੇ ਲੈਕਚਰ ਜ਼ਰੀਏ ਬੈਂਕਾਂ ਦੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Krishi Vigyan Kendra ਫਤਿਹਗੜ੍ਹ ਸਾਹਿਬ ਵੱਲੋਂ PM KISAN SAMMAN NIDHI ਸਮਾਰੋਹ ਦਾ ਆਯੋਜਨ, ਕਿਸਾਨਾਂ ਨਾਲ ਸਾਂਝੀ ਕੀਤੀ ਇਨ੍ਹਾਂ Fertilizers ਬਾਰੇ ਵਧੀਆ ਜਾਣਕਾਰੀ
ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਬਠਿੰਡਾ ਜ਼ਿਲ੍ਹੇ ਦੇ ਕੁਝ ਸਫ਼ਲ ਡੇਅਰੀ ਫ਼ਾਰਮਾਂ ਦਾ ਦੌਰਾ ਵੀ ਕਰਵਾਇਆ ਗਿਆ। ਕੋਰਸ ਦੇ ਅੰਤਿਮ ਦਿਨ ਡਾ. ਗੁਰਮੀਤ ਸਿੰਘ, ਪ੍ਰੋਫੈਸਰ (ਪਸਾਰ ਸਿੱਖਿਆ) ਦੁਅਰਾ ਕਿੱਤਾ-ਮੁਖੀ ਸਿਖਲਾਈ ਕੋਰਸਾਂ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਸਿਖਿਆਰਥੀਆਂ ਨੂੰ ਇਸ ਕੰਮ ਨੂੰ ਕਿੱਤੇ ਦੇ ਤੌਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋਕੇ ਘਰ ਦੀ ਆਰਥਿਕ ਹਾਲਤ ਬਿਹਤਰ ਬਨਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।
Summary in English: Conducting training related to Dairy Farming at Krishi Vigyan Kendra Bathinda