ਡਾਇਰੈਕਟੋਰੇਟ ਆਫ਼ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹਾੜੀ ਸੀਜ਼ਨ 2023 ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਗਿਆਨੀ, ਪਸਾਰ ਮਾਹਿਰ ਅਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਹਾਜ਼ਰ ਸਨ।
ਵਰਕਸ਼ਾਪ ਦੌਰਾਨ ਹਾੜੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਖੇਤਾਂ ਵਿੱਚ ਪ੍ਰਯੋਗ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਉਤਪਾਦਨ ਤਕਨੀਕਾਂ ਅਤੇ ਸੁਰੱਖਿਆ ਤਕਨੀਕਾਂ ਬਾਰੇ ਵੀ ਸਿਫ਼ਾਰਸ਼ਾਂ ਜਾਰੀ ਕੀਤੀਆਂ ਗਈਆਂ। ਵਰਕਸ਼ਾਪ ਦੇ ਦੂਜੇ ਦਿਨ ਪੀਏਯੂ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਢੱਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਖੇਤੀ ਉਤਪਾਦਨ ਦਾ ਮੁੱਲ ਵਧਾਉਣ ਲਈ ਖੇਤੀ ਉਤਪਾਦਕ ਸੰਗਠਨ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਕਰਨ ਅਤੇ ਪ੍ਰੋਸੈਸਿੰਗ ਲਈ ਬਿਨਾਂ ਕਿਸੇ ਸੰਕੋਚ ਦੇ ਆਪਣੇ ਉਤਪਾਦ ਖੁਦ ਪੈਦਾ ਕਰਨ ਦਾ ਰਾਹ ਅਪਣਾਉਣਾ ਹੋਵੇਗਾ। ਡਾ. ਢੱਟ ਨੇ ਖੇਤੀ ਖੇਤਰ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਖੇਤੀ ਜੰਗਲਾਤ 'ਤੇ ਜ਼ੋਰ ਦਿੱਤਾ ਅਤੇ ਇਸ ਨੂੰ ਖੇਤੀ ਵਿਭਿੰਨਤਾ ਦਾ ਵਧੀਆ ਤਰੀਕਾ ਦੱਸਿਆ।
ਉਨ੍ਹਾਂ ਕਿਹਾ ਕਿ ਪਸਾਰ ਮਾਹਿਰਾਂ ਨੂੰ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਵਿਕਸਤ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹੋਰ ਵੀ ਤਨਦੇਹੀ ਨਾਲ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪਸਾਰ ਮਾਹਿਰਾਂ ਵੱਲੋਂ ਲਿਆਂਦੇ ਕਿਸਾਨਾਂ ਦੇ ਸੁਝਾਵਾਂ ਅਨੁਸਾਰ ਖੋਜ ਯੋਜਨਾ ਨੂੰ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਖੇਤੀ ਖੋਜ ਨੂੰ Farmers ਅਤੇ Industry ਤੱਕ ਲਿਜਾਣਾ ਹੀ PAU ਦਾ ਉਦੇਸ਼: Dr. Gosal
ਜ਼ਿਕਰਯੋਗ ਹੈ ਕਿ ਦੋ ਦਿਨਾਂ ਵਰਕਸ਼ਾਪ ਵਿੱਚ ਖੋਜ ਖੇਤਰਾਂ ਦੇ ਦੌਰੇ ਤੋਂ ਬਿਨਾਂ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਖੇਤੀ ਨਾਲ ਜੁੜੇ ਮੁੱਦਿਆ ਅਤੇ ਆਰਥਿਕਤਾ ਬਾਰੇ ਵੱਖੋ-ਵੱਖਰੇ ਨੁਕਤਿਆਂ ਤੋਂ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਦਿੱਤੇ।
ਇਹਨਾਂ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂਅ ਅਤੇ ਦਾਲਾਂ ਦੇ ਨਾਲ-ਨਾਲ ਖੇਤੀ ਇੰਜਨੀਅਰਿੰਗ ਅਤੇ ਮੱਕੀ ਤੋਂ ਇਲਾਵਾ ਤੇਲ ਬੀਜ ਫ਼ਸਲਾਂ, ਜੰਗਲਾਤ ਅਤੇ ਖੇਤੀ ਆਰਥਿਕਤਾ ਸੰਬੰਧੀ ਨੁਕਤਿਆਂ ਉੱਪਰ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਆਉਂਦੇ ਹਾੜੀ ਸੀਜ਼ਨ ਦੌਰਾਨ ਚੰਗੇ ਖੇਤੀ ਉਤਪਾਦਨ ਲਈ ਬਹੁਤ ਸਾਰੀਆਂ ਧਾਰਨਾਵਾਂ ਨਿੱਤਰ ਕੇ ਸਾਹਮਣੇ ਆਈਆਂ।
ਇਹ ਵੀ ਪੜ੍ਹੋ: ਇਥੋਂ ਲਓ PR-126 ਅਤੇ Pusa Basmati-1509 ਦੀ ਮੁਫਤ ਪਨੀਰੀ
ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਪਸਾਰ ਮਾਹਿਰਾਂ ਨੂੰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੀ ਨਿਗਰਾਨੀ ਹੇਠ ਪ੍ਰਯੋਗਾਂ ਅਧੀਨ ਖੇਤਰ ਦਾ ਦੌਰਾ ਕਰਵਾਇਆ ਗਿਆ। ਵਰਕਸ਼ਾਪ ਦੇ ਸਮਾਪਤੀ ਸਮਾਗਮ ਦੀ ਸਮੁੱਚੀ ਕਾਰਵਾਈ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਬਾਖੂਬੀ ਚਲਾਈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Discussion on the crops of the 2023 Rabi Season