ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 31 ਵਰ੍ਹੇ ਦੀ ਸੇਵਾ ਨਿਭਾਉਣ ਤੋਂ ਬਾਅਦ ਡਾ. ਹਰੀਸ਼ ਕੁਮਾਰ ਵਰਮਾ ਸੇਵਾ ਮੁਕਤ ਹੋ ਗਏ ਹਨ।ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਨਮਾਨ ਵਜੋਂ ਇਕ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ 'ਤੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਡਾ. ਵਰਮਾ ਨੇ ਪਸਾਰ ਸਿੱਖਿਆ ਅਤੇ ਵੈਟਨਰੀ ਗਾਇਨਾਕੋਲੋਜੀ ਦੇ ਖੇਤਰ ਵਿਚ ਬਹੁਤ ਅਹਿਮ ਯੋਗਦਾਨ ਪਾਇਆ ਹੈ।ਇਸ ਵਿਦਾਇਗੀ ਸਮਾਗਮ ਵਿਚ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਖੋਜ, ਅਧਿਆਪਨ ਅਤੇ ਪ੍ਰਸ਼ਾਸਕੀ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਭਰਪੂਰ ਸਰਾਹਨਾ ਕੀਤੀ।ਸਾਰਿਆਂ ਨੇ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਭਵਿੱਖੀ ਜੀਵਨ ਵਾਸਤੇ ਸ਼ੁਭ ਕਾਮਨਾਵਾਂ ਦਿੱਤੀਆਂ।
ਡਾ. ਵਰਮਾ ਨੇ ਆਪਣਾ ਪੇਸ਼ੇਵਰ ਕਾਰਜ 1989 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਬਤੌਰ ਸਹਾਇਕ ਪ੍ਰੋਫੈਸਰ ਸ਼ੁਰੂ ਕੀਤਾ।ਸੇਵਾ ਮੁਕਤੀ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪੰਜ ਸਾਲ ਤੋਂ ਵਧੇਰੇ ਸਮਾਂ ਨਿਰਦੇਸ਼ਕ ਪਸਾਰ ਸਿੱਖਿਆ ਦੇ ਤੌਰ 'ਤੇ ਸੇਵਾ ਨਿਭਾਈ।ਇਸ ਤੋਂ ਪਹਿਲਾਂ ਉਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਦੇ ਤੌਰ 'ਤੇ ਵੀ ਕਾਰਜ ਕਰ ਚੁੱਕੇ ਹਨ।ਡਾ. ਵਰਮਾ ਨੇ ਕਿਸਾਨਾਂ ਦੀ ਭਲਾਈ ਹਿੱਤ ਬਹੁਤ ਉੱਘਾ ਯੋਗਦਾਨ ਪਾਇਆ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਦੀ ਕਈ ਕਿਸਮ ਦੀ ਤਕਨਾਲੋਜੀ ਉਨ੍ਹਾਂ ਨੇ ਕਿਸਾਨਾਂ ਤੱਕ ਪਹੁੰਚਾਉਣ ਲਈ ਅਣਥੱਕ ਯਤਨ ਕੀਤੇ।
2006 ਵਿਚ ਵੈਟਨਰੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਉਨ੍ਹਾਂ ਨੂੰ ਲੋਕ ਸੰਪਰਕ ਅਧਿਕਾਰੀ ਦਾ ਕਾਰਜ ਵੀ ਸੌਂਪਿਆ ਗਿਆ।ਇਸ ਕਾਰਜ ਦੌਰਾਨ ਉਨ੍ਹਾਂ ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਕਿਸਾਨਾਂ ਤੱਕ ਪਹੁੰਚਣ ਲਈ ਸੰਚਾਰ ਸੰਦਾਂ ਨੂੰ ਬਿਹਤਰ ਢੰਗ ਨਾਲ ਉਪਯੋਗ ਕੀਤਾ।ਉਨ੍ਹਾਂ ਦੀ ਦੇਖ-ਰੇਖ ਵਿਚ ਯੂਨੀਵਰਸਿਟੀ ਨੇ ਪੁਸਤਕ ਪ੍ਰਕਾਸ਼ਨਾ ਦੇ ਖੇਤਰ ਵਿਚ ਅਹਿਮ ਕਾਰਗੁਜ਼ਾਰੀ ਵਿਖਾਉਂਦਿਆਂ ਪਸ਼ੂ ਪਾਲਣ ਖੇਤਰ ਦੇ ਵਿਸ਼ਿਆਂ 'ਤੇ ਹੁਣ ਤਕ 36 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਮਹੀਨਾਵਾਰ ਰਸਾਲਾ 'ਵਿਗਿਆਨਕ ਪਸ਼ੂ ਪਾਲਣ' ਵੀ ਸ਼ੁਰੂ ਕੀਤਾ।ਇਸ ਵੇਲੇ ਇਸ ਰਸਾਲੇ ਦੇ 5000 ਤੋਂ ਵਧੇਰੇ ਮੈਂਬਰ ਹਨ।
ਡਾ. ਵਰਮਾ ਨੇ 139 ਖੋਜ ਪਰਚੇ, 139 ਖੋਜ ਟਿੱਪਣੀਆਂ ਅਤੇ ਕਈ ਹੋਰ ਖੋਜ ਪ੍ਰਕਾਸ਼ਨਾਵਾਂ ਨਾਲ ਰੇਡੀਓ ਅਤੇ ਟੀ ਵੀ ਦੇ ਮਾਧਿਅਮ ਰਾਹੀਂ 160 ਦੇ ਕਰੀਬ ਮਾਹਿਰ ਇੰਟਰਵਿਊ ਦਿੱਤੀਆਂ ਹਨ।ਆਪਣੀ ਸੇਵਾ ਅਵਧੀ ਦੌਰਾਨ ਉਨ੍ਹਾਂ ਨੇ 1000 ਤੋਂ ਵਧੇਰੇ ਲੈਕਚਰ ਦੇ ਕੇ ਕਿਸਾਨੀ ਦੀ ਝੋਲੀ ਵਿਚ ਗਿਆਨ ਪਾਉਣ ਦਾ ਸੁਚੱਜਾ ਉਪਰਾਲਾ ਕੀਤਾ ਹੈ।ਇਸੇ ਸਮੇਂ ਦੌਰਾਨ ਉਨ੍ਹਾਂ ਨੇ ਫਾਰਮਰ ਫੀਲਡ ਸਕੂਲ ਅਤੇ ਪਸ਼ੂ ਪਾਲਣ ਦੂਤ ਤਿਆਰ ਕਰਨ ਦੇ ਨਵੇਂ ਸੰਕਲਪ ਵੀ ਲਿਆਂਦੇ।ਡਾ. ਵਰਮਾ ਨੂੰ ਹੁਣ ਤਕ ਕਈ ਵੱਕਾਰੀ ਸਨਮਾਨਾਂ ਅਤੇ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Dr. Harish Kumar Verma retired from Veterinary University