ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ 'ਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵੱਲੋਂ ਕਿਸਾਨ ਮੇਲਾ ਲਗਾਇਆ ਗਿਆ ਸੀ। ਇਸ ਮੇਲੇ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ, ਜਦੋਂਕਿ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਸਨ।
ਤੁਹਾਨੂੰ ਦੱਸ ਦੇਈਏ ਕਿ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਸੇਖਵਾਂ, ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ, ਸ਼੍ਰੀਮਤੀ ਅਮਨਦੀਪ ਕੌਰ ਘੁੰਮਣ, ਪੀਸੀਐਸ, ਐੱਸਡੀਐਮ, ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਮੇਲਾ ਖੇਤੀ ਗਿਆਨ ਪ੍ਰਸਾਰ ਦਾ ਮੌਕਾ ਹੈ। ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ ਕਿਸਾਨਾਂ ਤਕ ਲਿਆ ਕੇ ਆਮ ਕਿਸਾਨ ਦੀਆਂ ਮੁਸ਼ਕਲਾਂ ਦੇ ਹੱਲ ਵੱਲ ਪਹਿਲਕਦਮੀ ਕਰਨੀ ਇਨ੍ਹਾਂ ਮੇਲਿਆਂ ਦਾ ਮੰਤਵ ਹੈ। ਸ਼੍ਰੀ ਬਹਿਲ ਨੇ ਯੂਨੀਵਰਸਿਟੀ ਮਾਹਿਰਾਂ ਦਾ ਧੰਨਵਾਦ ਕੀਤਾ ਜੋ ਆਪਣੇ ਗਿਆਨ ਨੂੰ ਖੇਤੀਕਾਰਾਂ ਨਾਲ ਸਾਂਝੇ ਕਰਦੇ ਹਨ।
ਉਨ੍ਹਾਂ ਮੌਜੂਦਾ ਬਜਟ ਵਿੱਚ ਖੇਤੀ ਦੀ ਬਿਹਤਰੀ ਲਈ ਪੇਸ਼ ਤਜਵੀਜ਼ਾਂ ਦਾ ਸਵਾਗਤ ਕੀਤਾ ਅਤੇ ਕਿਸਾਨੀ ਦੇ ਵਿਕਾਸ ਨਾਲ ਹੀ ਸਮੁੱਚੇ ਸਮਾਜ ਦੇ ਵਿਕਾਸ ਹੋਣ ਦੀ ਗੱਲ ਕੀਤੀ। ਸ਼੍ਰੀ ਬਹਿਲ ਨੇ ਸਬਜ਼ੀਆਂ ਦੀ ਪਨੀਰੀ ਲਈ ਇਸ ਕੇਂਦਰ ਵਿਚ ਕੀਤੀ ਪਹਿਲਕਦਮੀ ਲਈ ਇਲਾਕੇ ਵਲੋਂ ਧੰਨਵਾਦ ਕੀਤਾ। ਝੋਨੇ ਦੀ ਸਿੱਧੀ ਬਿਜਾਈ ਲਈ ਹੋਰ ਕੋਸ਼ਿਸ਼ਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ਼੍ਰੀ ਬਹਿਲ ਨੇ ਸਬਜ਼ੀਆਂ ਨਾਲ ਵੀ ਘੱਟੋ ਘੱਟ ਸਮਰਥਨ ਮੁੱਲ ਅਤੇ ਨਿਰਯਾਤ ਸੰਬੰਧੀ ਯੋਜਨਾ ਦੀ ਵਕਾਲਤ ਕੀਤੀ।
ਸ਼੍ਰੀ ਬਹਿਲ ਨੇ ਨਾਲ ਹੀ ਗੰਨੇ ਦੀ ਕੀਮਤ ਸਾਰੇ ਦੇਸ਼ ਤੋਂ ਵੱਧ ਹੋਣ ਬਾਰੇ ਗੱਲ ਕਰਦਿਆਂ ਵਧੀਆ ਕਿਸਮਾਂ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ। ਬਾਸਮਤੀ ਤੇ ਨਰਮੇ ਦੀ ਵਧੇਰੇ ਕਾਸ਼ਤ ਵਾਲੇ ਪਿੰਡਾਂ ਤੋਂ ਉਤਸ਼ਾਹ ਲੈਣ ਬਾਰੇ ਕਿਸਾਨ ਮਿੱਤਰ ਯੋਜਨਾ ਬਾਰੇ ਵੀ ਉਨ੍ਹਾਂ ਸੂਚਿਤ ਕੀਤਾ। ਸਥਾਨਕ ਕੇਂਦਰ ਵਿਚ ਖੇਤੀ ਦੀ ਪੜ੍ਹਾਈ ਲਈ ਚਲਾਏ ਜਾ ਰਹੇ ਕੋਰਸਾਂ ਵਿਚ ਸਥਾਨਕ ਵਿਦਿਆਰਥੀਆਂ ਨੂੰ ਵਧ ਤੋਂ ਵਧ ਦਾਖਲ ਹੋਣ ਤੇ ਇਲਾਕੇ ਦੀ ਖੇਤੀ ਦੀ ਨੁਹਾਰ ਬਦਲਣ ਦਾ ਸੱਦਾ ਵੀ ਉਨ੍ਹਾਂ ਦਿੱਤਾ।
ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੀਏਯੂ ਤੋਂ ਵੀ ਪੁਰਾਣਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਕੇਂਦਰ ਹੈ। ਇਸ ਕੇਂਦਰ ਦਾ ਮੌਸਮ ਲੁਧਿਆਣਾ ਤੋਂ ਭਿੰਨ ਹੋਣ ਕਰਕੇ ਖੋਜ ਪੱਖੋਂ ਬੜਾ ਅਹਿਮ ਹੈ।
ਡਾ. ਗੋਸਲ ਨੇ ਪੀਏਯੂ ਦੀ ਕਿਸਮ ਪੀਬੀਡਬਲਿਊ 826 ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਸਨੂੰ ਦੇਸ਼ ਦੇ ਵਡੇਰੇ ਹਿੱਸੇ ਵਿਚ ਕਾਸ਼ਤ ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੰਨੇ ਦਾ ਉਤਪਾਦਨ ਖੇਤਰ ਹੋਣ ਕਾਰਨ ਪੀਏਯੂ ਦੀਆਂ ਕਿਸਮਾਂ ਨੇ ਏਥੇ ਵਿਸ਼ੇਸ਼ ਪ੍ਰਵਾਨਗੀ ਲਈ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਕਾਸ਼ਤ ਵਧਾਉਣ ਦੇ ਨਾਲ ਹੀ ਖੇਤੀ ਰਸਾਇਣਾਂ ਦੀ ਢੁਕਵੀਂ ਵਰਤੋਂ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਰਸਾਇਣਾਂ ਦਾ ਛਿੜਕਾਅ ਹੀ ਕੀਤਾ ਜਾਵੇ।
ਡਾ. ਗੋਸਲ ਨੇ ਝੋਨੇ ਦੀ ਕਿਸਮ ਪੀਆਰ 126 ਦਾ ਜ਼ਿਕਰ ਖਾਸ ਤੌਰ ਤੇ ਕੀਤਾ। ਉਨ੍ਹਾਂ ਕਣਕ ਦੀ ਬਿਜਾਈ ਦੀ ਨਵੀਂ ਵਿਧੀ ਸਰਫਸ ਸੀਡਿੰਗ ਬਾਰੇ ਜਾਣਕਾਰੀ ਦਿੱਤੀ ਤੇ ਇਸਦੀ ਸਫਲਤਾ ਦਾ ਹਵਾਲਾ ਦਿੱਤਾ। ਇਸ ਵਿਧੀ ਨਾਲ ਵਾਤਾਵਰਨ ਪੱਖੀ ਖੇਤੀ ਨੂੰ ਨਵਾਂ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ 6 ਜ਼ਿਲ੍ਹਿਆਂ ਵਿੱਚ ਖੁਦ ਕੀਤੇ ਸਰਵੇਖਣ ਬਾਰੇ ਦੱਸਿਆ ਤੇ ਇਸ ਵਿਧੀ ਨੂੰ ਅਪਣਾਉਣ ਵਾਲੇ ਕਿਸਾਨਾਂ ਦੇ ਉਤਸ਼ਾਹ ਨੂੰ ਸਾਂਝਾ ਕੀਤਾ।
ਦਵਾਈਆਂ ਤੇ ਖਾਦਾਂ ਦੀ ਢੁਕਵੀਂ ਵਰਤੋਂ ਨੂੰ ਖੇਤੀ ਖਰਚਿਆਂ ਨੂੰ ਘਟਾਉਣ ਲਈ ਲਾਜ਼ਮੀ ਅਪਣਾਉਣ ਲਈ ਕਿਹਾ ਗਿਆ। ਖੇਤੀ ਨੀਤੀ ਬਣਾਉਣ ਸਮੇਂ ਕਿਸਾਨਾਂ ਦੀ ਰਾਏ ਸ਼ਾਮਿਲ ਕਰਨ ਬਾਰੇ ਡਾ. ਗੋਸਲ ਨੇ ਕਿਹਾ ਕਿ ਖੇਤੀ ਦੀ ਸਫਲਤਾ ਲਈ ਕਿਸਾਨਾਂ ਦੇ ਤਜਰਬੇ ਬੜੇ ਅਹਿਮ ਹਨ।
ਬਾਸਮਤੀ ਉੱਪਰ ਸਰਕਾਰ ਦੇ ਨਿਯਤ ਮੁੱਲ ਦੇਣ ਦਾ ਜ਼ਿਕਰ ਕਰਦਿਆਂ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਬਾਹਰ ਆਉਣ ਲਈ ਪ੍ਰੇਰਿਤ ਕੀਤਾ। ਡਾ ਗੋਸਲ ਨੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕੀਤੀ ਜੋ ਘਰੇਲੂ ਲੋੜਾਂ ਦੀ ਪੂਰਤੀ ਦਾ ਮਾਧਿਅਮ ਹੈ। ਇਸ ਕੇਂਦਰ ਵਿਚ ਖੇਤੀ ਸਿੱਖਿਆ ਕੇਂਦਰ ਦਾ ਲਾਹਾ ਲੈਣ ਲਈ ਸਥਾਨਕ ਪੱਧਰ ਤੇ ਲੋਕਾਂ ਨੂੰ ਯਤਨਸ਼ੀਲ ਹੋਣ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ 'ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ' ਰੱਖਿਆ ਗਿਆ ਹੈ। ਇਸ ਦਾ ਮੰਤਵ ਖੇਤੀ ਨੂੰ ਘੱਟ ਖਰਚੀਲੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ। ਡਾ. ਸਤਿਬੀਰ ਸਿੰਘ ਗੋਸਲ ਨੇ ਸਰਕਾਰ ਕਿਸਾਨ ਮਿਲਣੀ ਆਯੋਜਿਤ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਸਰਕਾਰ ਨੂੰ ਜਾਣੂੰ ਕਰਾਉਣ ਦੀ ਪਹਿਲੀ ਵਾਰ ਕੀਤੀ ਕੋਸ਼ਿਸ਼ ਬਾਰੇ ਕਿਸਾਨਾਂ ਨੂੰ ਦੱਸਿਆ।
ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਖੇਤੀ ਨੀਤੀ ਬਣਾਉਣ ਵਿੱਚ ਸੁਝਾਅ ਦੇਣ ਅਤੇ ਸਰਗਰਮ ਭਾਗੀਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿਸਾਨਾਂ ਨੂੰ ਕਿਹਾ ਕਿ ਇਸ ਮੇਲੇ ਵਿੱਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜ਼ੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਆਉਂਦੇ ਦਿਨੀਂ ਅਨੁਕੂਲ ਮੌਸਮ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਹਮਣੇ ਆਇਆ ਹੈ। ਡਾ ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੀਏਯੂ ਨੇ ਹੁਣ ਤਕ 900 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਸੱਤ ਕਿਸਾਨ ਮੇਲੇ ਹਾੜ੍ਹੀ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਹ ਇਸ ਲੜੀ ਦਾ ਤੀਸਰਾ ਮੇਲਾ ਹੈ। ਇਨ੍ਹਾਂ ਮੇਲਿਆਂ ਦਾ ਉਦੇਸ਼ ਖੇਤੀ ਲਾਗਤਾਂ ਨੂੰ ਘੱਟ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਦੀ ਟੀਮ ਨੇ KVK ਰੋਪੜ ਦੁਆਰਾ ਆਯੋਜਿਤ ਕਿਸਾਨ ਮੇਲੇ ਵਿੱਚ ਲਿਆ ਭਾਗ
ਉਨ੍ਹਾਂ ਪੰਜਾਬ ਦੇ ਪਾਣੀ ਪੱਖੋਂ ਤੰਗੀ ਹੰਢਾ ਰਹੇ ਬਲਾਕਾਂ ਦਾ ਜ਼ਿਕਰ ਕਰਦਿਆਂ ਪਾਣੀ ਪੱਖੋਂ ਖਤਰੇ ਦੀ ਸਥਿਤੀ ਵਿਚਲੇ ਇਲਾਕਿਆਂ ਦੀ ਗੱਲ ਕੀਤੀ । ਉਨ੍ਹਾਂ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਬਾਸਮਤੀ ਦੀ ਕਾਸ਼ਤ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਡਾ. ਬੁੱਟਰ ਨੇ ਕਿਹਾ ਕਿ ਇਸ ਇਲਾਕੇ ਨੂੰ ਵਰਦਾਨ ਹੈ ਕਿ ਬਾਸਮਤੀ ਦੀ ਮਹਿਕ ਲਈ ਐਨ ਢੁਕਵਾਂ ਵਾਤਾਵਰਨ ਏਥੇ ਮੌਜੂਦ ਹੈ। ਉਨ੍ਹਾਂ ਨੇ ਝੋਨੇ ਨੂੰ ਪਾਣੀ ਲਾਉਣ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ।
ਘਟਦੀਆਂ ਜ਼ਮੀਨਾਂ ਦੇ ਮੱਦੇਨਜ਼ਰ ਸੰਯੁਕਤ ਖੇਤੀ ਪ੍ਰਣਾਲੀ ਅਪਣਾਉਣ ਲਈ ਵੀ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕੀਤਾ। ਪੀ ਏ ਯੂ ਦੇ ਖੇਤਰੀ ਖੋਜ ਕੇਂਦਰਾਂ ਵਿਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਡਾ. ਗੁਰਮੀਤ ਸਿੰਘ ਬੁੱਟਰ ਨੇ ਦਿੱਤੀ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਸੰਬੋਧਨ ਵਿਚ ਪਾਣੀ ਦੀ ਬੱਚਤ ਤੇ ਸਿੰਚਾਈ ਲਈ ਪਾਣੀ ਦੀ ਢੁਕਵੀਂ ਵਰਤੋਂ ਅਤੇ ਨਹਿਰੀ ਪਾਣੀ ਬਾਰੇ ਬਜਟ ਵਿੱਚ ਸਰਕਾਰੀ ਪਹਿਲਕਦਮੀਆਂ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਸਾਨ ਮੇਲੇ ਲਾਉਣ ਲਈ ਯੂਨੀਵਰਸਿਟੀ ਮਾਹਿਰਾਂ ਅਤੇ ਵਾਈਸ ਚਾਂਸਲਰ ਨੂੰ ਵਿਸ਼ੇਸ਼ ਧੰਨਵਾਦ ਕਿਹਾ।
ਇਹ ਵੀ ਪੜ੍ਹੋ : PAU ਦੇ ਵਾਈਸ ਚਾਂਸਲਰ ਵੱਲੋਂ 6 ਜ਼ਿਲ੍ਹਿਆਂ ਦਾ ਦੌਰਾ, ਫਸਲਾਂ ਦੇ ਨਿਰੀਖਣ ਦੌਰਾਨ ਕਿਸਾਨਾਂ ਨਾਲ ਗੱਲਬਾਤ
ਵਿਸ਼ੇਸ਼ ਮਹਿਮਾਨ ਸ ਸ਼ਮਸ਼ੇਰ ਸਿੰਘ ਨੇ ਆਪਣੇ ਭਾਸ਼ਣ ਮੌਜੂਦਾ ਸਰਕਾਰ ਦੀ ਖੇਤੀ ਦੇ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਕਿਰਪਾਲ ਸਿੰਘ ਢਿੱਲੋਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਾਇਆ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਖੁਦ ਦੀਆਂ ਲੋੜਾਂ ਲਈ ਬੀਜ ਉਤਪਾਦਨ ਲਈ ਪ੍ਰੇਰਿਤ ਕੀਤਾ।
ਡਾ ਢਿੱਲੋਂ ਨੇ ਖੇਤੀ ਵਿਭਿੰਨਤਾ ਲਈ ਪੀਏਯੂ ਨਾਲ ਮਿਲ ਕੇ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਵੀ ਕੀਤਾ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੁੜਨ ਲਈ ਕਿਹਾ ਤੇ ਇਸ ਸੰਬੰਧ ਵਿੱਚ ਖੇਤੀ ਮਸ਼ੀਨਰੀ ਲਈ ਵਿਭਾਗ ਨਾਲ ਸੰਪਰਕ ਵਿਚ ਰਹਿਣ ਦੀ ਤਾਕੀਦ ਕੀਤੀ।
ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਲਈ ਪੈਦਾ ਕੀਤੇ ਅਨਾਜ ਨੂੰ ਵਡਿਆਇਆ। ਉਨ੍ਹਾਂ ਸਰਕਾਰਾਂ ਨੂੰ ਯੂਨੀਵਰਸਿਟੀ ਦੀ ਖੋਜ ਲਈ ਲੋੜੀਂਦੇ ਸਹਾਇਤਾ ਕਦਮ ਚੁੱਕਣ ਲਈ ਕਿਹਾ। ਇਸ ਇਲਾਕੇ ਨੂੰ ਗੰਨਾ ਤੇ ਬਾਗਾਂ ਦਾ ਜ਼ੋਨ ਐਲਾਨ ਕਰਨ ਦੀ ਅਪੀਲ ਵੀ ਸ ਗਜਨੀਪੁਰ ਨੇ ਕੀਤੀ। ਪਾਣੀ ਦੀ ਸੰਭਾਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਸਮੇਂ ਬੁਲਾਰੇ ਨੇ ਇਸ ਨਾਲ ਜ਼ਿੰਦਗੀ ਦਾ ਆਧਾਰ ਜੁੜੇ ਹੋਣ ਦੀ ਗੱਲ ਕੀਤੀ।
ਇਹ ਵੀ ਪੜ੍ਹੋ : PAU ਵੱਲੋਂ 24 ਅਤੇ 25 ਮਾਰਚ ਨੂੰ Ludhiana Kisan Mela
ਵਧੀਕ ਡਿਪਟੀ ਕਮਿਸ਼ਨਰ ਮੈਡਮ ਅਮਨਦੀਪ ਕੌਰ ਘੁੰਮਣ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮੇਲੇ ਦੇ ਮੰਤਵ ਨੂੰ ਦ੍ਰਿੜ ਕਰਾਇਆ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਉੱਪਰ ਤਸੱਲੀ ਪ੍ਰਗਟ ਕੀਤੀ। ਮੈਡਮ ਘੁੰਮਣ ਨੇ ਪਾਣੀ ਬਚਾਉਣ ਦੀਆਂ ਤਕਨੀਕਾਂ ਅਪਣਾਉਣ ਲਈ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ।
ਇਸ ਮੇਲੇ ਦੌਰਾਨ ਅਗਾਂਹਵਧੂ ਕਿਸਾਨ ਚਰਨਜੀਤ ਸਿੰਘ ਪਿੰਡ ਧੰਦਲ, ਜਸਮਿੰਦਰ ਸਿੰਘ ਸਰਕਾਰੀਆ ਪਿੰਡ ਪਿੰਡੀ, ਗੁਰਭੇਜ ਸਿੰਘ ਬਾਠ ਪਿੰਡ ਭੋਪਾਰ ਸਾਇਦਾ, ਗੁਰਨਾਮ ਸਿੰਘ ਅਬਲਖੈਰ,ਸਤਨਾਮ ਸਿੰਘ ਪਿੰਡ ਬਾਗੜਆਂ, ਊਧਮ ਸਿੰਘ ਪੱਡਾ ਪਿੰਡ ਗੰਦੇ ਕੇ ਰਣਜੀਤ ਸਿੰਘ ਰਾਣਾ ਪਿੰਡ ਸਿੱਧਵਾਂ, ਰਾਕੇਸ਼੍ਵਰ ਕੁਮਾਰ ਕੋਂਡਾਲ ਪਿੰਡ ਪਨਿਯਾਰ, ਲਖਬੀਰ ਸਿੰਘ ਖਾਲਸਾ ਪਿੰਡ ਵੜੈਚ, ਮੀਨਾ ਕੁਮਾਰੀ ਪਿੰਡ ਹਾਰਬੇਹ ਜ਼ਿਲਾ ਹੋਸ਼ਿਆਰਪੁਰ ਨੂੰ ਸਨਮਾਨਿਤ ਕੀਤਾ ਗਿਆ
ਸਨਮਾਨਿਤ ਮਾਹਿਰਾਂ ਵਿਚ ਡਾ ਬਲਦੇਵ ਸਿੰਘ ਬੋਪਾਰਾਏ, ਡਾ ਪਰਮਜੀਤ ਸਿੰਘ ਬੱਗਾ, ਡਾ ਅਵਤਾਰ ਸਿੰਘ ਰੰਧਾਵਾ ਅਤੇ ਡਾ ਭੁਪਿੰਦਰ ਸਿੰਘ ਬਸਰਾ ਪ੍ਰਮੁੱਖ ਸਨ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਉਪ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿੱਲੋਂ ਨੇ ਕਹੇ। ਪੀਏਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮੇਲੇ ਦੌਰਾਨ ਵੱਖ-ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀਏਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਪੀਏਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।
Summary in English: Farmers should spray chemicals recommended by PAU to increase Basmati cultivation