Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਵਿਦਿਆਰਥੀਆਂ ਨੇ ਆਪਣੇ ਗਿਆਨ ਅਤੇ ਕੌਸ਼ਲ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਵੱਡੀ ਪ੍ਰਾਪਤੀ ਦਰਜ ਕੀਤੀ ਹੈ।
ਮਿਲਕਫੈਡ ਵੱਲੋਂ ਕੀਤੀ ਗਈ ਕੈਂਪਸ ਇੰਟਰਵਿਊ ਵਿੱਚ ਇਸ ਕਾਲਜ ਦੇ 22 ਵਿਦਿਆਰਥੀ ਨੌਕਰੀ ਲਈ ਚੁਣ ਲਏ ਗਏ ਹਨ। ਡਾ. ਰਾਮ ਸਰਨ ਸੇਠੀ, ਡੀਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਅਤੇ ਉਨ੍ਹਾਂ ਦੀ ਟੀਮ ਨੇ ਇੰਟਰਵਿਊ ਲਈ ਸੀ ਜਿਸ ਰਾਹੀਂ ਇਹ ਵਿਦਿਆਰਥੀ ਸਹਾਇਕ ਮੈਨੇਜਰ ਦੇ ਤੌਰ ’ਤੇ ਚੁਣ ਲਏ ਗਏ ਹਨ।
ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਿੱਖਿਆ ਦੇ ਨਾਲ-ਨਾਲ ਦੂਜੀਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੂੰ ਨਿਪੁੰਨ ਕਰਦੀ ਹੈ ਜਿਸ ਦਾ ਸਿੱਟਾ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਚੁਣੇ ਗਏ ਹਨ।
ਡਾ. ਪ੍ਰਣਵ ਕੁਮਾਰ ਸਿੰਘ, ਇੰਚਾਰਜ, ਯੂਨੀਵਰਸਿਟੀ ਪਲੇਸਮੈਂਟ ਸੈਲ ਨੇ ਦੱਸਿਆ ਕਿ ਇਹ ਵਿਦਿਆਰਥੀ ਵੇਰਕਾ ਦੇ ਵਿਭਿੰਨ ਮਿਲਕ ਪਲਾਂਟਾਂ ਵਿਚ ਸੇਵਾ ਦੇਣਗੇ। ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ 15 ਹੋਰ ਵਿਦਿਆਰਥੀ ਵੇਟਿੰਗ ਲਿਸਟ ਵਿਚ ਵੀ ਹਨ ਜਿਨ੍ਹਾਂ ਨੂੰ ਹੋਰ ਖਾਲੀ ਅਸਾਮੀਆਂ ਲਈ ਸੱਦਿਆ ਜਾ ਸਕਦਾ ਹੈ।
ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ, ਮਨੁੱਖੀ ਸਾਧਨ ਵਿਕਾਸ ਕੇਂਦਰ ਨੇ ਕਿਹਾ ਕਿ ਯੂਨੀਵਰਸਿਟੀ ਦਾ ਪਲੇਸਮੈਂਟ ਸੈਲ ਵਿਦਿਆਰਥੀਆਂ ਦੇ ਰੁਜ਼ਗਾਰ ਅਤੇ ਨੌਕਰੀ ਸੰਬੰਧੀ ਵਿਭਿੰਨ ਨੁਕਤਿਆਂ ’ਤੇ ਕੰਮ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਬਿਹਤਰ ਪੇਸ਼ੇਵਰ ਮੌਕੇ ਪ੍ਰਾਪਤ ਹੋ ਸਕਣ।
ਇਹ ਵੀ ਪੜ੍ਹੋ: GADVASU ਦਾ Institute of Microbial Technology ਨਾਲ ਇਕਰਾਰਨਾਮਾ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਦੀ ਸ਼ਲਾਘਾ ਕੀਤੀ ਕਿ ਜਿਨ੍ਹਾਂ ਦੀ ਸਮੂਹਿਕ ਮਿਹਨਤ ਨਾਲ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੈਂਪਸ ਵਿਖੇ ਹੋਈ ਪਲੇਸਮੈਂਟ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਵਿਚ ਸਮਰੱਥ ਰਹੀ ਹੈ ਅਤੇ ਸਾਡੇ ਵਿਦਿਆਰਥੀ ਉਦਯੋਗ ਦੀਆਂ ਲੋੜਾਂ ਮੁਤਾਬਿਕ ਹੁਨਰ ਰੱਖਦੇ ਹਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Great achievement of GADVASU students during Campus Interview