Veterinary University: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪ੍ਰੋਸੈਸਡ ਮੀਟ ਅਤੇ ਅੰਡੇ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਹ ਕੇਂਦਰ ਵੈਟਰਨਰੀ ਯੂਨੀਵਰਸਿਟੀ ਦੀ ਹੈਚਰੀ ਜੋ ਕਿ ਪੀਏਯੂ ਕੈਂਪਸ ਵਿੱਚ ਸਥਿਤ ਹੈ, ਵਿੱਚ ਖੋਲ੍ਹਿਆ ਗਿਆ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਉਪਭੋਗੀਆਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਾਫ ਸੁਥਰੀਆਂ ਵਸਤਾਂ ਉਪਲਬਧ ਕਰਵਾਉਣ ਦੇ ਉਪਰਾਲੇ ਅਧੀਨ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਤੋਂ ਮਿਲਦੀ ਪ੍ਰੋਟੀਨ ਅਤੇ ਆਂਡਿਆਂ ਦੀਆਂ ਬਣੀਆਂ ਵਸਤਾਂ ਮਨੁੱਖੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਰਹਿੰਦੀਆਂ ਹਨ। ਉਨ੍ਹਾਂ ਨੇ ਇਸ ਕੇਂਦਰ ਨੂੰ ਚਲਾਉਣ ਵਾਲੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਇਹ ਬੜਾ ਜ਼ਿਕਰਯੋਗ ਯਤਨ ਕੀਤਾ ਹੈ।
ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਕਿਹਾ ਕਿ ਇਸ ਵਿਕਰੀ ਕੇਂਦਰ ਵਿਖੇ ਵਿਗਿਆਨਕ ਢੰਗ ਨਾਲ ਤਿਆਰ ਕੀਤੇ ਉਤਪਾਦ ਮਿਲਣਗੇ। ਵਿਭਾਗ ਦੇ ਅਧਿਆਪਕਾਂ, ਡਾ. ਨਿਤਿਨ ਮਹਿਤਾ, ਰਾਜੇਸ਼ ਵਾਘ ਅਤੇ ਓ ਪੀ ਮਾਲਵ ਨੇ ਦੱਸਿਆ ਕਿ ਇਥੇ ਮੀਟ ਦੇ ਨਗੇਟਸ, ਪੈਟੀਆਂ, ਬਾਲਜ਼ ਅਤੇ ਮੀਟ ਦੇ ਆਂਡਿਆਂ ਦਾ ਅਚਾਰ ਵੀ ਉਪਲਬਧ ਹੋਵੇਗਾ। ਇਹ ਵਿਕਰੀ ਕੇਂਦਰ ਹਰ ਸ਼ੁੱਕਰਵਾਰ 11 ਵਜੇ ਸਵੇਰ ਤੋਂ ਦੁਪਹਿਰ 2 ਵਜੇ ਤਕ ਖੁੱਲ੍ਹਾ ਰਹੇਗਾ।
ਇਹ ਵੀ ਪੜ੍ਹੋ : International Workshop: "ਭੋਜਨ ਸੁਰੱਖਿਆ ਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਸੰਪਾਦਨ" ਵਿਸ਼ੇ `ਤੇ ਕਾਰਜਸ਼ਾਲਾ
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਵਿਭਾਗ ਬਹੁਤ ਮਿਹਨਤ ਨਾਲ ਸਿਹਤਮੰਦ ਉਤਪਾਦ ਤਿਆਰ ਕਰ ਰਿਹਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਯੂਨੀਵਰਸਿਟੀ ਦੇ ਉਤਪਾਦਾਂ ਦੀ ਲੋਕਾਂ ਵਿਚ ਪਹਿਲਾਂ ਹੀ ਕਾਫੀ ਮੰਗ ਹੈ ਜਿਸ ਨੂੰ ਸਮਝਦਿਆਂ ਹੋਇਆਂ ਇਹ ਯਤਨ ਕੀਤਾ ਗਿਆ ਹੈ। ਇਸ ਮੌਕੇ ’ਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਅਧਿਆਪਕ ਮੌਜੂਦ ਸਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Inauguration of Meat Products Sales Center by Veterinary University