ਭਾਰਤ ਵਿੱਚ ਸਭ ਤੋਂ ਵੱਡੇ ਬਾਇਓ-ਐਨਰਜੀ ਪਲਾਂਟ ਦੀ ਕੱਲ੍ਹ ਯਾਨੀ ਮੰਗਲਵਾਰ ਨੂੰ ਸ਼ੁਰੂਆਤ ਹੋ ਗਈ। ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਇਓ-ਐਨਰਜੀ ਪਲਾਂਟ ਦਾ ਉਦਘਾਟਨ ਕੀਤਾ ਗਿਆ।
ਪਰਾਲੀ ਸਾੜਨ ਦੀ ਸਮੱਸਿਆ ਤੋਂ ਪਰੇਸ਼ਾਨ ਪੰਜਾਬ ਲਈ ਇੱਕ ਰਾਹਤ ਦੀ ਖ਼ਬਰ ਹੈ। ਦਰਅਸਲ, ਪੰਜਾਬ ਦੇ ਸੰਗਰੂਰ ਵਿੱਚ ਇੱਕ ਬਾਇਓ ਐਨਰਜੀ ਪਲਾਂਟ ਸਥਾਪਤ ਕੀਤਾ ਗਿਆ ਹੈ। ਜੀ ਹਾਂ, ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਮੰਗਲਵਾਰ ਨੂੰ 20 ਏਕੜ ਰਕਬੇ ਵਿੱਚ 230 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਇਓ-ਐਨਰਜੀ ਪਲਾਂਟ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਸੂਬੇ ਲਈ ਇਤਿਹਾਸਕ ਦਿਨ ਦੱਸਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ 80,000 ਕਿਊਬਿਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਪ੍ਰਾਜੈਕਟ ਬਾਇਓਗੈਸ ਪੈਦਾ ਕਰੇਗਾ, ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਧੀਆ ਤਰੀਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਯੂਨਿਟ ਵਿਚ ਸਾਲਾਨਾ 1.30 ਲੱਖ ਟਨ ਪਰਾਲੀ ਦੀ ਖਪਤ ਹੋਵੇਗੀ।
ਇਸ ਮੌਕੇ ਸੀ.ਐਮ ਮਾਨ ਨੇ ਕਿਹਾ ਕਿ ਇਸ ਯੂਨਿਟ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ 1.50 ਲੱਖ ਮੀਟਰਿਕ ਟਨ ਦੂਸ਼ਿਤ ਤੱਤ ਅਤੇ 20,000 ਮੀਟਰਿਕ ਟਨ ਫਲਾਈ ਐਸ਼ ਦੀ ਸਾਲਾਨਾ ਕਮੀ ਲਿਆਉਣ ਵਿੱਚ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਪੰਜਾਬ ਨੂੰ ਸਾਫ-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪਾਵਨ ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ (ਪਵਨ) ਨੂੰ ਗੁਰੂ, ਪਾਣੀ (ਪਾਣੀ) ਨੂੰ ਪਿਤਾ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦਾ ਸੰਕਲਪ ਲੈ ਕੇ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਉਪਰਾਲਾ ਸੂਬੇ 'ਚੋਂ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਰਬਾਇਓ ਗਰੁੱਪ ਦਾ ਸੂਬੇ ਨਾਲ ਮਜ਼ਬੂਤ ਰਿਸ਼ਤਾ ਹੈ ਕਿਉਂਕਿ ਇਸ ਦੀ ਭਾਰਤੀ ਸਹਾਇਕ ਕੰਪਨੀ ਵਰਬਾਇਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਭਾਰਤ ਦਾ ਸਭ ਤੋਂ ਵੱਡਾ ਬਾਇਓਫਿਊਲ (Biomethane/Bio-CNG) ਉਤਪਾਦਨ ਯੂਨਿਟ ਸਥਾਪਤ ਕੀਤਾ ਹੈ, ਜੋ ਬਾਇਓ-ਸੀਐੱਨਜੀ ਦੀ 33 ਟੀਪੀਡੀ (ਟਨ ਪ੍ਰਤੀ ਦਿਨ) ਅਤੇ 550 ਟੀਪੀਡੀ (ਪ੍ਰਤੀ ਸਾਲ) ਦੀ ਸਮਰੱਥਾ ਵਾਲਾ ਪ੍ਰਾਜੈਕਟ ਹੈ।
ਇਹ ਵੀ ਪੜ੍ਹੋ : ਕ੍ਰਿਸ਼ੀ ਮੰਤਰਾਲੇ `ਚ ਸਟਾਰਟਅੱਪਸ ਦੇ ਲਈ ਵੱਖਰਾ ਡਿਵੀਜ਼ਨ ਬਣਾਵਾਂਗੇ: ਤੋਮਰ
ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਯੂਨਿਟ 1000 ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਵੇਗਾ ਅਤੇ 5000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵਰਬਾਇਓ ਗਰੁੱਪ ਨੇ ਸੂਬੇ ਵਿੱਚ ਅਜਿਹੇ ਹੋਰ ਪਲਾਂਟ ਸਥਾਪਤ ਕਰਨ 'ਚ ਵੀ ਗਹਿਰੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪ੍ਰਾਜੈਕਟ ਸਫ਼ਲ ਹੋ ਜਾਂਦਾ ਹੈ ਤਾਂ ਵਰਬਾਇਓ ਗਰੁੱਪ ਵੱਲੋਂ ਸੂਬੇ ਵਿਚ ਅਜਿਹੇ 10 ਹੋਰ ਪਲਾਂਟ ਸਥਾਪਤ ਕੀਤੇ ਜਾਣਗੇ। ਸੀ.ਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਪੰਜਾਬ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਮੁਕਤ ਬਣਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਕਦਮ ਚੁੱਕੇ ਹਨ। ਇਸ ਤੋਂ ਇਲਾਵਾ ਕੁੱਲ 14.25 ਟਨ ਸੀ.ਬੀ.ਜੀ. ਪ੍ਰਤੀ ਦਿਨ ਸਮਰੱਥਾ ਵਾਲੇ ਦੋ ਹੋਰ ਪ੍ਰੋਜੈਕਟ ਸਾਲ 2022-23 ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਪ੍ਰਤੀ ਦਿਨ 492.58 ਟਨ ਕੰਪਰੈੱਸਡ ਬਾਇਓਗੈਸ ਦੇ ਉਤਪਾਦਨ ਲਈ ਪ੍ਰਤੀ ਸਾਲ ਲਗਭਗ 16.5 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਕਰਨਗੇ।
ਇਹ ਵੀ ਪੜ੍ਹੋ : ਐਗਰੀ ਸਟਾਰਟਅਪ ਕਨਕਲੇਵ ਤੇ ਕਿਸਾਨ ਸੰਮੇਲਨ ਦੇ ਦੂਜੇ ਦਿਨ ਨਰਿੰਦਰ ਸਿੰਘ ਤੋਮਰ, ਓਮ ਬਿਰਲਾ ਤੇ ਕੈਲਾਸ਼ ਚੌਧਰੀ ਨੇ ਕੀਤੀ ਸ਼ਿਰਕਤ
ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਵੀ ਮੌਜੂਦ ਰਹੇ। ਆਪਣੇ ਸੰਬੋਧਨ 'ਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਹਰ ਰੋਜ਼ 6 ਕਰੋੜ ਭਾਰਤੀ ਪੰਪਾਂ ਤੋਂ ਤੇਲ ਲੈਣ ਆਉਂਦੇ ਹਨ ਅਤੇ ਭਾਰਤ 'ਚ ਬਾਇਓ ਗੈਸ ਦੇ 13 ਪਲਾਂਟ ਹਨ ਪਰ ਲਹਿਰਾਗਾਗਾ ਵਾਲਾ ਦੇਸ਼ 'ਚ ਸਭ ਤੋਂ ਵੱਡਾ ਪਲਾਂਟ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਪੇਡਾ ਦੇ ਚੇਅਰਮੈਨ ਐੱਚਐੱਸ ਹੰਸਪਾਲ, ਵਿਧਾਇਕ ਬਰਿੰਦਰ ਗੋਇਲ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ ਆਦਿ ਹਾਜ਼ਰ ਸਨ।
ਜਿਕਰਯੋਗ ਹੈ ਕਿ ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਪੇਡਾ ਦੇ ਚੇਅਰਮੈਨ ਐੱਚ.ਐੱਸ.ਹੰਸਪਾਲ, ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ. ਯਾਦਵ, ਸੀ.ਈ.ਓ. ਪੇਡਾ ਸੁਮਿਤ ਜਾਰੰਗਲ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
Summary in English: India's largest bio-energy plant dedicated to the people, inaugurated by Chief Minister Mann