Chief Minister Award: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਦੇ ਕਿੱਤਿਆਂ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੂੰ ਇਸ ਵਰ੍ਹੇ ਮੁੱਖ ਮੰਤਰੀ ਇਨਾਮ ਦੇਣ ਲਈ 31 ਜਨਵਰੀ 2024 ਤੱਕ ਅਰਜ਼ੀਆਂ ਲੈਣ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਇਨਾਮ ਪਸ਼ੂ ਪਾਲਣ ਦੇ ਖੇਤਰ ਵਿਚ ਮੱਝਾਂ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀ ਪਾਲਣ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਮਾਰਚ 2024 ਦੇ ਮੇਲੇ ਵਿਚ ਦਿੱਤਾ ਜਾਏਗਾ। ਇਨ੍ਹਾਂ ਇਨਾਮਾਂ ਵਿਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ। ਪਸ਼ੂ ਪਾਲਕ ਆਪਣੇ ਬਿਨੈ ਪੱਤਰ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਾਣਾ ਦੇ ਦਫਤਰ ਵਿੱਚ ਪੂਰੇ ਵੇਰਵੇ ਸਹਿਤ (ਆਪਣਾ ਤਜਰਬਾ ਅਤੇ ਆਪਣੇ ਫਾਰਮ ਦੀਆਂ ਫੋਟੋਆਂ ਆਦਿ ਸਮੇਤ) 31-01-2024 ਤੱਕ ਭਰ ਕੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨ।
ਡਾ. ਬਰਾੜ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਕਿਸਾਨ ਬਿਨੈ ਪੱਤਰ ਫਾਰਮ ਪ੍ਰਾਪਤ ਕਰਨ ਲਈ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਇਲਾਵਾ ਆਪਣੇ ਜ਼ਿਲੇ ਦੇ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਨਿਰਧਾਰਤ ਪ੍ਰੋਫਾਰਮੇ ਲਿੰਕ - https://www.gadvasu.in/notices/8418> ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।
ਡਾ. ਬਰਾੜ ਨੇ ਕਿਹਾ ਕਿ ਪ੍ਰਾਪਤ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਵੱਖ-ਵੱਖ ਫਾਰਮਾਂ `ਤੇ ਅਪਣਾਈਆਂ ਜਾਣ ਵਾਲੀਆਂ ਅਤੇ ਕਿਸਾਨ ਵੀਰਾਂ ਵੱਲੋਂ ਆਪਣੇ ਤੌਰ `ਤੇ ਵਿਕਸਿਤ ਨਵੀਨਤਮ ਤਕਨੀਕਾਂ ਦਾ ਫਾਰਮਾਂ `ਤੇ ਦੌਰਾ ਕਰਕੇ ਬਾਰੀਕੀ ਨਾਲ ਮੁਲਾਂਕਣ ਕਰੇਗੀ ਅਤੇ ਜੇਤੂ ਪਸ਼ੂ ਪਾਲਕਾਂ ਦਾ ਫੈਸਲਾ ਕਰੇਗੀ।
ਇਹ ਵੀ ਪੜੋ: ਪਸ਼ੂ ਰੋਗ ਨਿਵਾਰਣ ਸੰਬੰਧੀ ਕਾਨਫਰੰਸ ਵਿੱਚ ਵਿਗਿਆਨੀਆਂ ਨੂੰ ਮਿਲੇ Awards
ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਅਜਿਹੇ ਪੁਰਸਕਾਰ ਪਸ਼ੂ ਪਾਲਣ ਨਾਲ ਸਬੰਧਿਤ ਕਿੱਤਿਆਂ ਨੂੰ ਅਪਨਾਉਣ ਲਈ ਪੇਂਡੂ ਵੀਰਾਂ ਤੇ ਬੀਬੀਆਂ ਨੂੰ ਪ੍ਰੇਰਿਤ ਕਰਨਗੇ। ਇਸ ਨਾਲ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਵੀ ਮਿਲੇਗਾ, ਰਵਾਇਤੀ ਖੇਤੀ ਵਿੱਚ ਵੰਨ-ਸੁਵੰਨਤਾ ਆਵੇਗੀ ਤੇ ਪੇਂਡੂ ਲੋਕਾਂ ਦਾ ਸਮਾਜਕ ਅਤੇ ਆਰਥਿਕ ਜੀਵਨ ਨਿਰਵਾਹ ਹੋਰ ਸੁਚੱਜਾ ਹੋਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਪਸ਼ੂ ਪਾਲਕ ਸਮੇਂ ਸਿਰ ਬਿਨੈ ਪੱਤਰ ਭੇਜਣ ਦੀ ਖੇਚਲ ਕਰਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Invites for applications from farmers of Punjab for CM Award, Download the prescribed proforma from this link