ਪੰਜਾਬ `ਚ ਅਫੀਮ ਦੀ ਖੇਤੀ ਨੂੰ ਲੈ ਕੇ ਹਰ ਕਿਸੇ ਦੇ ਮਨ ਵਿੱਚ ਕਈ ਸਵਾਲ ਹਨ। ਤੁਹਾਡੇ ਮੰਨ `ਚ ਵੀ ਹੋਣਗੇ। ਜਿਵੇਂ ਪੰਜਾਬ `ਚ ਅਫੀਮ ਦੀ ਖੇਤੀ ਕਿਉਂ ਨਹੀਂ ਹੁੰਦੀ? ਕੀ ਪੰਜਾਬ `ਚ ਅਫੀਮ ਦੀ ਖੇਤੀ ਸ਼ੁਰੂ ਹੋ ਸਕਦੀ ਹੈ? ਪੰਜਾਬ `ਚ ਅਫ਼ੀਮ ਦੀ ਖੇਤੀ ਕਿਉਂ ਹੋਣੀ ਚਾਹੀਦੀ ਹੈ? ਤੇ ਹੋਰ ਵੀ ਕਈ ਸਵਾਲ। ਅੱਜ ਅਸੀਂ ਇਸ ਲੇਖ ਰਾਹੀਂ ਇਨ੍ਹਾਂ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।
ਪੰਜਾਬ `ਚ ਅਫ਼ੀਮ ਜਾਂ ਭੁੱਕੀ ਦੀ ਖੇਤੀ ਦਾ ਮੁੱਦਾ ਹਮੇਸ਼ਾ ਭੱਖਿਆ ਰਹਿੰਦਾ ਹੈ, ਭਾਵੇਂ ਇਹ ਕਿਸਾਨਾਂ ਵੱਲੋਂ ਹੋਵੇ ਜਾਂ ਲੀਡਰਾਂ ਵੱਲੋਂ। ਕਿਸਾਨਾਂ ਵੱਲੋਂ ਇਸਦੀ ਖੇਤੀ ਦੀ ਮੰਗ ਕਾਫੀ ਚਿਰਾਂ ਤੋਂ ਕੀਤੀ ਜਾ ਰਹੀ ਹੈ ਤੇ ਕਈ ਲੀਡਰ ਇਸਨੂੰ ਸਪੋਰਟ ਕਰਦੇ ਹਨ ਤੇ ਕਈ ਨਹੀਂ ਵੀ ਕਰਦੇ।
ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕਿਸਾਨ ਇਸਦੀ ਖੇਤੀ ਦੀ ਮੰਗ ਕਰ ਕਿਉਂ ਰਹੇ ਹਨ? ਇਸ ਪਿੱਛੇ ਉਨ੍ਹਾਂ ਦਾ ਮੁੱਖ ਕਾਰਨ ਕੀ ਹੈ? ਕਿਸਾਨਾਂ ਵੱਲੋਂ ਅਫ਼ੀਮ ਦੀ ਖੇਤੀ ਦੀ ਮੰਗ ਕਰਨ ਪਿੱਛੇ ਦੋ ਮੁੱਖ ਕਾਰਨ ਹਨ..
1. ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਫ਼ੀਮ ਦੀ ਖੇਤੀ ਦੀ ਮਨਜ਼ੂਰੀ ਦੇ ਕੇ ਪੰਜਾਬ `ਚ ਨਸ਼ਿਆਂ `ਚ ਡੁੱਬੇ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ `ਚ ਨਸ਼ਿਆਂ ਦੀ ਹਾਲਤ ਤੋਂ ਹਰ ਕੋਈ ਜਾਣੂ ਹੈ। ਇਥੋਂ ਦੇ ਨੌਜਵਾਨ ਕਈ ਤਰਾਂ ਦੇ ਨਸ਼ਿਆਂ ਰਾਹੀਂ ਆਪਣੀਆਂ ਜਾਣਾ ਖ਼ਤਰੇ `ਚ ਪਾਉਂਦੇ ਹਨ। ਇਸ `ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਫ਼ੀਮ ਦੀ ਖੇਤੀ ਸ਼ੁਰੂ ਹੋ ਜਾਂਦੀ ਹੈ ਤਾਂ Synthetic Drugs ਦਾ ਸੇਵਨ ਘੱਟ ਹੋ ਜਾਵੇਗਾ ਤੇ ਇਹ ਵੀ ਪਾਇਆ ਗਿਆ ਹੈ ਕਿ ਜਦੋਂ ਤੱਕ ਲੋਕ ਅਫੀਮ ਖਾਂਦੇ ਸਨ ਉਦੋਂ ਤੱਕ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਲੱਗਦੀ। ਇਸ ਤਰਾਂ ਲੋਕਾਂ ਨੂੰ ਅਫ਼ੀਮ ਵੱਲ ਤੌਰ ਕੇ ਉਨ੍ਹਾਂ ਨੂੰ ਮਾੜੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ।
2. ਅਫ਼ੀਮ ਦੀ ਖੇਤੀ ਦੀ ਮੰਗ ਦਾ ਦੂਜਾ ਮੁੱਖ ਕਾਰਨ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੀ ਖੇਤੀ `ਚ ਪਾਣੀ ਦੀ ਘੱਟ ਲੋੜ ਹੁੰਦੀ ਹੈ ਤੇ ਇਸ ਤਰ੍ਹਾਂ ਅਸੀਂ ਝੌਨੇ ਕਾਰਨ ਘੱਟ ਰਿਹਾ ਧਰਤੀ ਹੇਠਲਾ ਪਾਣੀ ਦਾ ਪੱਧਰ ਵੀ ਰੋਕ ਸਕਦੇ ਹਾਂ। ਇਸਦੇ ਨਾਲ ਹੀ ਅਫ਼ੀਮ ਦੀ ਖੇਤੀ ਤੋਂ ਕਿਸਾਨਾਂ ਨੂੰ ਚੰਗੀ ਕਮਾਈ ਹੋ ਸਕਦੀ ਹੈ, ਜਿਸ ਨਾਲ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਖੇਤੀ ਕਿਵੇਂ ਹੁੰਦੀ ਹੈ, ਜਾਣੋ ਪੰਜਾਬ ਦੀ ਖੇਤੀ ਅਤੇ ਸਿੰਚਾਈ ਪ੍ਰਣਾਲੀ
ਕਿਸਾਨਾਂ ਵੱਲੋਂ ਇਨ੍ਹਾਂ ਕਾਰਨਾਂ ਕਰਕੇ ਅਫ਼ੀਮ ਦੀ ਖੇਤੀ ਦੀ ਮੰਗ ਕਈ ਵਾਰ ਕੀਤੀ ਗਈ। ਧਰਨੇ ਵੀ ਲਗਾਏ ਗਏ ਜਿੱਥੇ ਹਜ਼ਾਰਾਂ ਦੀ ਗਿਣਤੀ `ਚ ਕਿਸਾਨਾਂ ਨੇ ਸਰਕਾਰ ਅੱਗੇ ਭੁੱਕੀ ਦੀ ਖੇਤੀ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ। ਪਰ ਅਜੇ ਤੱਕ ਨਾ ਕੇਂਦਰ ਤੇ ਨਾ ਸੂਬਾ ਸਰਕਾਰ ਵੱਲੋਂ ਇਸ ਉੱਤੇ ਕੋਈ ਫੈਸਲਾ ਲਿਆ ਗਿਆ ਹੈ। ਹਾਲਾਂਕਿ ਕੁਝ ਲੀਡਰ ਇਸ ਦੇ ਸਮਰਥਨ `ਚ ਅੱਗੇ ਆਏ ਹਨ। ਪੰਜਾਬ ਵਿਧਾਨ ਸਭਾ ਦੀ ਸਾਬਕਾ ਮੈਂਬਰ ਨਵਜੋਤ ਕੌਰ ਸਿੱਧੂ ਨੇ ਕਈ ਵਾਰ ਅਫੀਮ ਦੀ ਖੇਤੀ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਦੇ ਵੀ ਕਰਜ਼ਾ ਮੁਕਤ ਨਹੀਂ ਹੋ ਸਕਦਾ ਤੇ ਅਫੀਮ ਦੀ ਖੇਤੀ ਹੀ ਕਿਸਾਨ ਨੂੰ ਲੱਖ-ਪਤੀ ਬਣਾ ਸਕਦੀ ਹੈ।
ਇਸਦੇ ਨਾਲ ਹੀ ਪੰਜਾਬ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਸ ਉੱਤੇ ਵਿਚਾਰ ਕਰਨ ਦੀ ਗੱਲ ਕਹੀ ਹੈ। ਉਂਜ ਤਾਂ ਉਹ ਇੱਕ ਨਸ਼ੇ ਨੂੰ ਦੂਜੇ ਨਸ਼ੇ ਨਾਲ ਬਦਲਣ ਦੇ ਸਖ਼ਤ ਖਿਲਾਫ ਹਨ ਪਰ ਫਿਰ ਵੀ ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਕਿਸਾਨਾਂ ਤੇ ਨਸ਼ਿਆਂ `ਚ ਫ਼ਸੇ ਲੋਕਾਂ ਦਾ ਫਾਇਦਾ ਹੋ ਸਕਦਾ ਹਾਂ ਤਾਂ ਇਸ ਉੱਤੇ ਵਿਚਾਰ ਕੀਤਾ ਜਾਵੇਗਾ।
ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ `ਚ ਅਫ਼ੀਮ ਦੀ ਖੇਤੀ ਨੂੰ ਲੈ ਕੇ ਸਰਕਾਰ ਦਾ ਕੀ ਫੈਂਸਲਾ ਹੁੰਦਾ ਹੈ। ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਕਿ ਨਹੀਂ ਹੁੰਦੀਆਂ ਤੇ ਮਨਜ਼ੂਰੀ ਮਿਲਣ ਉਪਰੰਤ ਕੀ ਸਹੀ ਮਾਈਨੇ `ਚ ਕਿਸਾਨਾਂ ਤੇ ਨਸ਼ਿਆਂ `ਚ ਫ਼ਸੇ ਨੌਜਵਾਨਾਂ ਦਾ ਫਾਇਦਾ ਹੁੰਦਾ ਹੈ ਜਾਂ ਨਹੀਂ।
Summary in English: Know why there is no opium cultivation in Punjab?