ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ, ਡਾ. ਇੰਦਰਜੀਤ ਸਿੰਘ ਨੇ ਕਿਸ਼੍ਰੀ ਵਿਗਿਆਨ ਕੇਂਦਰ, ਬਰਨਾਲਾ ਦਾ ਦੌਰਾ ਕੀਤਾ।ਇਸ ਦੌਰੇ ਦੌਰਾਨ ਉਨ੍ਹਾਂ ਨਾਲ ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਵੀ ਸ਼ਾਮਿਲ ਸਨ।ਦੌਰੇ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ, ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕੇਂਦਰ ਵਲੋਂ ਕਿਸਾਨੀ ਭਾਈਚਾਰੇ ਦੀ ਸੇਵਾ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਕੇਂਦਰ ਵਿਖੇ ਚਲ ਰਹੇ ਪ੍ਰਾਜੈਕਟਾਂ ਬਾਰੇ ਵੀ ਉਪ-ਕੁਲਪਤੀ ਨੂੰ ਜਾਣਕਾਰੀ ਦਿੱਤੀ ਜਿਸ ਵਿਚ ਡਾ. ਇੰਦਰਜੀਤ ਸਿੰਘ ਨੇ ਆਪਣੀਆਂ ਕਈ ਮੁੱਲਵਾਨ ਰਾਵਾਂ ਜੋੜੀਆਂ।ਉਪ-ਕੁਲਪਤੀ ਨੇ ਕੇਂਦਰ ਦੇ 4.5 ਏਕੜ ਦੇ ਫਾਰਮ ਦੀ ਸਿੰਚਾਈ ਲਈ ਨਵੇਂ ਲਗਾਏ ਗਏ ਪਾਣੀ ਛਿੜਕਾਅ ਸਿਸਟਮ ਦਾ ਉਦਘਾਟਨ ਵੀ ਕੀਤਾ।ਸਾਰੀ ਟੀਮ ਨੇ ਨਵੀਂ ਸਥਾਪਿਤ ਕੀਤੀ ਗਈ ਗ੍ਰਹਿ ਵਿਗਿਆਨ ਪ੍ਰਯੋਗਸ਼ਾਲਾ ਦਾ ਦੌਰਾ ਵੀ ਕੀਤਾ।ਉਨ੍ਹਾਂ ਨੇ ਨਵੇਂ ਪੌਦੇ ਲਗਾ ਕੇ ਕੇਂਦਰ ਨੂੰ ਹਰਿਆ-ਭਰਿਆ ਰੱਖਣ ਅਤੇ ਵਾਤਾਵਰਣ ਸਨੇਹੀ ਹੋਣ ਦਾ ਸੁਨੇਹਾ ਵੀ ਦਿੱਤਾ।ਟੀਮ ਵਲੋਂ ਕੇਂਦਰ ਵਿਖੇ ਸਥਾਪਿਤ ਕੀਤੀਆਂ ਗਈਆਂ ਪ੍ਰਦਰਸ਼ਨੀ ਇਕਾਈਆਂ ਨੂੰ ਵੀ ਗਹੁ ਨਾਲ ਵੇਖਿਆ ਗਿਆ।
ਡਾ. ਇੰਦਰਜੀਤ ਸਿੰਘ ਨੇ ਕੇਂਦਰ ਵਿਖੇ ਤਾਇਨਾਤ ਸਹਾਇਕ ਪ੍ਰੋਫੈਸਰਾਂ ਨਾਲ ਕਈ ਕਿਸਾਨੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਉਤਸਾਹਿਤ ਕੀਤਾ ਕਿ ਉਹ ਕਿਸਾਨੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਦਾ ਯਤਨਸ਼ੀਲ ਰਹਿਣ।ਉਨ੍ਹਾਂ ਕਿਹਾ ਕਿ ਕਿਸ਼੍ਰੀ ਵਿਗਿਆਨ ਕੇਂਦਰ ਪੇਂਡੂ ਭਾਈਚਾਰੇ ਦੀ ਸੇਵਾ ਕਰਨ ਦਾ ਸਭ ਤੋਂ ਢੁੱਕਵਾਂ ਮੰਚ ਹੈ।ਉਨ੍ਹਾਂ ਵਿਗਿਆਨੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਨਵੀਆਂ ਖੋਜਾਂ, ਤਕਨਾਲੋਜੀ ਅਤੇ ਹੋਰ ਗਿਆਨ ਇਨ੍ਹਾਂ ਅੰਤਿਮ ਵਰਤੋਂਕਾਰਾਂ ਤਕ ਹਰ ਹਾਲਤ ਵਿਚ ਪੁੱਜਦਾ ਕਰਨ।ਕੇਂਦਰ ਵਿਖੇ ਲਗਾਈ ਗਈ ਪ੍ਰਦਰਸ਼ਨੀ ਦੀ ਉਨ੍ਹਾਂ ਸ਼ਲਾਘਾ ਕੀਤੀ ਜਿਸ ਵਿਚ ਮਾਡਲਾਂ ਅਤੇ ਚਾਰਟਾਂ ਰਾਹੀਂ ਕਿਸਾਨੀ ਲਈ ਨਵੀਆਂ ਜੁਗਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।ਉਨ੍ਹਾਂ ਨੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਬਰਨਾਲਾ ਜ਼ਿਲ੍ਹੇ ਵਿਚ ਉਨ੍ਹਾਂ ਵਲੋਂ ਚਲਾਏ ਜਾ ਰਹੇ ਉਦਮਾਂ ਬਾਰੇ ਜਾਣਕਾਰੀ ਲਈ।ਉਨ੍ਹਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਜਾਣੀਆਂ ਅਤੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਉਨ੍ਹਾਂ ਦੀ ਸਹਾਇਤਾ ਲਈ ਹਰ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਵੇਗੀ।ਡਾ. ਸਿੰਘ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਕਿਸਾਨੀ ਭਾਈਚਾਰੇ ਦੀ ਸਫਲਤਾ ਦੀ ਇਬਾਰਤ ਲਿਖਣ ਵਿਚ ਅਹਿਮ ਯੋਗਦਾਨ ਪਾਇਆ ਹੈ।
ਲੋਕ ਸੰਪਰਕ ਦਫ਼ਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Krishi Vigyan Kendra is the most suitable medium to serve the rural community-Dr. Inderjit Singh