ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੁਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਕੇ.ਵੀ.ਕੇ. ਕੈਂਪਸ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਕਿਸਾਨ ਬੀਬੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਮਨਮੋਹਨਜੀਤ ਸਿੰਘ ਨੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਖੇਤ ਵਿੱਚ ਮਿਲਾਉਣ ਜਾਂ ਵਿਛਾਉਣ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਵੇ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ।
ਇਸ ਮੌਕੇ ਡਾ. ਗੁਰਦੇਵ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸੰਭਾਲਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਦੇ ਯੋਗ ਅਗਵਾਈ ਅਧੀਨ ਜਿਲਾ ਪ੍ਰਸ਼ਾਸ਼ਣ ਅਤੇ ਸਮੂਹ ਮਹਿਕਮੇ ਇਸ ਮੰਤਵ ਲਈ ਹੁਣ ਤੋਂ ਹੀ ਪੱਬਾਂ ਭਾਰ ਹਨ ਅਤੇ ਜਲਦ ਹੀ ਝੋਨੇ ਦੀ ਪਰਾਲੀ ਦੀ ਖਪਤ ਕਰਕੇ ਬਰਿੱਕਟ (ਪੈਲਟ) ਬਣਾਉਣ ਦਾ ਯੂਨਿਟ ਟਾਂਡਾ ਬਲਾਕ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਤਿਆਰ ਗੱਟੀਆਂ ਦੀ ਵਰਤੋਂ ਬਾਲਣ ਵਜੋਂ ਕੀਤੀ ਜਾਵੇਗੀ। ਡਾ. ਗੁਰਦੇਵ ਸਿੰਘ ਨੇ ਖੇਤੀ ਖਰਚੇ ਘਟਾਉਣ ਅਤੇ ਸਹਾਇਕ ਧੰਦੇ ਅਪਨਾਉਣ ਲਈ ਵੀ ਹਾਜਿਰ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਪ੍ਰੇਰਿਆ।
ਇਹ ਵੀ ਪੜ੍ਹੋ : PAU ਵਿਖੇ 24-25 ਮਾਰਚ ਨੂੰ KISAN MELA, ਕਿਸਾਨਾਂ ਨੂੰ ਮਿਲਣਗੇ ਮਿਆਰੀ Seeds ਅਤੇ Fertilizers
ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹਿੰਮ ਰੂਪ ਵਿੱਚ ਪਰਾਲੀ ਪ੍ਰਬੰਧਨ ਬਾਬਤ ਪਿੰਡਾਂ, ਸਕੂਲਾਂ/ਕਾਲਿਜਾਂ ਵਿੱਚ ਜਾਗਰੁਕਤਾ ਕੈੰਪਾਂ, ਸਿਖਲਾਈ ਪ੍ਰੋਗਰਾਮਾਂ, ਪ੍ਰਦਰਸ਼ਨੀਆਂ, ਕੰਧਾਂ ਤੇ ਪੇਂਟਿਗਾਂ ਅਤੇ ਖੇਤੀ ਸਾਹਿੱਤ ਰਾਂਹੀ ਗਤੀਵਿਧੀਆਂ ਕੀਤੀਆਂ ਗਈਆਂ ਸਨ।
ਇਸ ਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਦੀ ਵਰਤੋਂ ਲਈ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਵੀ ਵਾਜਿਬ ਕਿਰਾਏ ਤੇ ਉਪਲਬਧ ਕਰਵਾਈ ਗਈ ਸੀ। ਡਾ. ਬੌਂਸ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਚਲਾਈ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਉਣ ਬਾਬਤ ਕਿਸਾਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਜਜਬੇ ਸਦਕਾ ਜਿਲਾ ਹੁਸ਼ਿਆਰਪੁਰ ਵਿੱਚ 20 ਪ੍ਰਤੀਸਤ ਤੋਂ ਵੱਧ ਅੱਗ ਲਗਾਉਣ ਦੇ ਕੇਸ ਘਟੇ ਸੀ।
ਇਹ ਵੀ ਪੜ੍ਹੋ : 24-25 ਮਾਰਚ ਨੂੰ ‘PASHU PALAN MELA’, Dairy-Poultry-Fisheries ਸੰਬੰਧੀ ਤਕਨੀਕਾਂ ਦੀ ਪ੍ਰਦਰਸ਼ਨੀ
ਸਾਲ 2022-23 ਦੌਰਾਨ ਪਰਾਲੀ ਦੀ ਸੰਭਾਲ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਅਪਣਾਏ ਪਿੰਡ- ਬਲਾਕ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਕਲਾਂ, ਬਲਾਕ ਮਾਹਿਲਪੁਰ ਦੇ ਪਿੰਡ ਅਜਨੋਹਾ ਤੇ ਟੂਟੋਮਜਾਰਾ ਅਤੇ ਬਲਾਕ ਟਾਂਡਾ ਦੇ ਪਿੰਡ ਫਿਰੋਜ ਰੌਲੀਆਂ ਅਤੇ ਜਿਲੇ ਦੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ, ਕੁਦਰਤੀ ਸਰੋਤਾਂ ਨੂੰ ਸੰਭਾਲਣ ਅਤੇ ਫਸਲੀ ਵਿਭਿੰਨਤਾ ਹੇਠ ਵੱਖ-ਵੱਖ ਫਸਲਾਂ ਦੀ ਸਫਲ ਕਾਸ਼ਤ ਅਤੇ ਸਹਾਇਕ ਧੰਧੇ ਅਪਨਾਉਣ ਬਾਬਤ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਿਛਲੇ ਸਮੇਂ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸੇਵਾਮੁਕਤ ਸਟਾਫ ਮੈਂਬਰ- ਡਾ. ਇੰਦਰਜੀਤ ਸਿੰਘ ਹੁੰਦਲ ਤੇ ਸ਼੍ਰੀ ਜਰਨੈਲ ਸਿੰਘ ਅਤੇ ਸ਼ੀ੍ਰਮਤੀ ਪ੍ਰਵੀਨ ਕੁਮਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਗੁਰਸੇਵਾ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ, ਪਨਾਮ, ਗੜ੍ਹਸ਼ੰਕਰ ਦੇ ਵਿਦਿਆਰਥੀਆਂ ਵੱਲੋਂ ਮੈਡੀਕਲ ਚੈਕ-ਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ।
ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਹੋਰ ਸਰਕਾਰੀ ਵਿਭਾਗਾਂ ਵੱਲ਼ੋਂ ਖੇਤੀਬਾੜੀ ਅਤੇ ਪਰਾਲੀ ਪ੍ਰਬੰਧਨ ਸੰਬੰਧੀ ਅਤੇ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ, ਉੱਦਮੀਆਂ, ਮਸ਼ੀਨਰੀ ਉਤਪਾਦਕਾਂ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਆਪਣੇ ਪਦਾਰਥਾਂ ਬਾਬਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਕਿਸਾਨਾਂ ਦੀ ਸਹੂਲਤ ਲਈ ਝੋਨਾ, ਬਾਸਮਤੀ, ਸੱਠੀ ਮੂੰਗੀ, ਸੱਠੇ ਮਾਂਹ, ਚਾਰੇ ਲਈ ਮੱਕੀ, ਦਾਲਾਂ ਤੇ ਤੇਲਬੀਜ ਕਿੱਟ, ਚਾਰੇ ਦੇ ਬੀਜਾਂ ਦੀ ਕਿੱਟ, ਗਰਮੀ ਦੀਆਂ ਸਬਜੀਆਂ ਦੀ ਕਿੱਟ, ਫਲਦਾਰ ਬੂਟੇ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ ਅਤੇ ਖੇਤੀ ਸਾਹਿੱਤ ਵੀ ਵਿੱਕਰੀ ਲਈ ਉਪਲੱਬਧ ਕਰਵਾਇਆ ਗਿਆ।
Summary in English: Paddy straw management: More than 20% reduction in stubble burning in Hoshiarpur