Entrance Exams: ਪੀ.ਏ.ਯੂ. ਵੱਲੋਂ ਜਾਰੀ ਇੱਕ ਦਾਖਲਾ ਨੋਟਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਖੇਤੀਬਾੜੀ ਕਾਲਜ, ਖੇਤੀ ਇੰਜਨੀਅਰਿੰਗ ਕਾਲਜ, ਕਮਿਊਨਟੀ ਸਾਇੰਸ ਕਾਲਜ, ਬਾਗਬਾਨੀ ਅਤੇ ਜੰਗਲਾਤ ਕਾਲਜ ਅਤੇ ਬੇਸਿਕ ਸਾਇੰਸਜ਼ ਕਾਲਜ ਤੋਂ ਇਲਾਵਾ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਅਤੇ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿਚ ਦਾਖਲਿਆਂ ਲਈ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਸਦੇ ਨਾਲ ਹੀ ਪੀ.ਏ.ਯੂ. ਨੇ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਕੋਰਸਾਂ ਲਈ ਅਪਲਾਈ ਕਰਨਾ ਚੌਂਦੇ ਹੋ ਤਾਂ ਇਸ ਮਿਤੀ ਤੋਂ ਪਹਿਲਾਂ ਆਪਣਾ ਬਿਨੈ ਪੱਤਰ ਭੇਜੋ। ਵਧੇਰੇ ਜਾਣਕਾਰੀ ਲਈ ਲੇਖ ਪੜੋ...
ਲੋੜੀਂਦੀ ਜਾਣਕਾਰੀ
ਦੱਸ ਦੇਈਏ ਕਿ ਸੀਈਟੀ ਪ੍ਰੀਖਿਆ ਦੀ ਤਰੀਕ 16 ਜੂਨ 2024 ਨਿਰਧਾਰਿਤ ਕੀਤੀ ਗਈ ਹੈ। ਇਸ ਪ੍ਰੀਖਿਆ ਰਾਹੀਂ ਬੀਐੱਸਸੀ (ਆਨਰਜ਼) ਐਗਰੀਕਲਚਰ (4 ਸਾਲ), ਬੀ ਟੈੱਕ ਬਾਇਓਤਕਨਾਲੋਜੀ (4 ਸਾਲ), ਬੀ ਟੈੱਕ ਫੂਡ ਤਕਨਾਲੋਜੀ (4 ਸਾਲ), ਬੀਐੱਸਸੀ (ਆਨਰਜ਼) ਹਾਰਟੀਕਲਚਰ (4 ਸਾਲ), ਬੀਟੈੱਕ ਖੇਤੀ ਇੰਜਨੀਅਰਿੰਗ (4 ਸਾਲ), ਐੱਮਐੱਸਸੀ (ਆਨਰਜ਼) ਇੰਟੈਗ੍ਰੇਟਿਡ (5 ਸਾਲ ਬਾਇਓਕਮਿਸਟਰੀ, ਬੋਟਨੀ, ਕਮਿਸਟਰੀ, ਮਾਈਕੋ੍ਰਬਾਇਆਲੋਜੀ, ਫਿਜ਼ਿਕਸ, ਜੁਆਲੋਜੀ) ਬੀਐੱਸਸੀ (ਆਨਰਜ਼) ਐਗਰੀ ਬਿਜ਼ਨਸ (4 ਸਾਲ) ਵਿਚ ਦਾਖਲੇ ਹੋਣਗੇ। ਸੀਈਟੀ ਵਿਚ ਬੈਠਣ ਲਈ ਵਿਦਿਅਕ ਯੋਗਤਾ 10+2 ਜਾਂ ਬਰਾਬਰ ਦੀ ਯੋਗਤਾ (ਫਿਜ਼ਿਕਸ, ਕਮਿਸਟਰੀ, ਗਣਿਤ, ਬਾਇਓਲੋਜੀ, ਖੇਤੀਬਾੜੀ ਵਿਸ਼ਿਆਂ ਸਮੇਤ ਜਾਂ ਖੇਤੀਬਾੜੀ ਵਿਚ 2 ਸਾਲਾਂ ਡਿਪਲੋਮਾ ਘੱਟੋ ਘੱਟ 50% ਕੁੱਲ ਅੰਕਾਂ ਨਾਲ ਕੀਤਾ ਹੋਣਾ ਲਾਜ਼ਮੀ ਹੈ। ਬੀਟੈੱਕ ਖੇਤੀ ਇੰਜਨੀਅਰਿੰਗ ਚਾਰ ਸਾਲ ਲਈ ਵਿਦਿਅਕ ਯੋਗਤਾ 10+2 (ਨਾਨ ਮੈਡੀਕਲ) ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਘੱਟੋ ਘੱਟ 50% ਕੁੱਲ ਅੰਕਾਂ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ।
ਏਏਟੀ ਪ੍ਰਵੇਸ਼ ਪ੍ਰੀਖਿਆ 23 ਜੂਨ 2024 ਨੂੰ ਹੋਵੇਗੀ। ਇਸ ਰਾਹੀਂ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿੱਚ ਬੀ ਐੱਸ (ਆਨਰਜ਼) ਐਗਰੀਕਲਚਰ (2+4 ਸਾਲ) ਵਿੱਚ ਦਾਖਲਿਆਂ ਦੇ ਚਾਹਵਾਨ ਵਿਦਿਆਰਥੀਆਂ ਦੀ ਪਰਖ ਹੋਵੇਗੀ। ਏਏਟੀ ਦੀ ਯੋਗਤਾ ਦਸਵੀਂ ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਘੱਟੋ ਘੱਟ 65% ਕੁੱਲ ਅੰਕਾਂ ਨਾਲ ਕੀਤੀ ਹੋਣੀ ਲਾਜ਼ਮੀ ਹੈ। ਇਸ ਲਈ ਪਹਿਲੇ ਦੋ ਸਾਲ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਅਦਾਰਿਆਂ ਵਿੱਚ 10+2 ਮੈਡੀਕਲ ਦੇ ਬਰਾਬਰ ਦੀ ਯੋਗਤਾ ਵਾਲੇ ਮੰਨੇ ਜਾਣਗੇ। ਅਗਲੇ ਚਾਰ ਸਾਲ ਲਈ ਵਿਦਿਆਰਥੀ ਪੀ.ਏ.ਯੂ. ਲੁਧਿਆਣਾ ਵਿੱਚ ਬੀਐੱਸਸੀ (ਆਨਰਜ਼) ਦੀ ਪੜ੍ਹਾਈ ਲਈ ਆ ਜਾਣਗੇ।
ਇਸ ਤੋਂ ਇਲਾਵਾ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿਚ ਬੀਐੱਸ (ਆਨਰਜ਼) ਐਗਰੀਕਲਚਰ (4 ਸਾਲ) ਵਿਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 7 ਜੂਨ 2024 ਨੂੰ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਵਿਚ ਬੈਠਣ ਲਈ ਵਿਦਿਆਰਥੀ ਦੀ ਯੋਗਤਾ 10+2 (ਫਿਜ਼ਿਕਸ, ਕੈਮਸਿਟਰੀ, ਗਣਿਤ, ਬਾਇਓਲੋਜੀ, ਖੇਤੀਬਾੜੀ ਵਿਸ਼ਿਆਂ) ਜਾਂ ਬਰਾਬਰ ਦੀ ਪ੍ਰੀਖਿਆ, ਜਾਂ ਖੇਤੀਬਾੜੀ ਵਿਚ 2 ਸਾਲਾਂ ਡਿਪਲੋਮਾ ਘੱਟੋ ਘੱਟ 50% ਕੁੱਲ ਅੰਕਾਂ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਹੈ।
ਅਰਜ਼ੀ ਭੇਜਣ ਦੀ ਪ੍ਰਕਿਰਿਆ
ਇਨ੍ਹਾਂ ਦਾਖਲਾ ਪ੍ਰੀਖਿਆਵਾਂ ਲਈ ਬਿਨਾਂ ਲੇਟ ਫੀਸ ਤੋਂ ਅਰਜ਼ੀ ਭੇਜਣ ਦੀ ਆਖਰੀ ਤਰੀਕ 17 ਮਈ 2024 ਹੈ। ਲੇਟ ਫੀਸ ਨਾਲ ਬਿਨੈ ਪੱਤਰ 24 ਮਈ 2024 ਤੱਕ ਭੇਜੇ ਜਾ ਸਕਦੇ ਹਨ। ਯਾਦ ਰਹੇ ਕਿ ਬੱਲੋਵਾਲ ਸੌਂਖੜੀ ਦਾਖਲਾ ਪ੍ਰੀਖਿਆ 7 ਜੂਨ 2024 ਨੂੰ ਸੀ ਈ ਟੀ 16 ਜੂਨ 2024 ਨੂੰ ਅਤੇ ਏ ਏ ਟੀ 23 ਜੂਨ 2024 ਨੂੰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਦਸਵੀਂ ਪਾਸ ਵਿਦਿਆਰਥੀ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਵਿਚ ਡਿਪਲੋਮਾ ਇਨ ਐਗਰੀਕਲਚਰ ਵਿਚ ਦਾਖਲਾ ਲੈ ਸਕਦੇ ਹਨ| ਕਮਿਊਨਟੀ ਸਾਇੰਸ ਕਾਲਜ ਵਿਚ 10+2 (ਨਾਨ ਮੈਡੀਕਲ ਜਾਂ ਬਰਾਬਰ ਦੀ ਯੋਗਤਾ) 50% ਅੰਕਾਂ ਨਾਲ ਪਾਸ ਕਰਨ ਵਾਲੇ ਵਿਦਿਆਰਥੀ ਇਕ ਸਾਲ ਦੇ ਸਰਟੀਫਿਕੇਟ ਕੋਰਸ ਇਨ ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ ਅਤੇ ਇਕ ਸਾਲ ਦੇ ਸਰਟੀਫਿਕੇਟ ਕੋਰਸ ਇਨ ਇੰਟੀਰੀਅਰ ਡਿਜ਼ਾਇਨ ਐਂਡ ਡੈਕੋਰੇਸ਼ਨ ਵਿਚ ਭਾਗ ਲੈ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਇਸ ਸੰਬੰਧੀ ਕਿਸੇ ਹੋਰ ਜਾਣਕਾਰੀ ਲਈ ਤੁਸੀਂ ਰਜਿਸਟਰਾਰ ਦਫਤਰ, ਅਕਾਦਮਿਕ ਸ਼ਾਖਾ ਨਾਲ 0161-2401960 ਐਕਸ. (286) 'ਤੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਈਮੇਲ admissions@pau.edu 'ਤੇ ਅਤੇ ਪੀ.ਏ.ਯੂ. ਦੀ ਵੈੱਬਸਾਈਟ www.pau.edu 'ਤੇ ਲੌਗਇਨ ਕਰ ਸਕਦੇ ਹੋ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Punjab Agricultural University has announced the entrance exams for various courses, send the application form before this date