Convocation Day: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਤੀਸਰੀ ਕਨਵੋਕੇਸ਼ਨ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੀ ਮੌਜੂਦ ਸਨ।
ਕਨਵੋਕੇਸ਼ਨ ਵਿੱਚ ਇੰਡੀਅਨ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਸ. ਰੁਪਿੰਦਰ ਸਿੰਘ ਸੋਢੀ ਅਤੇ ਸਾਬਕਾ ਪ੍ਰਬੰਧਕੀ ਨਿਰਦੇਸ਼ਕ, ਅਮੁਲ ਨੂੰ ਸਹਿਕਾਰਤਾ ਅਤੇ ਡੇਅਰੀ ਉਦਯੋਗ ਵਿਚ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਲਈ ਪੀਐਚ.ਡੀ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਆਪਣਾ ਕਾਰਜ ਕਰਨ ਇਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਿਲ ਹੋਣਗੇ।
ਇਹ ਵੀ ਪੜ੍ਹੋ : ਨਰਮੇ ਦੀ ਕਾਸ਼ਤ ਸਬੰਧੀ Kisan Training Camp, ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵਧੀਆ ਜਾਣਕਾਰੀ
ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਫੈਸ਼ਨਲ ਜੀਵਨ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਆਉਣਗੀਆਂ ਪਰ ਉਨ੍ਹਾਂ ਨੂੰ ਆਪਣੇ ਅਸੂਲਾਂ 'ਤੇ ਡਟੇ ਰਹਿਣਾ ਚਾਹੀਦਾ ਹੈ।ਮਾਤ ਭਾਸ਼ਾ ਦੀ ਮਹੱਤਤਾ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਭਾਸ਼ਾ ਦੀ ਸਹੀ ਵਰਤੋਂ ਕਰਕੇ ਵੱਡੇ ਟੀਚੇ ਹਾਸਲ ਕਰ ਸਕਦੇ ਹਾਂ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਨਵੋਕੇਸ਼ਨ ਰਿਪੋਰਟ ਵਿਚ ਯੂਨੀਵਰਸਿਟੀ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕ ਅਤੇ ਕਰਮਚਾਰੀ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਲਈ ਉੱਘਾ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ : Bathinda ਦੇ Krishi Vigyan Kendra ਵੱਲੋਂ ਬੀਬੀਆਂ ਲਈ ਸਿਖਲਾਈ ਕੋਰਸ
ਯੂਨੀਵਰਸਿਟੀ ਦੇ ਵੱਖ-ਵੱਖ ਸ਼ਾਰਟ ਕੋਰਸਾਂ ਵਿੱਚ 2200 ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਯੂਨੀਵਰਸਿਟੀ ਰਾਸ਼ਟਰੀ ਪੱਧਰ 'ਤੇ 74 ਖੋਜ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਸੰਸਥਾ ਆਧੁਨਿਕ ਸੂਚਨਾ ਅਤੇ ਸੰਚਾਰ ਸਾਧਨਾਂ ਰਾਹੀਂ ਹਰ ਪੱਧਰ 'ਤੇ ਕਿਸਾਨਾਂ ਅਤੇ ਸਮਾਜ ਤੱਕ ਪਹੁੰਚ ਕਰ ਰਹੀ ਹੈ।
ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਯੂਨੀਵਰਸਿਟੀ ਆਪਣੀ ਗੁਣਵੱਤਾ ਭਰਪੂਰ ਵਿਦਿਆ ਰਾਹੀਂ ਬਹੁਤ ਉੱਚ ਪੱਧਰ ਦੇ ਪੇਸ਼ੇਵਰ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਯੋਗਦਾਨ ਨਾਲ ਪਸ਼ੂ ਪਾਲਣ ਖੇਤਰ ਹੋਰ ਬੁਲੰਦੀਆਂ ਨੂੰ ਛੁਹੇਗਾ ਅਤੇ ਸਮਾਜਿਕ ਆਰਥਿਕ ਵਿਕਾਸ ਵਿਚ ਨਵਾਂ ਯੋਗਦਾਨ ਪਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਲੜਕੀਆਂ ਵਿਦਿਅਕ ਖੇਤਰ ਵਿਚ ਬਹੁਤ ਮਾਅਰਕੇ ਭਰਪੂਰ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Punjab Agricultural University ਵੱਲੋਂ Millet Workshop ਦਾ ਪ੍ਰਬੰਧ
ਸ. ਰੁਪਿੰਦਰ ਸਿੰਘ ਸੋਢੀ ਨੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਧੰਨਵਾਦ ਕਰਦਿਆਂ ਕਿਹਾ ਕਿ ਉਦਮ ਕੀਤਿਆਂ ਜ਼ਿੰਦਗੀ ਵਿਚ ਹਰੇਕ ਮੰਜਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਤਜਰਬੇ ਅਤੇ ਯਾਦਾਂ ਵੀ ਸਾਂਝੀਆਂ ਕੀਤੀਆਂ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਕੁੱਲ 315 ਡਿਗਰੀਆਂ, 102 ਮੈਰਿਟ ਸਰਟੀਫਿਕੇਟ ਅਤੇ 17 ਸੋਨੇ ਦੇ ਤਗਮੇ ਦਿੱਤੇ ਗਏ। ਵਿਦਿਆਰਥੀਆਂ ਨੂੰ ਡਾਕਟਰ ਆਫ਼ ਫ਼ਿਲਾਸਫ਼ੀ, ਮਾਸਟਰ ਆਫ ਵੈਟਨਰੀ ਸਾਇੰਸ, ਮਾਸਟਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਮਾਸਟਰ ਆਫ਼ ਫ਼ਿਸ਼ਰੀਜ਼ ਸਾਇੰਸ, ਮਾਸਟਰ ਆਫ਼ ਵੈਟਨਰੀ ਸਾਇੰਸ/ਮਾਸਟਰ ਆਫ਼ ਸਾਇੰਸ (ਬਾਇਓਟੈਕਨਾਲੋਜੀ), ਬੈਚਲਰ ਆਫ਼ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ, ਬੈਚਲਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਬੈਚਲਰ ਆਫ਼ ਫ਼ਿਸ਼ਰੀਜ਼ ਸਾਇੰਸ ਅਤੇ ਬੈਚਲਰ ਆਫ਼ ਬਾਇਓਟੈਕਨਾਲੋਜੀ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ, ਯੂਨੀਵਰਸਿਟੀ ਅਧਿਕਾਰੀਆਂ, ਮੋਹਤਬਰ ਸ਼ਖ਼ਸੀਅਤਾਂ ਅਤੇ ਅਧਿਆਪਕਾਂ ਨੇ ਭਰਵੇਂ ਰੂਪ ਵਿਚ ਕਨਵੋਕੇਸ਼ਨ ਵਿਚ ਸ਼ਮੂਲੀਅਤ ਕੀਤੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Punjab Vidhan Sabha Speaker participates as chief guest in convocation