Water Conservation: ਅਸੀਂ ਸਾਰੇ ਬਚਪਨ ਤੋਂ ਇਹੀ ਸੁਣਦੇ ਆਏ ਹਾਂ ਕਿ "ਜਲ ਹੀ ਜੀਵਨ ਹੈ"। ਪਾਣੀ ਤੋਂ ਬਿਨਾਂ ਇੱਕ ਸੁਨਹਿਰੇ ਕੱਲ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ; ਜੀਵਨ ਦੇ ਸਾਰੇ ਕਾਰਜ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਧਰਤੀ ਉੱਤੇ ਉਪਲਬਧ ਇੱਕ ਅਜਿਹਾ ਕੀਮਤੀ ਸਰੋਤ ਹੈ, ਜੋ ਇੱਥੇ ਵਸਦੇ ਸਾਰੇ ਜੀਵਾਂ ਦੇ ਬਚਾਅ ਦਾ ਆਧਾਰ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ, ਪਰ ਇਸ ਪਾਣੀ ਦਾ 97% ਹਿੱਸਾ ਖਾਰਾ ਹੈ ਜੋ ਪੀਣ ਯੋਗ ਨਹੀਂ ਹੈ, ਪੀਣ ਯੋਗ ਪਾਣੀ ਦੀ ਮਾਤਰਾ ਸਿਰਫ਼ 3% ਹੈ। ਇਸ ਵਿੱਚ ਵੀ 2% ਪਾਣੀ ਗਲੇਸ਼ੀਅਰ ਅਤੇ ਬਰਫ਼ ਦੇ ਰੂਪ ਵਿੱਚ ਹੈ। ਇਸ ਤਰ੍ਹਾਂ, ਮਨੁੱਖੀ ਵਰਤੋਂ ਲਈ ਸਿਰਫ 1% ਪਾਣੀ ਹੀ ਉਪਲਬਧ ਹੈ।
ਸ਼ਹਿਰੀਕਰਨ ਅਤੇ ਉਦਯੋਗੀਕਰਨ ਦੀ ਤੇਜ਼ ਰਫ਼ਤਾਰ, ਵੱਧ ਰਹੇ ਪ੍ਰਦੂਸ਼ਣ ਅਤੇ ਆਬਾਦੀ ਵਿੱਚ ਲਗਾਤਾਰ ਵਾਧੇ ਕਾਰਨ ਹਰ ਵਿਅਕਤੀ ਲਈ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਇੱਕ ਵੱਡੀ ਚੁਣੌਤੀ ਹੈ। ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਹਰ ਸਾਲ ਇਹ ਸਮੱਸਿਆ ਪਹਿਲਾਂ ਨਾਲੋਂ ਵੱਧ ਜਾਂਦੀ ਹੈ, ਪਰ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਗਰਮੀ ਦਾ ਸੀਜ਼ਨ ਖਤਮ ਹੁੰਦਿਆਂ ਹੀ ਮੀਂਹ ਵਾਲਾ ਮੌਸਮ ਸ਼ੁਰੂ ਹੋ ਜਾਵੇਗਾ ਅਤੇ ਇਹ ਸਮੱਸਿਆ ਆਪਣੇ ਆਪ ਦੂਰ ਹੋ ਜਾਵੇਗੀ, ਪਰ ਅਜਿਹਾ ਸੋਚਣਾ ਗ਼ਲਤ ਹੈ ਕਿਉਂਕਿ ਪਾਣੀ ਦੀ ਸੰਭਾਲ ਲਈ ਅਸੀਂ ਸਿਰਫ ਸੋਚ ਰਹੇ ਹਾਂ ਪਰ ਇਸ ਵੱਲ ਕੋਈ ਵੱਡਾ ਕਦਮ ਨਹੀਂ ਪੁੱਟ ਰਹੇ, ਸਿੱਟੇ ਵੱਜੋਂ ਰਿਹਾ-ਸਿਹਾ ਪਾਣੀ ਵੀ ਹੁਣ ਖਤਮ ਹੁੰਦਾ ਜਾ ਰਿਹਾ ਹੈ। ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੁਨੀਆਂ ਹੁਣ ਸੋਕੇ ਵੱਲ ਨੂੰ ਤੁਰ ਪਈ ਹੈ।
ਪੀਏਯੂ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵੱਲੋਂ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਇਸ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦਾ ਮੁੱਖ ਉਦੇਸ਼ ਧਰਤੀ 'ਤੇ ਜੀਵਨ ਅਤੇ ਜੀਵਨ ਸ਼ੈਲੀ ਲਈ ਬਰਸਾਤੀ ਪਾਣੀ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਵਿੱਚ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਵਿਗਿਆਨੀਆਂ, ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੇ ਭਾਗ ਲਿਆ।
ਮੁੱਖ ਮਹਿਮਾਨ ਵਜੋਂ ਡਾ. ਮਨਮੋਹਨਜੀਤ ਸਿੰਘ, ਡੀਨ, ਪੀਏਯੂ-ਕਾਲਜ ਆਫ਼ ਐਗਰੀਕਲਚਰ, ਬੱਲੋਵਾਲ ਸੌਂਖੜੀ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਸਰੋਤਾਂ ਅਤੇ ਭਵਿੱਖ ਵਿੱਚ ਇਸ ਦੇ ਗੰਭੀਰ ਸਿੱਟਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਭਾਗੀਦਾਰਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ, ਅਤੇ ਉਨ੍ਹਾਂ ਨੂੰ ਪਾਣੀ ਦੀ ਸੰਭਾਲ ਲਈ ਪਹਿਲਕਦਮੀਆਂ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : Paddy Varieties: ਕਿਸਾਨ ਵੀਰੋਂ PAU ਵੱਲੌਂ ਝੋਨੇ ਦੀਆਂ ਇਨ੍ਹਾਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਬੀਜੋ, ਮਿਲੇਗਾ ਵਧੀਆ ਲਾਭ
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਅਬਰਾਰ ਯੂਸਫ਼, ਵਿਗਿਆਨੀ (ਮਿੱਟੀ ਅਤੇ ਪਾਣੀ ਇੰਜਨੀਅਰਿੰਗ) ਨੇ ਰੇਨ ਵਾਟਰ ਹਾਰਵੈਸਟਿੰਗ ਦੀ ਮਹੱਤਤਾ ਅਤੇ ਇਸ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਕੱਠਾ ਕੀਤੇ ਪਾਣੀ ਨੂੰ ਸਮਝਦਾਰੀ ਨਾਲ ਵਰਤਣ ਦੇ ਵੱਖ-ਵੱਖ ਤਰੀਕਿਆਂ ਬਾਰੇ ਵੀ ਚਰਚਾ ਕੀਤੀ। ਡਾ: ਨਵਨੀਤ ਕੌਰ, ਮੌਸਮ ਵਿਗਿਆਨੀ ਨੇ ਪੰਜਾਬ ਦੇ ਕੰਢੀ ਖੇਤਰ ਵਿੱਚ ਬਦਲ ਰਹੇ ਮੌਸਮੀ ਦ੍ਰਿਸ਼ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘਟਾਉਣ ਲਈ ਵੱਖ-ਵੱਖ ਤਕਨੀਕਾਂ ਬਾਰੇ ਚਾਨਣਾ ਪਾਇਆ। ਡਾ: ਮੁਹੰਮਦ ਅਮੀਨ ਭੱਟ (ਭੂਮੀ ਵਿਗਿਆਨੀ) ਨੇ ਪੰਜਾਬ ਦੇ ਕੰਢੀ ਖੇਤਰ ਵਿੱਚ ਫਸਲਾਂ ਦੇ ਝਾੜ ਨੂੰ ਵਧਾਉਣ ਲਈ ਵੱਖ-ਵੱਖ ਜਲ ਸੰਭਾਲ ਤਕਨੀਕਾਂ ਅਤੇ ਉਹਨਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ।
ਇਹ ਵੀ ਪੜ੍ਹੋ : Mat Type Nursery: ਝੋਨੇ ਦੀ ਮਸ਼ੀਨੀ ਲਵਾਈ ਲਈ ਮੈਟ ਟਾਈਪ ਪਨੀਰੀ ਤਿਆਰ ਕਰਦੇ ਸਮੇਂ ਇਨ੍ਹਾਂ 15 ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ
ਮੀਂਹ ਦੌਰਾਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਿਵੇਂ ਕਰੀਏ?
1. ਅੱਜ ਦੇ ਸਮੇਂ, ਮਾਨਸੂਨ ਦੇ ਮੌਸਮ ਦੀ ਭਵਿੱਖਬਾਣੀ ਬਹੁਤ ਜਲਦੀ ਕੀਤੀ ਜਾਂਦੀ ਹੈ। ਇਸ ਲਈ ਸਿੰਚਾਈ ਦੀ ਵਿਉਂਤਬੰਦੀ ਇਸ ਤਰ੍ਹਾਂ ਕੀਤੀ ਜਾਵੇ ਕਿ ਕਿਸਾਨ ਧਰਤੀ ਹੇਠਲੇ ਪਾਣੀ ਦੀ ਬਜਾਏ ਬਰਸਾਤੀ ਪਾਣੀ ਦੀ ਵਰਤੋਂ ਕਰਨ।
2. ਬਰਸਾਤ ਦੇ ਮੌਸਮ ਦੌਰਾਨ, ਫਸਲਾਂ ਦੀਆਂ ਉਹ ਕਿਸਮਾਂ ਚੁਣੋ ਜੋ ਬਰਸਾਤ ਦੇ ਮੌਸਮ ਲਈ ਢੁੱਕਵੀਂਆਂ ਹੋਣ ਅਤੇ ਜ਼ਿਆਦਾ ਨਮੀ ਨੂੰ ਬਰਦਾਸ਼ਤ ਕਰ ਸਕਦੀਆਂ ਹੋਣ। ਢੁਕਵੀਆਂ ਫਸਲਾਂ ਦੀ ਚੋਣ ਕਰਕੇ ਅਤੇ ਉਹਨਾਂ ਦੀ ਕਾਸ਼ਤ ਦੇ ਸਮੇਂ ਅਨੁਸਾਰ, ਕਿਸਾਨ ਮੀਂਹ ਦੇ ਪਾਣੀ ਦੀ ਵਰਤੋਂ ਨੂੰ ਅਨੁਕੂਲ ਬਣਾ ਸਕਦੇ ਹਨ।
3. ਬਰਸਾਤ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਡਰੇਨੇਜ ਸਿਸਟਮ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੇਮ ਦੀ ਸਮੱਸਿਆ ਅਤੇ ਖਾਦਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਹੀ ਡਰੇਨੇਜ ਸਿਸਟਮ ਦੀ ਲੋੜ ਹੈ।
4. ਖੇਤ ਪੱਧਰ 'ਤੇ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਵਾਲੀਆਂ ਪ੍ਰਣਾਲੀਆਂ ਜਿਵੇਂ ਕਿ ਤਲਾਬ, ਟੈਂਕੀਆਂ ਜਾਂ ਜਲ ਭੰਡਾਰਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਇਕੱਠੇ ਕੀਤੇ ਮੀਂਹ ਦੇ ਪਾਣੀ ਨੂੰ ਸੁੱਕੇ ਮੌਸਮ ਦੌਰਾਨ ਸਿੰਚਾਈ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਲਈ ਵੀ ਵਰਤਿਆ ਜਾ ਸਕਦਾ ਹੈ।
5. ਮਿੱਟੀ ਦੀ ਨਮੀ ਦੇ ਪੱਧਰ ਦੇ ਨਾਲ ਮੌਸਮ ਦੇ ਪੂਰਵ ਅਨੁਮਾਨਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਦੀ ਲੋੜ ਹੁੰਦੀ ਹੈ। ਕਿਸਾਨਾਂ ਨੂੰ ਫਸਲਾਂ ਦੇ ਪਾਣੀ ਦੀਆਂ ਲੋੜਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਮੀਹਾਂ ਦੇ ਮੌਸਮ ਵਿੱਚ ਸਿੰਚਾਈ ਨੂੰ ਸਮੇਂ ਸਿਰ ਕੀਤਾ ਜਾ ਸਕੇ।
Summary in English: Rain Water: The world is moving towards drought, water conservation is very important, let's save the earth with rain water.