Training Program: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਸੰਬੰਧੀ ਦੋ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਦੱਸ ਦੇਈਏ ਕਿ ’ਡੇਅਰੀ ਫਾਰਮਿੰਗ - ਇਕ ਲਾਭਦਾਇਕ ਉਦਮ’ ਵਿਸ਼ੇ ’ਤੇ ਟ੍ਰੇਨਿੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿੱਚ ਸਿੱਖਿਆਰਥੀਆਂ ਨੂੰ ਪਸ਼ੂਆਂ ਨਾਲ ਸੰਬੰਧਿਤ ਢੁੱਕਵੀਂ ਮੁੱਢਲੀ ਜਾਣਕਾਰੀ ਦਿੱਤੀ ਗਈ। ਆਓ ਜਾਣਦੇ ਹਾਂ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਕਿ ਕੁਝ ਖ਼ਾਸ ਰਿਹਾ...
Livestock Sector: ਪਸ਼ੂਧਨ ਖੇਤਰ ਵਿੱਚ ਬਹੁਤ ਤੇਜੀ ਨਾਲ ਵਿਭਿੰਨਤਾ ਲਿਆਉਣ ’ਤੇ ਕੰਮ ਹੋ ਰਿਹਾ ਹੈ। ਇਹ ਕਹਿਣਾ ਹੈ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਵਿਭਾਗ ਦਾ, ਜਿੰਨਾ ਨੇ ਡੇਅਰੀ ਫਾਰਮਿੰਗ ਸੰਬੰਧੀ ਦੋ ਹਫ਼ਤੇ ਚੱਲਣ ਵਾਲੇ ਸਿਖਲਾਈ ਪ੍ਰੋਗਾਮ ਦੇ ਸਫ਼ਲ ਆਯੋਜਨ ਲਈ ਸਾਰੀ ਟੀਮ ਦੀ ਸ਼ਲਾਘਾ ਕੀਤੀ ਅਤੇ ਡੇਅਰੀ ਫਾਰਮਿੰਗ ਸੰਬੰਧੀ ਕਈ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਹਮੇਸ਼ਾ ਪਸ਼ੂ ਪਾਲਕਾਂ ਨੂੰ ਨਵੀਨਤਮ ਜਾਣਕਾਰੀ ਪ੍ਰਦਾਨ ਕਰਕੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਬਿਹਤਰ ਕਰਨ ਲਈ ਕਾਰਜ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਗਿਆਨਕ ਲੀਹਾਂ ’ਤੇ ਕਰਨ ਨਾਲ ਡੇਅਰੀ ਫਾਰਮਿੰਗ ਇਕ ਲਾਹੇਵੰਦ ਕਿੱਤੇ ਦੇ ਤੌਰ ’ਤੇ ਸਥਾਪਿਤ ਹੋ ਜਾਂਦਾ ਹੈ।
ਇਸ ਸਿਖਲਾਈ ਪ੍ਰੋਗਰਾਮ ਦਾ ਸੰਯੋਜਨ, ਡਾ. ਰਾਜੇਸ਼ ਕਸਰੀਜਾ ਅਤੇ ਵਾਈ ਐਸ ਜਾਦੋਂ ਨੇ ਕੀਤਾ। ਉਨ੍ਹਾਂ ਦੱਸਿਆ ਕਿ 13 ਸਿੱਖਿਆਰਥੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਲਈ ਨਾਮ ਦਰਜ ਕਰਵਾਏ। ਇਨ੍ਹਾਂ ਸਿੱਖਿਆਰਥੀਆਂ ਨੂੰ ਪਸ਼ੂ ਆਹਾਰ ਸੰਬੰਧੀ ਨਵੀਨਤਮ ਗਿਆਨ, ਸਿਹਤ ਪ੍ਰਬੰਧਨ, ਆਰਾਮਦਾਇਕ ਸ਼ੈਡ, ਢੁੱਕਵੀਂ ਮੁੱਢਲੀ ਸਹਾਇਤਾ ਪ੍ਰਬੰਧਨ, ਟੀਕਾਕਰਨ ਅਤੇ ਪਸ਼ੂਆਂ ਨੂੰ ਮਲ੍ਹੱਪ ਰਹਿਤ ਕਰਨ ਬਾਰੇ ਦੱਸਿਆ ਗਿਆ।
ਇਸ ਦੇ ਨਾਲ ਸਿੱਖਿਆਰਥੀਆਂ ਨੂੰ ਨਸਲ ਸੁਧਾਰ, ਦੁੱਧ ਦਾ ਮੁੱਲ ਨਿਰਧਾਰਣ, ਪ੍ਰਜਣਨ ਪ੍ਰਬੰਧ ਅਤੇ ਮੌਸਮੀ ਪ੍ਰਬੰਧਨ ਬਾਰੇ ਵੀ ਗਿਆਨ ਦਿੱਤਾ ਗਿਆ। ਸਿੱਖਿਆਰਥੀਆਂ ਨੂੰ ਡੇਅਰੀ ਕਿੱਤੇ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਨੂੰ ਪਸ਼ੂਆਂ ਦਾ ਤਾਪਮਾਨ ਦਰਜ ਕਰਨ, ਬਿਮਾਰ ਅਤੇ ਸਿਹਤਮੰਦ ਪਸ਼ੂ ਦੀ ਪਛਾਣ ਕਰਨ, ਦੁੱਧ ਦੀ ਜਾਂਚ ਕਰਨ ਅਤੇ ਪਸ਼ੂਆਂ ਦੇ ਭਾਰ ਨੂੰ ਮਾਪਣ ਬਾਰੇ ਵੀ ਸਿਖਲਾਈ ਦਿੱਤੀ ਗਈ।
ਇਹ ਵੀ ਪੜ੍ਹੋ: Fish Fair: ਵੈਟਨਰੀ ਯੂਨੀਵਰਸਿਟੀ ਵੱਲੋਂ ਸਜਾਵਟੀ ਮੱਛੀ ਮੇਲੇ ਦਾ ਪ੍ਰਬੰਧ, ਉੱਦਮਤਾ ਦੇ ਵਿਕਾਸ ਨੂੰ ਹੁਲਾਰਾ
ਡਾ. ਰਾਕੇਸ਼ ਕੁਮਾਰ ਸ਼ਰਮਾ, ਵਿਭਾਗ ਮੁਖੀ ਨੇ ਦੱਸਿਆ ਕਿ ਯੂਨੀਵਰਸਿਟੀ ਡੇਅਰੀ, ਪੋਲਟਰੀ, ਬੱਕਰੀ, ਸੂਰ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਸਿੱਖਿਆਰਥੀਆਂ ਨੂੰ ਉਦਮੀ ਵਜੋਂ ਤਿਆਰ ਕਰਨ ਲਈ ਸਾਰਾ ਸਾਲ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਦੀ ਹੈ। ਪਸ਼ੂ ਪਾਲਕਾਂ ਦੇ ਗਿਆਨ ਹਿਤ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਪੁਸਤਕਾਂ ਅਤੇ ਰਸਾਲਾ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਿਖਲਾਈ ਦੇ ਸਮਾਪਤੀ ਸੈਸ਼ਨ ਵਿੱਚ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।
ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ
ਦੂਰ-ਸਲਾਹਕਾਰੀ ਕਿਸਾਨ ਸੇਵਾ ਕੇਂਦਰ ਦੇ 62832-97919 ਅਤੇ 62832-58834 ਨੰਬਰਾਂ ’ਤੇ ਕਿਸਾਨ ਕਿਸੇ ਵੀ ਲੋੜ ਵੇਲੇ ਮਾਰਗ ਦਰਸ਼ਨ ਲੈ ਸਕਦੇ ਹਨ।
Summary in English: Rapid efforts to diversify the livestock sector: Dr. Parkash Singh Brar