1. Home
  2. ਖਬਰਾਂ

Punjab 'ਚ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ: Horticulture Department

ਜੂਨ ਮਹੀਨੇ ਦੌਰਾਨ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧਾਂ ਦੀ ਸਲਾਹ ਦਿੱਤੀ ਗਈ ਹੈ।

Gurpreet Kaur Virk
Gurpreet Kaur Virk
ਮਧੂ-ਮੱਖੀਆਂ ਨੂੰ ਗਰਮੀ ਦੇ ਤਨਾਅ ਤੋਂ ਬਚਾਉਣ ਦੇ ਯਤਨ

ਮਧੂ-ਮੱਖੀਆਂ ਨੂੰ ਗਰਮੀ ਦੇ ਤਨਾਅ ਤੋਂ ਬਚਾਉਣ ਦੇ ਯਤਨ

Beekeeping: ਅੱਜ-ਕੱਲ੍ਹ ਪਸ਼ੂ ਪਾਲਕ ਮਧੂ ਮੱਖੀ ਪਾਲਣ ਦੇ ਧੰਦੇ ਤੋਂ ਚੰਗਾ ਮੁਨਾਫਾ ਕਮਾ ਰਹੇ ਹਨ। ਪਰ ਥੋੜੀ ਜਿਹੀ ਅਣਗਹਿਲੀ ਇਸ ਮੁਨਾਫ਼ੇ ਨੂੰ ਘਾਟੇ ਵਿੱਚ ਵੀ ਤਬਦੀਲ ਕਰ ਸਕਦੀ ਹੈ, ਅਜਿਹਾ ਨਾ ਹੋਵੇ ਇਸਦੇ ਲਈ ਅੱਜ ਅਸੀਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ। ਦਰਅਸਲ, ਅੱਜ ਅਸੀਂ ਤੁਹਾਨੂੰ ਜੂਨ ਦੇ ਮਹੀਨੇ ਵਿੱਚ ਮਧੂ-ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲਈ ਬਾਗਬਾਨੀ ਵਿਭਾਗ ਦੁਆਰਾ ਸਾਂਝੇ ਕੀਤੇ ਕੁਝ ਖਾਸ ਪ੍ਰਬੰਧਾਂ ਬਾਰੇ ਦੱਸਣ ਜਾ ਰਹੇ ਹਾਂ।

ਜੂਨ ਦਾ ਮਹੀਨਾ ਬਹੁਤ ਗਰਮ ਮਹੀਨਾ ਹੁੰਦਾ ਹੈ ਅਤੇ ਇਸ ਮੌਸਮ ਵਿੱਚ ਸ਼ਹਿਦ ਦੀਆਂ ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲਈ ਇਨਾਂ ਦੇ ਕਟੁੰਬਾਂ ਨੂੰ ਸੰਘਣੀ ਛਾਂ ਹੇਠ ਰੱਖਣ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਾਣੀ ਦੀ ਵਧੀ ਹੋਈ ਜ਼ਰੂਰਤ ਨੂੰ ਪੂਰਾ ਕਰਨ ਲਈ ਟਿਊਬਵੈੱਲ ਦੇ ਪਾਣੀ ਵਾਲੇ ਟੈਂਕ ਵਿਚ ਦਰਖ਼ਤਾਂ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਜਾਂ ਫੱਟੀਆਂ ਦੇ ਟੁਕੜੇ ਸੁੱਟ ਦੇਣ ਚਾਹੀਦੇ ਹਨ, ਜਿਨਾਂ ਉੱਪਰ ਬੈਠ ਕੇ ਸ਼ਹਿਦ ਮੱਖੀਆਂ ਪਾਣੀ ਲੈ ਸਕਣ।

ਇਹ ਵੀ ਪੜ੍ਹੋ : Beekeeping: ਇਟੈਲੀਅਨ ਸ਼ਹਿਦ ਮੱਖੀ ਪਾਲਣ ਨੌਜਵਾਨਾਂ ਲਈ Profitable Business

ਮਧੂ-ਮੱਖੀਆਂ ਨੂੰ ਗਰਮੀ ਦੇ ਤਨਾਅ ਤੋਂ ਬਚਾਉਣ ਦੇ ਯਤਨ

ਮਧੂ-ਮੱਖੀਆਂ ਨੂੰ ਗਰਮੀ ਦੇ ਤਨਾਅ ਤੋਂ ਬਚਾਉਣ ਦੇ ਯਤਨ

ਉਨਾਂ ਕਿਹਾ ਕਿ ਪਾਣੀ ਦੀ ਜ਼ਰੂਰਤ ਕਟੁੰਬਾਂ ਹੇਠ ਰੱਖੇ ਸਟੈਂਡਾਂ ਦੇ ਪਾਵਿਆਂ ਹੇਠ ਪਾਣੀ ਦੇ ਠੂਹਲੇ ਰੱਖ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਦਾ ਇੱਕ ਹੋਰ ਫ਼ਾਇਦਾ ਕਟੁੰਬਾਂ ਨੂੰ ਕੀੜੀਆਂ ਤੋਂ ਬਚਾਉ ਵੀ ਹੈ। ਕਟੁੰਬਾਂ ਨੂੰ ਹਵਾਦਾਰ ਬਨਾਉਣ ਲਈ ਬੌਟਮ ਬੋਰਡ ਤੇ ਬਰੂਡ ਚੈਂਬਰ ਦੇ ਵਿਚਕਾਰ ਅਤੇ ਬਰੂਡ ਚੈਂਬਰ ਤੇ ਸੁਪਰ ਚੈਂਬਰ ਵਿਚਕਾਰ ਪਤਲੇ-ਪਤਲੇ ਡੱਕੇ ਰੱਖ ਕੇ ਝੀਥ ਬਣਾਈ ਜਾ ਸਕਦੀ ਹੈ, ਜਿਸ ਵਿੱਚੋਂ ਹਵਾ ਤਾਂ ਨਿਕਲ ਸਕੇ ਪ੍ਰੰਤੂ ਸ਼ਹਿਦ ਮੱਖੀ ਨਾ ਲੰਘ ਸਕੇ।

ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਬਰੂਡ ਚੈਂਬਰ ਨੂੰ ਬੌਟਮ ਬੋਰਡ ਤੋਂ ਥੋੜਾ ਹਿਲਾ ਕੇ ਅਤੇ ਇਸੇ ਤਰਾਂ ਸੁਪਰ ਚੈਂਬਰ ਨੂੰ ਬਰੂਡ ਚੈਂਬਰ ਤੋਂ ਥੋੜਾ ਹਿਲਾ ਕੇ ਕਟੁੰਬਾਂ ਨੂੰ ਹਵਾਦਾਰ ਬਣਾਉਣ ਲਈ ਬਰੀਕ ਮੱਖੀ-ਟਾਈਟ ਝੀਥ ਬਣਾਈ ਜਾ ਸਕਦੀ ਹੈ। ਇਸ ਮੌਸਮ ਦੌਰਾਨ ਸੂਰਜਮੁਖੀ ਫ਼ਸਲ ਦਾ ਪੱਕਿਆ ਹੋਇਆ ਸ਼ਹਿਦ ਕਟੁੰਬਾਂ ਦੇ ਬਰੂਡਰਹਿਤ ਛੱਤਿਆਂ ਵਿੱਚੋਂ, ਤਰਜ਼ੀਹ ਦੇ ਤੌਰ ਤੇ ਸੁਪਰ ਚੈਂਬਰ ਵਿੱਚੋਂ, ਕੱਢ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਨ੍ਹਾਂ ਫੁੱਲਾਂ ਵੱਲ ਮਧੂ-ਮੱਖੀਆਂ ਸਭ ਤੋਂ ਵੱਧ ਹੁੰਦੀਆਂ ਹਨ ਆਕਰਸ਼ਿਤ, ਬਾਗਬਾਨੀ ਅਤੇ ਮਧੂ ਮੱਖੀ ਪਾਲਣ ਲਈ ਲਾਹੇਵੰਦ

ਨੈਕਟਰ ਦੀ ਆਮਦ ਦੌਰਾਨ ਬਰੂਡ ਚੈਂਬਰ ਅਤੇ ਸੁਪਰ ਚੈਂਬਰ ਵਿਚਾਲੇ ਲੇਟਵੀਂ ਰਾਣੀ ਨਿਖੇੜੂ ਜਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੌਬਿੰਗ (ਮੱਖੀਆਂ ਦੁਆਰਾ ਖ਼ੁਰਾਕ ਦੀ ਲੁੱਟ) ਦੀ ਸਮੱਸਿਆ ਤੋਂ ਬਚਣ ਲਈ ਸ਼ਹਿਦ ਕੱਢਣ ਦੌਰਾਨ ਅਤੇ ਉਪਰੰਤ ਸਾਰੇ ਸਬੰਧਤ ਲੋੜੀਂਦੇ ਇਹਤਿਆਤ ਅਤੇ ਢੰਗ ਜ਼ਰੂਰ ਵਰਤਣੇ ਚਾਹੀਦੇ ਹਨ। ਉਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਉਪਰੋਕਤ ਸਾਵਧਾਨੀਆਂ ਵਰਤ ਕੇ ਅਸੀਂ ਸ਼ਹਿਦ ਦੀਆਂ ਮੱਖੀਆਂ ਨੂੰ ਅੱਤ ਦੀ ਗਰਮੀ ਤੋਂ ਬਚਾ ਸਕਦੇ ਹਾਂ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)

Summary in English: Special arrangement for saving honey bees in Punjab: Horticulture Department

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters