ਪੀ.ਏ.ਯੂ. (PAU) ਦੇ ਖੇਤੀ ਵਿਗਿਆਨ ਵਿਭਾਗ ਵੱਲੋਂ ਕ੍ਰਿਸੀ ਵਿਗਿਆਨ ਕੇਂਦਰ ਸਮਰਾਲਾ ਦੇ ਸਹਿਯੋਗ ਨਾਲ ਬੀਤੇ ਦਿਨੀਂ ਪਿੰਡ ਮੱਟਨ, ਜ਼ਿਲ੍ਹਾ ਲੁਧਿਆਣਾ ਵਿਖੇ ’ਕਣਕ ਦੀ ਸਰਫੇਸ ਸੀਡਿੰਗ’ ਤਕਨੀਕ (Surface seeding technique of wheat) ’ਤੇ ਖੇਤ ਦਿਵਸ (Field Day) ਦਾ ਆਯੋਜਨ ਕੀਤਾ ਗਿਆ। ਇਸ ਵਿੱਚ 300 ਤੋਂ ਵੱਧ ਕਿਸਾਨ ਸ਼ਾਮਿਲ ਹੋਏ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਵੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੁਆਰਾ ਸਿਫਾਰਸ ਕੀਤੀ ਗਈ ਸਰਫੇਸ ਸੀਡਿੰਗ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ, ਵਾਤਾਵਰਣ ਪੱਖੀ ਤਕਨੀਕ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸਰਲ ਤਕਨੀਕ ਨੂੰ ਅਪਣਾਉਣ ਦਾ ਸੱਦਾ ਦਿੱਤਾ। ਇਸ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਫਸਲਾਂ ਦੀ ਉਤਪਾਦਕਤਾ ਵਿੱਚ ਵੀ ਵਾਧਾ ਹੁੰਦਾ ਹੈ।
ਸਰਫੇਸ ਸੀਡਿੰਗ ਤਕਨੀਕ (Surface Seeding Technique) ਹਰ ਕਿਸਮ ਦੇ ਕਿਸਾਨਾਂ ਲਈ ਮਦਦਗਾਰ ਹੈ, ਖਾਸ ਤੌਰ ’ਤੇ ਉਹਨਾਂ ਕਿਸਾਨਾਂ ਲਈ ਜੋ ਮਸ਼ੀਨਰੀ 'ਤੇ ਜ਼ਿਆਦਾ ਖਰਚ ਨਹੀਂ ਕਰ ਸਕਦੇ। ਇਸ ਤਕਨੀਕ ਰਾਹੀਂ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋਕਣ ਦੀ ਸਮਰੱਥਾ ਹੈ।
27 ਏਕੜ ਵਿੱਚ ਸਰਫੇਸ ਸੀਡਿੰਗ (Surface Seeding) ਕਰਨ ਵਾਲੇ ਕਿਸਾਨ ਸ. ਸੋਹਣ ਸਿੰਘ ਦੇ ਖੇਤਾਂ ਦਾ ਦੌਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਫੇਸ ਸੀਡਿੰਗ ਦੁਆਰਾ ਬੀਜੀ ਗਈ ਕਣਕ ਹੋਰ ਤਰੀਕਿਆਂ ਨਾਲ ਬੀਜੀ ਕਣਕ ਦੇ ਮੁਕਾਬਲੇ ਘੱਟ ਡਿੱਗੀ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਕੰਬਾਈਨ ਹਾਰਵੈਸਟਰ ਨਾਲ ਜੋੜਨ ਵਾਲਾ ਢਾਂਚਾ ਤਿਆਰ ਕੀਤਾ ਹੈ ਜਿਸ ਰਾਹੀਂ ਝੋਨੇ ਦੀ ਵਾਢੀ ਅਤੇ ਕਣਕ ਦੀ ਸਰਫੇਸ ਸੀਡਿੰਗ ਇੱਕੋ ਸਮੇਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਟਰ-ਕਮ-ਸਪ੍ਰੈਡਰ ਨਾਲ ਜੁੜਨ ਵਾਲਾ ਇੱਕ ਡਿਜ਼ਾਇਨ ਵੀ ਨਿਰਮਾਣ ਕੀਤਾ ਗਿਆ ਹੈ ਜਿਸ ਨਾਲ ਕਣਕ ਦੀ ਸਰਫੇਸ ਸੀਡਿੰਗ ਅਤੇ ਝੋਨੇ ਦੀ ਪਰਾਲੀ ਦੀ ਕਟਾਈ ਇੱਕੋ ਸਮੇਂ ਹੁੰਦੀ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਨਵੀਂ ਤਕਨੀਕ ਸਭ ਤੋਂ ਸੌਖਾ ਤਰੀਕਾ ਹੈ ਅਤੇ ਇਸ ਵਿਧੀ ਰਾਹੀਂ ਬੀਜੀ ਗਈ ਫਸਲ ਸੂਬੇ ਭਰ ਵਿੱਚ ਵਧੀਆ ਹਾਲਤ ਵਿੱਚ ਹੈ।
ਅਟਾਰੀ ਦੇ ਨਿਰਦੇਸ਼ਕ ਪਰਵਿੰਦਰ ਸ਼ਿਓਰਨ ਨੇ ਪੀ.ਏ.ਯੂ. ਦੀ ਤਕਨੀਕ ਦੀ ਸਲਾਘਾ ਕਰਦੇ ਹੋਏ ਇਸ ਨੂੰ ਵੱਡੇ ਪੱਧਰ ’ਤੇ ਕਿਸਾਨਾਂ ਦੇ ਲਾਭ ਲਈ ਪ੍ਰਸਾਰਿਤ ਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਖਾਦਾਂ ਅਤੇ ਪਾਣੀ ਦੀ ਸਿਫ਼ਾਰਸ਼ ਤੋਂ ਵੱਧ ਵਰਤੋਂ ਫ਼ਸਲਾਂ ਦੇ ਨੁਕਸਾਨ ਦਾ ਕਾਰਨ: PAU
ਕਿਸਾਨ ਹਰਿੰਦਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਸਨੇ ਤਿੰਨ ਸਾਲ ਪਹਿਲਾਂ ਇੱਕ ਏਕੜ ਵਿੱਚ ਨਵੀਂ ਸਰਫੇਸ ਸੀਡਿੰਗ ਤਕਨੀਕ ਨੂੰ ਸ਼ੁਰੂ ਕੀਤਾ ਸੀ। ਇਸ ਦੇ ਲਾਭਾਂ ਨੂੰ ਦੇਖਦੇ ਹੋਏ, ਉਸਨੇ ਪਿਛਲੇ ਸਾਲ ਇਸ ਨੂੰ 10 ਏਕੜ ਅਤੇ ਇਸ ਸਾਲ ਆਪਣੀ ਸਾਰੀ 27 ਏਕੜ ਤੱਕ ਵਧਾ ਦਿੱਤਾ। ਉਸ ਨੇ ਇਸ ਸਾਲ ਸਰਫੇਸ ਸੀਡਿੰਗ ਰਾਹੀਂ ਇੱਕ ਏਕੜ ਸਰ੍ਹੋਂ ਦੀ ਬਿਜਾਈ ਵੀ ਕੀਤੀ ਹੈ ਅਤੇ ਫਸਲ ਵਧੀਆ ਹਾਲਤ ਵਿੱਚ ਰਹੀ ਹੈ।
ਕਿਸਾਨ ਨੇ ਦੱਸਿਆ ਕਿ ਉਹ ਸਰਫੇਸ ਸੀਡਿੰਗ ਵਾਲੇ ਖੇਤਾਂ ਵਿੱਚ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰ ਰਿਹਾ ਕਿਉਂਕਿ ਨਦੀਨਾਂ ਦਾ ਹਮਲਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸਰਫੇਸ ਸੀਡਿੰਗ ਪ੍ਰਤੀ ਏਕੜ ਕਣਕ ਦਾ ਇੱਕ ਕੁਇੰਟਲ ਵੱਧ ਝਾੜ ਦਿੰਦੀ ਹੈ ਅਤੇ ਰਵਾਇਤੀ ਬਿਜਾਈ ਦੇ ਤਰੀਕਿਆਂ ਦੇ ਮੁਕਾਬਲੇ ਇੱਕ ਸਿੰਚਾਈ ਦੀ ਬਚਤ ਕਰਦੀ ਹੈ। ਕਿਸਾਨਾਂ ਨੇ ਸਰਫੇਸ ਸੀਡਿੰਗ ਦੀਆਂ ਪ੍ਰਦਰਸ਼ਿਤ ਮਸ਼ੀਨਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਇਹ ਵੀ ਪੜ੍ਹੋ : Punjab 'ਚ ਕਿੰਨੂ ਦੀ ਪੈਦਾਵਾਰ `ਚ ਆਈ ਗਿਰਾਵਟ, ਕਿਸਾਨਾਂ ਵੱਲੋਂ ਖਜੂਰ ਦੀ ਕਾਸ਼ਤ ਲਈ Subsidy ਦੀ ਮੰਗ
ਡਾ. ਸਤਬੀਰ ਸਿੰਘ, ਡਿਪਟੀ ਡਾਇਰੈਕਟਰ ਕੇ.ਵੀ.ਕੇ ਸਮਰਾਲਾ ਨੇ ਜੀ ਆਇਆਂ ਦੇ ਸ਼ਬਦ ਕਹੇ ਅਤੇ ਡਾ. ਮੱਖਣ ਸਿੰਘ ਭੁੱਲਰ, ਮੁਖੀ, ਖੇਤੀ ਵਿਗਿਆਨ ਵਿਭਾਗ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਡਾ. ਤਰੁਣਦੀਪ ਕੌਰ ਨੇ ਮੰਚ ਸੰਚਾਲਨ ਕੀਤਾ।
ਇਸ ਸਮਾਗਮ ਵਿੱਚ ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ, ਪੀ.ਏ.ਯੂ. ਦੇ ਵਿਗਿਆਨੀ ਜਿਨ੍ਹਾਂ ਵਿੱਚ ਡਾ. ਜੀ.ਐਸ. ਮਨੇਸ, ਡਾ. ਧਨਵਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ. ਅਮਿਤ ਕੌਲ, ਡਾ. ਰਮਿੰਦਰ ਘੁੰਮਣ, ਡਾ. ਮਨਪ੍ਰੀਤ ਸਿੰਘ, ਜਸਵੀਰ ਗਿੱਲ, ਕੇ.ਵੀ.ਕੇ ਸਮਰਾਲਾ ਦੇ ਵਿਗਿਆਨੀਆਂ ਨੇ ਹਿੱਸਾ ਲਿਆ।
Summary in English: Surface seeding technique is the cheapest for paddy stubble conservation and wheat sowing