Veterinary University: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ, ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਵਿਸ਼ਵ ਵੈਟਰਨਰੀ ਪੋਲਟਰੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਵਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਡਾ. ਗੁਰਸ਼ਰਨਜੀਤ ਸਿੰਘ ਬੇਦੀ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਸ਼੍ਰੀ ਜਸਵੀਰ ਸਿੰਘ, ਨਿਰਦੇਸ਼ਕ ਅਤੇ ਵਾਰਡਨ ਮੱਛੀ ਪਾਲਣ, ਸ. ਸੁਖਬੀਰ ਸਿੰਘ ਜਾਖੜ, ਸ. ਦੁਪਿੰਦਰ ਸਿੰਘ, ਨਿਰਦੇਸ਼ਕ, ਡੇਅਰੀ ਵਿਕਾਸ, ਸ. ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਪਨਸੀਡ, ਸ਼੍ਰੀ ਪਰਮਵੀਰ ਸਿੰਘ, ਉਪ-ਚੇਅਰਮੈਨ ਸੂਖਮ, ਛੋਟੇ, ਦਰਮਿਆਨੇ ਉਦਮ ਬੋਰਡ, ਮਾਸਟਰ ਹਰੀ ਸਿੰਘ, ਮੈਂਬਰ ਪਸ਼ੂ ਭਲਾਈ ਬੋਰਡ, ਪੰਜਾਬ ਅਤੇ ਡੀਨ, ਡਾਇਰੈਕਟਰਜ਼ ਤੇ ਅਧਿਕਾਰੀਆਂ ਨੇ ਵੀ ਸਮਾਗਮ ਦੀ ਸੋਭਾ ਵਧਾਈ। ਮੁਹਤਬਰ ਸ਼ਖ਼ਸੀਅਤਾਂ ਨੇ ਡਾ. ਇੰਦਰਜੀਤ ਸਿੰਘ ਨਾਲ ਵਿਭਿੰਨ ਸਟਾਲਾਂ ਦਾ ਦੌਰਾ ਕੀਤਾ।
ਪੰਜਾਬ ਦੇ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਪਸ਼ੂਧਨ ਕਿੱਤੇ ਸਮਾਜ ਅਤੇ ਆਰਥਿਕਤਾ ਵਿਚ ਆਪਣਾ ਯੋਗਦਾਨ ਲਗਾਤਾਰ ਵਧਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਵਧੇਰੇ ਪੈਦਾਵਾਰ ਅਤੇ ਆਮਦਨ ਲੈਣ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਦੀ ਪ੍ਰਸੰਸਾ ਕੀਤੀ ਕਿ ਉਹ ਕਿਸਾਨਾਂ ਦੀਆਂ ਬਰੂਹਾਂ ’ਤੇ ਜਾ ਕੇ ਸੇਵਾ ਦੇ ਰਹੇ ਹਨ।
ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮੇਲੇ ਦਾ ਆਯੋਜਨ 'ਪਸ਼ੂਆਂ ਵਿੱਚ ਦੇਸੀ ਇਲਾਜ, ਘੱਟ ਲਾਗਤ, ਵੱਧ ਉਤਪਾਦਨ' ਦੇ ਮੰਤਵ ਤਹਿਤ ਕੀਤਾ ਗਿਆ ਹੈ। ਇਸ ਮੰਤਵ ਤਹਿਤ ਇੱਕ ਵਿਸ਼ੇਸ਼ ਸਟਾਲ ਰਾਹੀਂ ਪਸ਼ੂ ਪਾਲਕਾਂ ਨੂੰ ਵੱਖ-ਵੱਖ ਦੇਸੀ ਨੁਸਖਿਆਂ ਨਾਲ ਇਲਾਜ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਵਿਗਿਆਨਕ ਗਿਆਨ ਅਤੇ ਤਕਨਾਲੋਜੀ ਦੀ ਮਦਦ ਨਾਲ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ।
ਮਾਰਚ ਅਤੇ ਸਿਤੰਬਰ ਦੇ ਮਹੀਨੇ, ਸਾਲ ਵਿੱਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਮਾਹਿਰਾਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ `ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਨੀਤੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਥੇ ਕਈ ਤਰ੍ਹਾਂ ਦੇ ਤਜਰਬੇ ਵੀ ਵਿਚਾਰੇ ਜਾਂਦੇ ਹਨ।
ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪਸਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਲੋਕ ਬੱਕਰੀ, ਸੂਰ ਅਤੇ ਮੱਛੀ ਪਾਲਣ ਦਾ ਧੰਦਾ ਅਪਣਾਉਣ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਉਹ ਯੂਨੀਵਰਸਿਟੀ ਵੱਲੋਂ ਕਰਵਾਏ ਜਾਣ ਵਾਲੇ ਭਵਿੱਖੀ ਸਿਖਲਾਈ ਕੋਰਸਾਂ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਸਨ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਕਿ ਡੇਅਰੀ ਫਾਰਮਿੰਗ, ਐਨੀਮਲ ਹੈਲਥ ਕੇਅਰ ਐਂਡ ਰਿਅਰਿੰਗ ਪ੍ਰੌਬਲਮਜ਼ ਫਾਰ ਐਨੀਮਲ ਹਸਬੈਂਡਰੀ ਅਤੇ ਮਾਸਿਕ ਮੈਗਜ਼ੀਨ 'ਵਿਗਿਆਨਕ ਪਸ਼ੂ ਪਾਲਣ' ਵੀ ਪਸ਼ੂ ਪਾਲਕਾਂ ਅਤੇ ਨੌਜਵਾਨਾਂ ਵਿੱਚ ਬਹੁਤ ਮਕਬੂਲ ਸਨ। ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਸਬੰਧੀ ਪੈਂਫਲੇਟ ਵੀ ਵੰਡੇ ਗਏ। ਏਕੀਕ੍ਰਿਤ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੇ ਮੁਨਾਫੇ ਨੂੰ ਵਧਾਉਣ ਲਈ ਵੱਖ-ਵੱਖ ਮਾਡਲਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਰਾਹੀਂ ਸਾਡੇ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਦਰਸਾਇਆ ਗਿਆ। ਮੇਲੇ ਦੌਰਾਨ ਵੱਖ-ਵੱਖ ਥਾਵਾਂ 'ਤੇ ਦੇਸੀ ਇਲਾਜ ਅਤੇ ਇਲਾਜ ਸਬੰਧੀ ਬੋਰਡ ਲਗਾ ਕੇ ਨਵੀਆਂ ਸਿਫ਼ਾਰਸ਼ਾਂ ਬਾਰੇ ਵੀ ਜਾਗਰੂਕਤਾ ਪੈਦਾ ਕੀਤੀ ਗਈ।
ਮੇਲੇ ਵਿੱਚ ਬੈਕਯਾਰਡ ਪੋਲਟਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਬਾਂਸ ਦਾ ਬਣਿਆ ਚਿਕਨ ਸ਼ੈੱਡ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਨਾਲ ਹਾਸ਼ੀਆਗਤ ਪਰਿਵਾਰ ਆਪਣੇ ਜੀਵਨ ਪੱਧਰ ਨੂੰ ਸੁਧਾਰਨ ਲਈ ਵੱਖਰਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਯੂਨੀਵਰਸਿਟੀ ਦੇ ਵੈਟਰਨਰੀ ਕਾਲਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਵਿਭਾਗ ਆਪਣੇ ਵੱਖ-ਵੱਖ ਸਟਾਲ ਲਗਾ ਕੇ ਪਸ਼ੂਆਂ ਦੀ ਹਰ ਸਮੱਸਿਆ ਬਾਰੇ ਚਾਨਣਾ ਪਾਉਂਦਾ ਹੈ। ਦੁੱਧ ਦੀ ਜਾਂਚ ਕਿੱਟ, ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਦਾ ਪਸ਼ੂ ਪਾਲਕਾਂ ਨੇ ਕਾਫੀ ਫਾਇਦਾ ਪ੍ਰਾਪਤ ਕੀਤਾ।
ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਨੇ ਕਾਰਪ ਅਤੇ ਸਜਾਵਟੀ ਮੱਛੀ ਪ੍ਰਦਰਸ਼ਿਤ ਕੀਤੀ ਅਤੇ ਖਾਰੇ ਪਾਣੀ ਦੀ ਮੱਛੀ ਪਾਲਣ ਅਤੇ ਝੀਂਗਾ ਪਾਲਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਡਕਵੀਡ ਅਤੇ ਅਜ਼ੋਲਾ ਨੂੰ ਮੱਛੀ ਫੀਡ ਅਤੇ ਪਸ਼ੂ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ। ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਇਲਾਕਾ ਆਧਾਰਿਤ ਧਾਤਾਂ ਦੇ ਮਿਸ਼ਰਣ, ਬਾਈ-ਪਾਸ ਫੈਟ ਅਤੇ ਪਸ਼ੂ ਚਾਟ ਸਬੰਧੀ ਪਸ਼ੂ ਪਾਲਕ ਵਿਸ਼ੇਸ਼ ਖਿੱਚ ਰੱਖਦੇ ਸਨ।ਉਨਾਂ ਵੱਡੀ ਮਾਤਰਾ ਵਿੱਚ ਇਨਾਂ੍ਹ ਪਦਾਰਥਾਂ ਨੂੰ ਖਰੀਦਣ ਵਿਚ ਰੁਚੀ ਵਿਖਾਈ।
ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਡੇਅਰੀ ਪਲਾਂਟ ਵਿੱਚ ਤਿਆਰ ਕੀਤੀ ਭਿੰਨ-ਭਿੰਨ ਤਰ੍ਹਾਂ ਦੀ ਮਿੱਠੀ ਅਤੇ ਨਮਕੀਨ ਲੱਸੀ, ਦੁੱਧ, ਪਨੀਰ, ਢੋਡਾ ਬਰਫੀ, ਅਤੇ ਹੋਰ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੇਲੇ ਵਿੱਚ ਆਏ ਲੋਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ।ਪਸ਼ੂਧਨ ਉਤਪਾਦ ਵਿਭਾਗ ਵੱਲੋਂ ਤਿਆਰ ਕੀਤੇ ਗਏ ਉਤਪਾਦ ਜਿਵੇਂ ਮੀਟ ਦੀਆਂ ਪੈਟੀਆਂ, ਮੀਟ ਤੇ ਆਂਡਿਆਂ ਦਾ ਆਚਾਰ ਖਰੀਦਣ ਅਤੇ ਉਨਾਂ ਨੂੰ ਬਨਾਉੇਣ ਦੀਆਂ ਵਿਧੀਆਂ ਜਾਨਣ ਲਈ ਵੀ ਜਗਿਆਸਾ ਜ਼ਾਹਰ ਕੀਤੀ।ਇਸ ਵਿਭਾਗ ਨੇ ਮੀਟ ਕਟਲੈਟ ਅਤੇ ਹੋਰ ਕਈ ਵਸਤਾਂ ਪੇਸ਼ ਕੀਤੀਆਂ ਸਨ।ਮਾਹਿਰਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਤੇ ਨੰ ਸ਼ੁਰੂ ਕਰਨ ਲਈ ਯੂਨੀਵਰਸਿਟੀ ਨਾਲ ਰਾਬਤਾ ਰੱਖ ਕੇ ਸਿਖਲਾਈ ਵੀ ਲੈ ਸਕਦੇ ਹਨ।
ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗ, ਮਿਲਕਫੈਡ, ਦਵਾਈਆਂ, ਟੀਕਿਆਂ ਦੀਆਂ ਫਰਮਾਂ ਅਤੇ ਦੁੱਧ ਪ੍ਰਾਸੈਸਿੰਗ ਮਸ਼ੀਨਰੀ ਵਾਲੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹੋਏ ਸਨ।ਯੂਨੀਵਰਸਿਟੀ ਦੀ ਦੇਖ ਰੇਖ ਵਿੱਚ ਸਥਾਪਿਤ ਜਥੇਬੰਦੀਆਂ ਨੇ ਵੀ ਆਪਣੇ ਸਟਾਲ ਲਗਾ ਕੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ।ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕ ਸਾਹਿਬਾਨ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਪੂਰੇ ਆਨੰਦ ਨਾਲ ਮੇਲੇ ਨੂੰ ਵੇਖਿਆ। ਪਸ਼ੂ ਪਾਲਕਾਂ ਨੇ ਮੇਲੇ ਵਿੱਚ ਭਰਵੀਂ ਹਾਜ਼ਰੀ ਲਗਵਾਈ, ਜਿਸ ਨਾਲ ਪਸ਼ੂ ਪਾਲਣ ਦੇ ਧੰਦਿਆਂ ਨੂੰ ਅਪਨਾਉਣ ਦੀ ਕਿਸਾਨਾਂ ਦੀ ਰੁਚੀ ਦਾ ਪਤਾ ਲਗਦਾ ਹੈ। ਮੇਲਾ 15 ਮਾਰਚ ਨੂੰ ਵੀ ਜਾਰੀ ਰਹੇਗਾ।
Summary in English: Two-day Pashu Palan Mela started in Ludhiana, awareness through models