Good News: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (Guru Angad Dev Veterinary and Animal Sciences University) ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ (Vice-Chancellor Dr. Inderjit Singh) ਨੂੰ ਭਾਰਤ ਦੇ ਉੱਘੇ ਵੈਟਨਰੀ ਪੇਸ਼ੇਵਰ ਦਾ ਸਨਮਾਨ ਹਾਸਿਲ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਵੈਟਨਰੀ ਕਾਊਂਸਲ ਆਫ ਇੰਡੀਆ (Veterinary Council of India) ਵੱਲੋਂ ਗਡਵਾਸੂ ਦੇ ਉਪ-ਕੁਲਪਤੀ ਨੂੰ 'Distinguished Veterinarian of India' ਅਵਾਰਡ ਨਾਲ ਨਿਵਾਜਿਆ ਗਿਆ ਹੈ।
ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਕੌਮੀ ਪੱਧਰ ’ਤੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਸ਼੍ਰੀ ਪਰਸ਼ੋਤਮ ਰੁਪਾਲਾ, ਕੇਂਦਰੀ ਮੰਤਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਉਨ੍ਹਾਂ ਨੂੰ ਡਾ. ਉਮੇਸ਼ ਚੰਦਰ, ਪ੍ਰਧਾਨ, ਵੈਟਨਰੀ ਕਾਊਂਸਲ ਆਫ ਇੰਡੀਆ, ਡਾ. ਸੰਜੀਵ ਕੁਮਾਰ ਬਾਲਿਆਨ, ਕੇਂਦਰੀ ਰਾਜ ਮੰਤਰੀ, ਡਾ. ਬੀ. ਐਨ. ਤ੍ਰਿਪਾਠੀ, ਉਪ - ਮਹਾਂ ਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਡਾ. ਅਭਿਜੀਤ ਮਿਤਰਾ, ਪਸ਼ੂ ਪਾਲਣ ਕਮਿਸ਼ਨਰ, ਭਾਰਤ ਸਰਕਾਰ ਦੀ ਮੌਜੂਦਗੀ ਵਿੱਚ ਇਹ ਸਨਮਾਨ ਦਿੱਤਾ।
ਇਹ ਵੀ ਪੜ੍ਹੋ : Punjab Vidhan Sabha Speaker ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ
ਜ਼ਿਕਰਯੋਗ ਹੈ ਕਿ ਪਹਿਲੀ ਵਾਰ ਆਯੋਜਿਤ ਕੀਤੇ ਗਏ ਇਸ ਰਾਸ਼ਟਰੀ ਪੱਧਰ ਦੇ ਵੱਡੇ ਸਮਾਰੋਹ ਵਿੱਚ ਦੇਸ਼ ਭਰ ਤੋਂ 1200 ਵੈਟਨਰੀ ਪੇਸ਼ੇਵਰਾਂ ਨੇ ਹਿੱਸਾ ਲਿਆ। ਵਿਸ਼ਵ ਵੈਟਨਰੀ ਦਿਵਸ ਦੇ ਸੰਦਰਭ ਵਿੱਚ ਕੀਤੇ ਗਏ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜਾਨਵਰਾਂ ਅਤੇ ਮਨੁੱਖੀ ਸਿਹਤ ਲਈ ਕਾਰਜਸ਼ੀਲ ਵੈਟਨਰੀ ਪੇਸ਼ੇਵਰਾਂ ਦੀ ਭੂਮਿਕਾ ਨੂੰ ਪਛਾਨਣਾ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ ਦੇ ਵਿਸ਼ਵ ਵੈਟਨਰੀ ਦਿਵਸ ਦਾ ਵਿਸ਼ਾ ’ਵੈਟਨਰੀ ਪੇਸ਼ੇ ਵਿੱਚ ਵਿਭਿੰਨਤਾ, ਸਮਾਨਤਾ ਅਤੇ ਸਾਂਝ ਨੂੰ ਉਤਸਾਹਿਤ ਕਰਨਾ’ ਸੀ। ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਆਯੋਜਿਤ ’ਇੱਕ ਸਿਹਤ, ਜੰਗਲੀ ਜੀਵ ਸੁਰੱਖਿਆ ਅਤੇ ਪ੍ਰਬੰਧਨ ਲਈ ਵੈਟਨਰੀ ਯੋਗਦਾਨ ਅਤੇ ਭਾਰਤੀ ਫੌਜ ਵਿੱਚ ਵੈਟਨਰੀ ਡਾਕਟਰਾਂ ਦੀ ਭੂਮਿਕਾ ਵਿਸੇ ਬਾਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ।
ਇਹ ਵੀ ਪੜ੍ਹੋ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਮਿਲਿਆ ਨੰਬਰ-1 ਦਾ ਦਰਜਾ
ਡਾ. ਇੰਦਰਜੀਤ ਸਿੰਘ ਨੇ ਆਪਣੇ ਇਸ ਸਨਮਾਨ ਨੂੰ ਸਾਰੇ ਵੈਟਨਰੀ ਭਾਈਚਾਰੇ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਅਤੇ ਪਸ਼ੂ ਪਾਲਣ ਵਿਭਾਗ, ਪੰਜਾਬ ਦਾ ਜਿਕਰਯੋਗ ਯੋਗਦਾਨ ਹੈ ਕਿਉਂਕਿ ਉਹ ਇਨ੍ਹਾਂ ਦੋਵਾਂ ਅਦਾਰਿਆਂ ਨਾਲ ਗਹਿਰੇ ਤੌਰ ’ਤੇ ਜੁੜੇ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਨੰਬਰ-1 ਦਾ ਦਰਜਾ ਮਿਲਿਆ ਸੀ। Research.com (ਰਿਸਰਚ.ਕਾਮ) ਨੇ ਮਾਈਕ੍ਰੋਸਾਫ਼ਟ ਅਕਾਦਮਿਕ ਗ੍ਰਾਫ ਤੋਂ ਇਕੱਤਰ ਕੀਤੇ ਡਾਟੇ ਦੇ ਆਧਾਰ ’ਤੇ ਭਾਰਤ ਦੀ ਸਰਵਉੱਤਮ ਪਸ਼ੂ ਵਿਗਿਆਨ ਅਤੇ ਵੈਟਨਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਸੀ। ਆਲਮੀ ਪੱਧਰ ’ਤੇ ਵੈਟਨਰੀ ਯੂਨੀਵਰਸਿਟੀ ਨੂੰ 213ਵਾਂ ਸਥਾਨ ਪ੍ਰਾਪਤ ਹੋਇਆ ਸੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: VC of Veterinary University received the 'Distinguished Veterinarian of India' Award