Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਵਿਚ ਹਿੱਸਾ ਲਿਆ ਅਤੇ ਪੰਜ ਵਿਭਿੰਨ ਮੁਕਾਬਲਿਆਂ ਵਿੱਚ ਇਨਾਮ ਹਾਸਿਲ ਕਰਕੇ ਯੂਨੀਵਰਸਿਟੀ ਲਈ ਨਾਮਣਾ ਖੱਟਿਆ।
ਦੱਸ ਦੇਈਏ ਕਿ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਬਹਿਸ ਮੁਕਾਬਲੇ ਵਿਚ ਦੂਸਰਾ, ਗਿੱਧਾ ਮੁਕਾਬਲਾ ਵਿੱਚ ਦੂਸਰਾ, ਇੰਸਟਾਲੇਸ਼ਨ ਵਿਚ ਦੂਸਰਾ ਅਤੇ ਛੋਟੀ ਵੀਡੀਓ ਫ਼ਿਲਮ ਤਿਆਰ ਕਰਨ ਵਿਚ ਤੀਸਰਾ ਇਨਾਮ ਹਾਸਿਲ ਕੀਤਾ। ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ 26 ਤੋਂ 29 ਨਵੰਬਰ 2023 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।
ਡਾ. ਦੀਪਾਲੀ, ਯੂਨੀਵਰਸਿਟੀ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਵੈਟਨਰੀ ਯੂਨੀਵਰਸਿਟੀ ਦੇ 71 ਵਿਦਿਆਰਥੀਆਂ ਨੇ ਵੱਖੋ-ਵੱਖ ਮੁਕਾਬਲੇ ਜਿਵੇਂ ਭਾਸ਼ਣ, ਵਾਦ-ਵਿਵਾਦ, ਗਿੱਧਾ, ਵਿਰਾਸਤੀ ਕਲਾਵਾਂ, ਛੋਟੀ ਵੀਡੀਓ ਫ਼ਿਲਮ ਨਿਰਮਾਣ, ਮਮਿਕਰੀ, ਮਾਈਮ, ਇੰਸਟਾਲੇਸ਼ਨ, ਭੰਗੜਾ ਅਤੇ ਲੁੱਡੀ ਵਿਚ ਹਿੱਸਾ ਲਿਆ। ਇਸ ਯੁਵਕ ਮੇਲੇ ਵਿਚ 17 ਯੂਨੀਵਰਸਿਟੀਆਂ ਦੇ 2500 ਵਿਦਿਆਰਥੀਆਂ ਨੇ 50 ਵਿਭਿੰਨ ਮੁਕਾਬਲਿਆਂ ਵਿਚ ਆਪਣੀ ਕਲਾ ਅਤੇ ਕੌਸ਼ਲ ਦਾ ਮੁਜ਼ਾਹਰਾ ਕੀਤਾ। ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪੰਜਾਬ, ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਨੇ ਇਸ ਯੁਵਕ ਮੇਲੇ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ: Good News: ਪੰਜਾਬ ਦਾ ਪਹਿਲਾ ਡੇਅਰੀ ਪ੍ਰਫੁੱਲਤਾ ਕੇਂਦਰ ਡੇਅਰੀ ਉਦਯੋਗਿਕ ਤਕਨਾਲੋਜੀ ਕ੍ਰਾਂਤੀ ਦਾ ਬਣੇਗਾ ਧੁਰਾ
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਸਾਡੇ ਵਿਦਿਆਰਥੀ ਸਿੱਖਿਆ ਅਤੇ ਖੋਜ ਦੇ ਨਾਲ ਨਾਲ ਕਲਾਤਮਕ ਗਤੀਵਿਧੀਆਂ ਵਿਚ ਵੀ ਅਹਿਮ ਕਾਰਗੁਜ਼ਾਰੀ ਦਰਜ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਯੂਨੀਵਰਸਿਟੀ ਆਕਾਰ ਵਿਚ ਛੋਟੀ ਹੈ, ਵਿਦਿਆਰਥੀ ਦੀ ਗਿਣਤੀ ਘੱਟ ਹੈ ਪਰ ਸਾਡੇ ਵਿਦਿਆਰਥੀ ਹਰ ਮੰਚ ’ਤੇ ਜੇਤੂ ਰਹਿ ਕੇ ਸਾਡਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੀ ਪ੍ਰਸੰਸਾ ਕੀਤੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੰਚਾਂ ਰਾਹੀਂ ਵਿਦਿਆਰਥੀ ਨਾ ਸਿਰਫ ਕਲਾਤਮਕ ਹੁਨਰ ਸਿੱਖਦੇ ਹਨ ਸਗੋਂ ਜ਼ਿੰਦਗੀ ਦੇ ਪਾਠ ਵੀ ਪੜ੍ਹਦੇ ਹਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Vet Varsity students bring laurels at Punjab State Inter-Varsity Youth Festival