ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਕਾਲਜ ਦੀ ਅਲੂਮਨੀ ਜਥੇਬੰਦੀ ਵੱਲੋਂ ਇਕ ਅੰਤਰ-ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ 'ਡੇਅਰੀ ਤਕਨਾਲੋਜੀ ਦੇ ਖੇਤਰ ਵਿਚ ਭਵਿੱਖੀ ਸੰਭਾਵਨਾਵਾਂ'।ਇਹ ਵੈਬੀਨਾਰ ਡਾ. ਸੰਜੀਵ ਕੁਮਾਰ ਉੱਪਲ, ਡੀਨ, ਡੇਅਰੀ ਕਾਲਜ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ, ਡੀਨ, ਵੈਟਨਰੀ ਕਾਲਜ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਦੀ ਅਗਵਾਈ ਵਿਚ ਕਰਵਾਇਆ ਗਿਆ।ਇਸ ਵੈਬੀਨਾਰ ਦਾ ਮੰਤਵ ਡੇਅਰੀ ਤਕਨਾਲੋਜੀ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਵਿਦਿਅਕ ਅਤੇ ਰੁਜ਼ਗਾਰ ਮੌਕਿਆਂ ਸੰਬੰਧੀ ਭਾਰਤ ਅਤੇ ਦੂਸਰੇ ਮੁਲਕਾਂ ਵਿਚ ਪਾਈਆਂ ਜਾਂਦੀਆਂ ਸੰਭਾਵਨਾਵਾਂ ਪ੍ਰਤੀ ਦੱਸਣਾ ਸੀ।ਇਸ ਵੈਬੀਨਾਰ ਵਿਚ ਇਸ ਖੇਤਰ ਨਾਲ ਜੁੜੇ 90 ਵਿਦਿਆਰਥੀਆਂ ਨੇ ਹਿੱਸਾ ਲਿਆ।
ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਇਸ ਵਕਤ ਮੈਸੇ ਯੂਨੀਵਰਸਿਟੀ, ਨਿਊਜ਼ੀਲੈਂਡ ਵਿਖੇ ਪੀਐਚ.ਡੀ ਕਰ ਰਹੇ ਅਕਾਸ਼ਦੀਪ ਸਿੰਘ ਬੈਨੀਵਾਲ ਨੇ ਆਪਣੇ ਸੰਬੋਧਨ ਵਿਚ ਸਿੱਖਿਆ ਅਤੇ ਖੋਜ ਦੇ ਮੌਕਿਆਂ ਸੰਬੰਧੀ ਵਿਦੇਸ਼ਾਂ ਵਿਚ ਸੰਭਾਵਨਾਵਾਂ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਦੇਸ਼ੀ ਸੰਸਥਾਵਾਂ ਵਿਚ ਦਾਖਲਾ ਲੈਣ ਦਾ ਤਰੀਕਾ, ਜਰੂਰੀ ਨੇਮਾਂ ਅਤੇ ਵਜੀਫ਼ਿਆਂ ਬਾਰੇ ਜਾਣਕਾਰੀ ਦਿੱਤੀ।ਆਪਣੀ ਸਫ਼ਲਤਾ ਦੀ ਕਹਾਣੀ ਸੁਣਾਉਂਦਿਆਂ ਉਨ੍ਹਾਂ ਨੇ ਆਪਣੇ ਸਾਹਮਣੇ ਆਈਆਂ ਸਮੱਸਿਆਵਾਂ ਬਾਰੇ ਵੀ ਦੱਸਿਆ।ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵਿਦਿਆਰਥੀ ਨੂੰ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਹਰੇਕ ਪੱਖ ਤੋਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ।
ਕਾਲਜ ਦੇ ਇਕ ਹੋਰ ਪੁਰਾਣੇ ਵਿਦਿਆਰਥੀ ਪ੍ਰਿਤਪਾਲ ਸਿੰਘ ਜੋ ਕਿ ਇਸ ਵਕਤ ਮਿਲਕਫੈਡ, ਮੋਹਾਲੀ ਵਿਖੇ ਸੇਵਾ ਨਿਭਾ ਰਹੇ ਹਨ ਨੇ ਭਾਰਤ ਵਿਚ ਵੱਖੋ-ਵੱਖਰੇ ਉਦਯੋਗਾਂ ਅਤੇ ਸੰਸਥਾਵਾਂ ਵਿਚ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਚਰਚਾ ਕੀਤੀ।ਉਨ੍ਹਾਂ ਨੇ ਕਿਹਾ ਕਿ ਡੇਅਰੀ ਖੇਤਰ ਤੋਂ ਇਲਾਵਾ ਖਾਧ ਪਦਾਰਥ ਉਦਯੋਗ, ਦਵਾਈ ਕੰਪਨੀਆਂ, ਸਮੱਗਰੀ ਮੁਹੱਈਆ ਕਰਨ ਵਾਲੇ ਕਿੱਤੇ ਅਤੇ ਨਿਰਮਾਣ ਉਦਯੋਗ ਵਿਚ ਵੀ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਹਨ।
ਵੈਬੀਨਾਰ ਵਿਚ ਇਕ ਸੁਆਲਾਂ ਜਵਾਬਾਂ ਦਾ ਸੈਸ਼ਨ ਵੀ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਦੀਆਂ ਜਗਿਆਸਾਵਾਂ ਨੂੰ ਹੱਲ ਕੀਤਾ ਗਿਆ।ਇਸ ਵੈਬੀਨਾਰ ਦੇ ਆਯੋਜਨ ਵਿਚ ਇੰਜ: ਗੁਰਸ਼ਰਨ ਸਿੰਘ, ਸਹਾਇਕ ਪ੍ਰੋਫੈਸਰ ਅਤੇ ਅਲੂਮਨੀ ਜਥੇਬੰਦੀ ਦੇ ਪ੍ਰਧਾਨ, ਵੀਨਸ ਬਾਂਸਲ, ਸਹਾਇਕ ਪ੍ਰੋਫੈਸਰ ਅਤੇ ਅਲੂਮਨੀ ਜਥੇਬੰਦੀ ਦੇ ਜਨਰਲ ਸਕੱਤਰ ਅਤੇ ਸੰਸਥਾ ਵਿਕਾਸ ਯੋਜਨਾ ਦੇ ਟੀਮ ਮੈਂਬਰ ਡਾ. ਵਰਿੰਦਰਪਾਲ ਸਿੰਘ ਨੇ ਭਰਪੂਰ ਯੋਗਦਾਨ ਪਾਇਆ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University Holds International Webinar on 'Future Prospects in Dairy Technology'