Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਆਪਣੀ ਮੌਜੂਦਗੀ ਦਰਜ ਕੀਤੀ ਹੈ।
ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਨੇ ਦੱਸਿਆ ਕਿ ਇਸ ਕਾਲਜ ਦੇ 23 ਵਿਦਿਆਰਥੀ, ਡੇਅਰੀ ਵਿਕਾਸ ਵਿਭਾਗ ਪੰਜਾਬ ਵਿਚ ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ II ਦੇ ਤੌਰ ’ਤੇ ਚੁਣ ਲਏ ਗਏ ਹਨ।
ਇਹ ਚੋਣ ਸੁਬਾਰਡੀਨੇਟ ਸਿਲੈਕਸ਼ਨ ਸਰਵਿਸ ਬੋਰਡ, ਪੰਜਾਬ ਵੱਲੋਂ ਕੀਤੀ ਗਈ ਸੀ ਜਿਸ ਵਿਚ ਲਿਖਤੀ ਪ੍ਰੀਖਿਆ ਰਾਹੀਂ ਵਿਦਿਆਰਥੀਆਂ ਦੀ ਯੋਗਤਾ, ਕੌਸ਼ਲ ਮੁਹਾਰਤ ਅਤੇ ਪ੍ਰਦਰਸ਼ਨ ਦਾ ਪ੍ਰੀਖਣ ਕੀਤਾ ਗਿਆ। ਇਸ ਭਰਤੀ ਪ੍ਰਕਿਰਿਆ ਵਿਚ 25 ਅਸਾਮੀਆਂ ’ਤੇ ਚੋਣ ਵਾਸਤੇ ਵਿਭਿੰਨ ਸੰਸਥਾਵਾਂ ਤੋਂ 71 ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਡਾ. ਸੇਠੀ ਨੇ ਦੱਸਿਆ ਕਿ ਇਹ ਕਾਲਜ ਬੀ.ਟੈਕ., ਐਮ. ਟੈਕ. ਅਤੇ ਪੀਐਚ.ਡੀ ਸਿੱਖਿਆ ਕੋਰਸਾਂ ਰਾਹੀਂ ਡੇਅਰੀ ਖੇਤਰ ਵਿਚ ਕੌਸ਼ਲ ਮੁਹਾਰਤ ਵਾਲੇ ਪੇਸ਼ੇਵਰ ਤਿਆਰ ਕਰ ਰਿਹਾ ਹੈ। ਸੰਸਥਾ, ਸਿੱਖਿਆ ਦੇ ਮਾਧਿਅਮ ਰਾਹੀਂ ਸੂਬੇ ਵਿਚ ਵਧੀਆ ਵਿਦਿਆਰਥੀ ਪੈਦਾ ਕਰਨ ਲਈ ਵਚਨਬੱਧ ਹੈ। ਇਹ ਵਿਦਿਆਰਥੀ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਸੇਵਾਵਾਂ ਦੇਣ ਲਈ ਪੂਰਨ ਸਮਰੱਥ ਹੁੰਦੇ ਹਨ।
ਇਹ ਵੀ ਪੜ੍ਹੋ : GADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਾਲਜ ਦੇ ਇਨ੍ਹਾਂ ਵਿਦਿਆਰਥੀਆਂ ਦੀ ਪ੍ਰਾਪਤੀ ਸੰਬੰਧੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਨਾਲ ਪਤਾ ਲਗਦਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਕ ਵਿਦਿਆ ਪ੍ਰਦਾਨ ਕਰ ਰਹੇ ਹਾਂ।
ਉਨ੍ਹਾਂ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਵਾਸਤੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਕਾਲਜ ਆਪਣੇ ਉੱਚ ਮਾਪਦੰਡਾਂ ਨੂੰ ਹੋਰ ਬਿਹਤਰ ਕਰਦਿਆਂ ਹੋਇਆਂ ਭਵਿੱਖ ਵਿਚ ਵੀ ਅਜਿਹੀਆਂ ਪ੍ਰਾਪਤੀ ਲਈ ਯਤਨਸ਼ੀਲ ਰਹੇਗਾ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Veterinary University Students outshine in Government Placement Drive