Punjab Success Story: ਅੱਜ ਦੇ ਸਮੇਂ ਵਿੱਚ ਪੰਜਾਬ ਅੰਦਰ ਖੇਤੀ ਕਿੱਤੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਸਿਰਫ ਫਸਲ ਬੀਜ ਕੇ ਜਾਂ ਖੇਤੀ ਤੇ ਨਿਰਭਰ ਕਰਕੇ ਖੁਸ਼ਹਾਲ ਕਿਸਾਨ ਬਣਨਾ ਬਹੁਤ ਔਖਾ ਹੈ। ਅੱਜ ਪੰਜਾਬ ਅੰਦਰ ਬਹੁਤ ਘੱਟ ਲੋਕਾਂ ਦਾ ਰੁਜਾਨ ਖੇਤੀ ਵੱਲ ਰਹਿ ਗਿਆ ਹੈ।
ਖੇਤੀ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਭੂਮਿਕਾ ਦੀ ਬਹੁਤ ਅਹਿਮ ਰੋਲ ਅਦਾ ਕਰਦੀ ਹੈ। ਜੇਕਰ ਅਸੀ ਕਹੀਏ ਕਿ ਇਕੱਲਾ ਆਦਮੀ ਘਰ ਦਾ ਖਰਚਾ ਚਲਾਏ ਤਾਂ ਅੱਜ ਦੇ ਸਮੇਂ ਵਿੱਚ ਬਹੁਤ ਔਖਾ ਹੈ। ਕਿਸਾਨ ਬੀਬੀਆਂ ਨੂੰ ਵੀ ਉਨ੍ਹਾਂ ਨਾਲ ਰਲ ਕੇ ਖੇਤੀ ਤੋਂ ਬਿਨਾਂ ਸਹਾਇਕ ਕਿੱਤਿਆਂ ਨਾਲ ਜੁੜਨਾ ਚਾਹੀਦਾ ਹੈ।
ਅੱਜ ਅਸੀ ਗੱਲ ਕਰਾਂਗੇ ਇਸੇ ਤਰ੍ਹਾਂ ਦੀ ਇੱਕ ਕਿਸਾਨ ਬੀਬੀ ਜਿਸਦਾ ਨਾਮ ਜਸਵੀਰ ਕੌਰ ਹੈ। ਜਸਵੀਰ ਕੌਰ ਅਤੇ ਉਸਦੀ ਭੈਣ ਮਨਜੀਤ ਕੌਰ, ਪਿਤਾ ਦਾ ਨਾਮ ਹਾਕਮ ਸਿੰਘ ਪਿੰਡ ਮਚਾਕੀ ਮੱਲ ਸਿੰਘ ਜ਼ਿਲ੍ਹਾ ਫਰੀਦਕੋਟ ਦੀਆਂ ਵਸਨੀਕ ਹਨ। ਘਰ ਦੇ ਕੁੱਝ ਇਹੋ ਜਿਹੇ ਹਲਾਤਾਂ ਨੇ ਉਨ੍ਹਾਂ ਨੂੰ ਖੇਤੀ ਨਾਲ ਜੋੜ ਦਿੱਤਾ। ਉਹ ਆਪਣੇ ਘਰ ਵਿੱਚ ਇਕੱਲੀਆਂ ਔਰਤਾਂ ਹਨ। ਉਨ੍ਹਾਂ ਦੀਆਂ ਇਸੇ ਤਰ੍ਹਾਂ ਦੋ ਬੱਚੀਆਂ ਜਸਪ੍ਰੀਤ ਕੌਰ ਅਤੇ ਅਮਨਦੀਪ ਕੌਰ ਹਨ। ਇਨ੍ਹਾਂ ਬੱਚੀਆਂ ਨੂੰ ਉਨ੍ਹਾਂ ਨੇ ਖੇਤੀ ਦੇ ਨਾਲ-ਨਾਲ ਪੜਾਈ ਵੀ ਕਰਵਾਈ ਹੈ। ਅੱਜ ਉਨ੍ਹਾਂ ਭੈਣਾਂ ਦੀਆਂ ਦੋਨੋ ਬੱਚੀਆਂ ਗਰੇਜੂਏਸ਼ਨ ਕਰ ਚੁੱਕੀਆਂ ਹਨ। ਮਾਤਾ ਜਸਵੀਰ ਕੌਰ ਦੀ ਉਮਰ 55 ਸਾਲ ਹੈ ਉਹ ਪਿਛਲੇ 18-19 ਸਾਲ ਤੋਂ ਖੁਦ ਖੇਤੀ ਕਰ ਰਹੇ ਹਨ। ਉਹ ਖੇਤੀ ਦੇ ਸਾਰੇ ਕੰਮ ਆਪਣੇ ਹੱਥੀ ਕਰਦੇ ਹਨ। ਉਨ੍ਹਾਂ ਕੋਲ ਪਿਤਾ ਦੀ 4 ਏਕੜ ਦੇ ਕਰੀਬ ਜਮੀਨ ਹੈ। ਜਸਵੀਰ ਕੌਰ ਨੇ ਪਿਛਲੇ ਕਾਫੀ ਲੰਬੇ ਸਮੇਂ ਤੋ ਪਾਣੀ ਬਚਾਓ ਮੁਹਿੰਮ ਨਾਲ ਜੁੜਦਿਆਂ ਝੋਨੇ ਦੀ ਜਗ੍ਹਾ ਨਰਮੇ-ਕਪਾਹ ਦੀ ਖੇਤੀ ਸ਼ੁਰੂ ਕੀਤੀ ਹੈ। ਉਨ੍ਹਾਂ 1 ਏਕੜ ਨਰਮੇ ਦੀ ਬਿਜਾਈ ਤੋਂ ਸ਼ੁਰੂ ਹੋ ਕੇ ਅੱਜ ਬਿਲਕੁਲ ਝੋਨਾ ਲਾਉਣਾ ਬੰਦ ਕਰ ਦਿੱਤਾ ਹੈ।
ਉਨ੍ਹਾਂ ਨੇ ਸਮੇਂ-ਸਮੇਂ 'ਤੇ ਖੇਤੀਬਾੜੀ ਵਿਭਾਗ ਫਰੀਦਕੋਟ ਤੇ ਆਤਮਾ ਫਰੀਦਕੋਟ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਕਾਫੀ ਹੱਦ ਤੱਕ ਸਫਲ ਕੀਤਾ ਹੈ। ਜਸਵੀਰ ਕੌਰ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਕੋਲ ਇਸ ਸਮੇਂ 7 ਪਸ਼ੂ ਹਨ। ਜਿੰਨਾਂ ਤੋਂ ਉਹ ਆਪਣੇ ਘਰ ਤੇ ਖੇਤੀ ਦਾ ਖਰਚਾ ਉਠਾਉਂਦੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀਆਂ ਬੱਚੀਆਂ ਵੀ ਸਿਲਾਈ ਕਢਾਈ, ਪਸ਼ੂਆਂ ਦੀ ਦੇਖ ਰੇਖ ਦਾ ਕੰਮ ਕਰਦੀਆਂ ਹਨ। ਮਨਜੀਤ ਕੌਰ ਖੇਤੀ ਨਾਲ ਸਬੰਧਤ ਸਾਰੇ ਕੰਮ ਪੜੇ ਲਿਖੇ ਬੱਚਿਆਂ ਦੀ ਮਦਦ ਨਾਲ ਆਪ ਕਰਦੇ ਹਨ। ਉਨ੍ਹਾਂ ਆੜਤ ਤੇ ਦਵਾਈ, ਬੀਜ਼, ਖਾਦ ਵੀ ਆਪ ਕੋਟਕਪੂਰਾ ਤੋਂ ਖਰੀਦ ਕਰਦੇ ਹਨ।
ਕਿਸਾਨ ਵੀਰੋ ਅਤੇ ਕਿਸਾਨ ਬੀਬੀਓਂ ਅੱਜ ਲੋੜ ਹੈ ਸਾਨੂੰ ਵੀ ਮਾਤਾ ਜਸਵੀਰ ਕੌਰ ਜੀ ਵਾਂਗ ਖੇਤੀ ਨਾਲ ਜੁੜਨ ਦੀ ਕਿਉਂਕਿ ਉਨ੍ਹਾਂ ਸਾਬਤ ਕੀਤਾ ਹੈ ਕਿ ਔਰਤਾਂ ਵੀ ਕਿਸੇ ਤਰ੍ਹਾਂ ਨਾਲ ਮਰਦਾਂ ਨਾਲੋਂ ਪਿੱਛੇ ਨਹੀ ਹਨ। ਆਓ ਆਪਾਂ ਇਨ੍ਹਾਂ ਮਹਾਨ ਕਿਸਾਨ ਬੀਬੀਆਂ ਤੋਂ ਪ੍ਰੇਰਨਾ ਲਈਏ ਤੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਈਏ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Farmer women of District Faridkot of Punjab are a good example of Women Empowerment, involved in agriculture as well as animal husbandry.