1. Home
  2. ਸਫਲਤਾ ਦੀਆ ਕਹਾਣੀਆਂ

District Faridkot ਦੇ ਇਸ ਕਿਸਾਨ ਤੋਂ ਸਿੱਖੋ ਬਾਗਬਾਨੀ ਦੇ ਤਕਨੀਕੀ ਢੰਗ, Green Manure ਰਾਹੀਂ ਕੀਤੀ ਮੁਨਾਫ਼ੇ ਦੀ ਖੇਤੀ, ਖੇਤੀਬਾੜੀ ਅਤੇ ਬਾਗ਼ਬਾਨੀ ਲਈ ਅਪਣਾਇਆ Organic Method

ਗੁਰਰਾਜ ਸਿੰਘ ਵਿਰਕ ਕਿਨੂੰ ਦੀ ਬਾਗਬਾਨੀ ਨੂੰ ਬਹੁਤ ਹੀ ਤਕਨੀਕੀ ਢੰਗ ਨਾਲ ਕਰਦਾ ਹੈ। 1983 ਵਿੱਚ ਇਸ ਬਾਗ਼ ਨੂੰ 700 ਰੁੱਖਾਂ ਤੋਂ ਸ਼ੂਰੂ ਕੀਤਾ ਅਤੇ ਅੱਜ ਲਗਭਗ 3700 ਰੁੱਖ ਗੁਰਰਾਜ ਸਿੰਘ ਵਿਰਕ ਦੇ ਬਾਗ਼ ਵਿੱਚ ਲੱਗੇ ਹੋਏ ਹਨ ਜੋ ਕਿ ਅੱਜ ਵੀ ਭਰਪੂਰ ਫਲ ਦੇ ਰਹੇ ਹਨ। ਕਿਨੂੰ ਦਾ ਮੰਡੀਕਰਨ ਇਹ ਸਾਰੇ ਪੰਜਾਬ ਵਿੱਚ ਕਰਦਾ ਹੈ। ਦੱਸ ਦੇਈਏ ਕਿ ਗੁਰਰਾਜ ਸਿੰਘ ਵਿਰਕ ਆਪਣੀ ਸਾਰੀ ਦੀ ਸਾਰੀ ਖੇਤੀਬਾੜੀ ਅਤੇ ਬਾਗ਼ਬਾਨੀ ਨੂੰ ਪੂਰੀ ਤਰਾਂ ਨਾਲ ਜੈਵਿਕ ਢੰਗ ਨਾਲ ਕਰਦਾ ਹੈ, ਜਿਸ ਨਾਲ ਅੱਜ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ।

Gurpreet Kaur Virk
Gurpreet Kaur Virk
ਜ਼ਿਲ੍ਹਾ ਫ਼ਰੀਦਕੋਟ ਦੇ ਇਸ ਕਿਸਾਨ ਤੋਂ ਸਿੱਖੋ ਬਾਗਬਾਨੀ ਦੇ ਤਕਨੀਕੀ ਢੰਗ

ਜ਼ਿਲ੍ਹਾ ਫ਼ਰੀਦਕੋਟ ਦੇ ਇਸ ਕਿਸਾਨ ਤੋਂ ਸਿੱਖੋ ਬਾਗਬਾਨੀ ਦੇ ਤਕਨੀਕੀ ਢੰਗ

Success Story: ਪੰਜਾਬ ਦੀ ਧਰਤੀ ਖੇਤੀ ਕਰਨ ਲਈ ਸਭ ਤੋਂ ਜਰਖ਼ੇਜ਼ ਮੰਨੀ ਜਾਂਦੀ ਹੈ। ਹਰ ਤਰਾਂ ਦੀ ਫ਼ਸਲ ਇਸ ਮਿੱਟੀ ਵਿੱਚ ਬੜੀ ਹੀ ਸਫ਼ਲਤਾ ਨਾਲ ਉਗਾਈ ਜਾ ਸਕਦੀ ਹੈ। ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਖੇਤੀ ਕਰਕੇ ਹੀ ਆਪਣੀ ਪਹਿਚਾਣ ਬਣਾਈ ਅਤੇ ਪੂਰੀ ਦੁਨੀਆਂ ਵਿੱਚ ਆਪਣੀ ਕਾਮਯਾਬੀ ਦਾ ਪਰਚਮ ਲਹਿਰਾਇਆ ਹੈ।

ਅਜਿਹਾ ਹੀ ਇੱਕ ਕਿਸਾਨ ਅਤੇ ਬਾਗ਼ਬਾਨ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕੋਟਕਪੁਰਾ ਦਾ ਵਸਨੀਕ ਗੁਰਰਾਜ ਸਿੰਘ ਵਿਰਕ। ਆਓ ਜਾਣਦੇ ਹਾਂ ਇਸ ਸਫ਼ਲ ਕਿਸਾਨ ਦੀ ਕਾਮਯਾਬੀ ਦੀ ਕਹਾਣੀ...

ਖੇਤੀਬਾੜੀ ਅਤੇ ਬਾਗਬਾਨੀ

ਮਾਤਾ ਸਰਦਾਰਨੀ ਮਹਿੰਦਰ ਕੌਰ ਵਿਰਕ ਤੇ ਪਿਤਾ ਸਰਦਾਰ ਸਵਰਨ ਸਿੰਘ ਵਿਰਕ ਦੇ ਘਰ ਪੈਦਾ ਹੋਇਆ ਗੁਰਰਾਜ ਸਿੰਘ ਵਿਰਕ ਆਪਣੀ ਕੁਲ 42 ਏਕੜ ਜ਼ਮੀਨ ਵਿੱਚੋਂ 20 ਏਕੜ ਜ਼ੰਮੀਨ ਵਿੱਚ ਸਧਾਰਨ ਖੇਤੀਬਾੜੀ ਅਤੇ ਬਾਕੀ ਬਚੀ ਜ਼ਮੀਨ ਵਿੱਚ ਕਿਨੂੰ ਦੀ ਬਾਗਬਾਨੀ ਕਰ ਰਿਹਾ ਹੈ। 1975 ਵਿੱਚ ਗੁਰਰਾਜ ਸਿੰਘ ਵਿਰਕ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇੱਕ ਸਾਲ ਦਾ ਖੇਤੀ ਸਿਖਲਾਈ ਕੋਰਸ ਕੀਤਾ ਅਤੇ ਆਪਣੀ ਤਕਨੀਕੀ ਖੇਤੀ ਦੀ ਸ਼ੁਰੂਆਤ ਕੀਤੀ।

ਇਨ੍ਹਾਂ ਸਬਜ਼ੀਆਂ-ਫੱਲਾਂ ਦੀ ਕਾਸ਼ਤ

ਸਧਾਰਨ ਖੇਤੀ ਵਿੱਚ ਗੁਰਰਾਜ ਸਿੰਘ ਵਿਰਕ ਕਣਕ, ਝੋਨਾ, ਮੱਕੀ, ਬਰਸੀਮ, ਚੱਰੀ, ਸਰੋਂ, ਛੋਲੇ, ਮੂੰਗੀ, ਮਸਰ ਆਦਿ ਦੀ ਕਾਸ਼ਤ ਕਰਦਾ ਹੈ ਅਤੇ ਘਰੇਲੂ ਪੱਧਰ ਤੇ ਸਬਜ਼ੀਆਂ ਦੀ ਵੀ ਕਾਸ਼ਤ ਕਰਦਾ ਹੈ ਜਿਸ ਵਿੱਚ ਗਾਜਰ, ਮਟਰ, ਪਿਆਜ਼, ਲੱਸਣ, ਮੂੰਗਰੇ, ਫੁੱਲ ਗੋਭੀ, ਬੰਦ ਗੋਭੀ, ਬਰੌਕਲੀ, ਚੁਕੰਦਰ, ਮੇਥੀ, ਮੇਥੇ, ਧਨੀਆਂ, ਪਾਲਕ, ਸਰੋਂ ਦਾ ਸਾਗ, ਮੂਲੀ, ਸ਼ਲਗਮ, ਚੱਪਣ ਕੱਦੂ, ਟੀਂਡਾ, ਗੁਆਰੇ ਦੀਆਂ ਫਲੀਆਂ, ਰਵਾਂਹ, ਭਿੰਡੀ, ਤੋਰੀ, ਕਰੇਲਾ, ਝਾੜ ਕਰੇਲਾ, ਖਰਬੂਜਾ, ਹਦਵਾਣਾ, ਪੇਠਾ, ਤਰ ਆਦਿ ਹਨ। ਕਿਨੂੰ ਦੇ ਬਾਗ਼ ਤੋਂ ਇਲਾਵਾ ਗੁਰਰਾਜ ਸਿੰਘ ਵਿਰਕ ਨੇ ਘਰੇਲੂ ਪੱਧਰ ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਨਾਂ ਵਿੱਚ ਡੇਜ਼ੀ ਕਿਨੂੰ, ਮੁਸੱਮੀ, ਮਾਲਟਾ, ਚਕੋਦਰਾ, ਨਿੰਬੂ, ਚੀਕੂ, ਜਾਮਣ, ਅਮਰੂਦ, ਫ਼ਾਲਸਾ, ਅੰਬ ਆਦਿ ਹਨ। ਇਸ ਤੋਂ ਇਲਾਵਾ ਕਈ ਦਵਾਈਆਂ ਵਾਲੇ ਬੂਟੇ ਵੀ ਲਗਾਏ ਹੋਏ ਹਨ। ਘਰੇਲੂ ਵਰਤੋਂ ਲਈ ਇੱਕ ਗਾਂ ਵੀ ਪਾਲੀ ਹੋਈ ਹੈ ਜਿਸ ਦਾ ਦੁੱਧ ਘਰੇਲੂ ਪੱਧਰ ਤੇ ਵਰਤਿਆ ਜਾਂਦਾ ਹੈ।

ਕਿਨੂੰ ਦੀ ਬਾਗਬਾਨੀ ਦਾ ਤਕਨੀਕੀ ਢੰਗ

ਗੁਰਰਾਜ ਸਿੰਘ ਵਿਰਕ ਕਿਨੂੰ ਦੀ ਬਾਗਬਾਨੀ ਨੂੰ ਬਹੁਤ ਹੀ ਤਕਨੀਕੀ ਢੰਗ ਨਾਲ ਕਰਦਾ ਹੈ। 1983 ਵਿੱਚ ਇਸ ਬਾਗ਼ ਨੂੰ 700 ਰੁੱਖਾਂ ਤੋਂ ਸ਼ੂਰੂ ਕੀਤਾ ਅਤੇ ਅੱਜ ਲਗਭਗ 3700 ਰੁੱਖ ਗੁਰਰਾਜ ਸਿੰਘ ਵਿਰਕ ਦੇ ਬਾਗ਼ ਵਿੱਚ ਲੱਗੇ ਹੋਏ ਹਨ ਜੋ ਕਿ ਅੱਜ ਵੀ ਭਰਪੂਰ ਫਲ ਦੇ ਰਹੇ ਹਨ। ਕਿਨੂੰ ਦਾ ਮੰਡੀਕਰਨ ਇਹ ਸਾਰੇ ਪੰਜਾਬ ਵਿੱਚ ਕਰਦਾ ਹੈ। ਕਰੋਨਾ ਸਮੇਂ ਦੌਰਾਨ ਗੁਰਰਾਜ ਸਿੰਘ ਵਿਰਕ ਨੇ ਕਿਨੂੰ ਦੀ ਆਨਲਾਈਨ ਮੰਡੀਕਾਰੀ ਸ਼ੁਰੂ ਕੀਤੀ ਅਤੇ ਵਧੇਰੇ ਲਾਭ ਪ੍ਰਾਪਤ ਕੀਤਾ।

ਹਰੀ ਖਾਦ ਦੀ ਵਰਤੋਂ

ਗੁਰਰਾਜ ਸਿੰਘ ਵਿਰਕ ਆਪਣੇ ਕਿਨੂੰ ਦੇ ਬਾਗ਼ ਵਿੱਚ ਹਰੀ ਖਾਦ ਦੇ ਵਜੋਂ ਛੋਲੇ, ਸਰੋਂ, ਤਾਰਾਮੀਰਾ, ਤੋਰੀਆ, ਪਾਲਕ, ਸ਼ਲਗਮ, ਮੇਥੀ, ਮੇਥੇ ਆਦਿ ਦੀ 2 ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਹਰੀ ਖਾਦ ਵਜੋਂ ਜ਼ਮੀਨ ਵਿੱਚ ਮਿਲਾ ਦਿੰਦਾ ਹੈ ਜਿਸ ਨਾਲ ਬਾਗ਼ ਦੀ ਜ਼ਮੀਨ ਵਿੱਚ ਕਈ ਤਰਾਂ ਦੇ ਪੌਸ਼ਟਿਕ ਤੱਤਾਂ ਵਿੱਚ ਵਾਧਾ ਹੁੰਦਾ ਹੈ। ਗੁਰਰਾਜ ਸਿੰਘ ਵਿਰਕ ਆਪਣੀ ਸਾਰੀ ਦੀ ਸਾਰੀ ਖੇਤੀਬਾੜੀ ਅਤੇ ਬਾਗ਼ਬਾਨੀ ਨੂੰ ਪੂਰੀ ਤਰਾਂ ਨਾਲ ਜੈਵਿਕ ਢੰਗ ਨਾਲ ਕਰਦਾ ਹੈ।

ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਈ

ਗੁਰਰਾਜ ਸਿੰਘ ਵਿਰਕ ਨੇ ਸ਼ੁਰੂ ਤੋਂ ਹੀ ਝੋਨੇ ਦੀ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਈ ਅਤੇ ਇਸ ਨੂੰ ਜ਼ਰੂਰਤ ਅਨੁਸਾਰ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਜ਼ਮੀਨ ਵਿੱਚ ਹੀ ਵਾਹਿਆ ਹੈ। ਇਸ ਉਪਰਾਲੇ ਕਰਕੇ ਗੁਰਰਾਜ ਸਿੰਘ ਵਿਰਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੇ ਮਾਨਗ਼ੋਗ ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸਮੇਂ ਤੇ ਸਨਮਾਨਤ ਵੀ ਕੀਤਾ ਜਾਂਦਾ ਰਹਿੰਦਾ ਹੈ। ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਗੁਰਰਾਜ ਸਿੰਘ ਵਿਰਕ ਟਿਊਬਵੈੱਲ ਅਤੇ ਨਹਿਰਾਂ ਦੇ ਪਾਣੀ ਦੀ ਵਰਤੋਂ ਬੜੇ ਹੀ ਸੁਚੱਜੇ ਢੰਗ ਨਾਲ ਕਰਦਾ ਹੈ।

ਕਿਸਾਨ ਦਾ ਸਨਮਾਨ

ਗੁਰਰਾਜ ਸਿੰਘ ਵਿਰਕ ਨੂੰ ਉਸ ਦੀ ਸਫ਼ਲ ਖੇਤੀਬਾੜੀ ਅਤੇ ਬਾਗ਼ਬਾਨੀ ਲਈ ਬਾਗਬਾਨੀ ਵਿਭਾਗ ਫ਼ਰੀਦਕੋਟ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ, ਭੂਮੀ ਅਤੇ ਜਲ ਸੰਭਾਲ ਵਿਭਾਗ ਫ਼ਰੀਦਕੋਟ, ਅਤੇ ਹੋਰ ਕਈ ਸਰਕਾਰੀ ਅਤੇ ਗ਼ੈਰਸਰਕਾਰੀ ਵਿਭਾਗਾਂ ਦਾ ਪੂਰਾ ਸਹਿਯੋਗ ਮਿਲਦਾ ਹੈ। ਬਾਗ਼ਬਾਨੀ ਵਿੱਚ ਆਪਣੀ ਵਧੀਆ ਕਾਰਗ਼ੁਜ਼ਾਰੀ ਲਈ ਗੁਰਰਾਜ ਸਿੰਘ ਵਿਰਕ ਨੂੰ ਕਈ ਮਹੱਤਵਪੂਰਣ ਸਨਮਾਨ ਪ੍ਰਾਪਤ ਹੋਏ ਜਿਨਾਂ ਵਿੱਚ 2013 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੁੱਖ ਮੰਤਰੀ ਸਨਮਾਨ, ਅਬੋਹਰ ਵਿੱਖੇ ਹੋਏ ਕਿਨੂੰ ਦੇ ਮੁਕਾਬਲੇ ਵਿੱਚ ਪਹਿਲੇ ਮੁਕਾਮ ਤੇ ਰਹਿਣ ਲਈ ਵੀ ਸਨਮਾਨ ਹਾਸਲ ਹੋਇਆ। ਇਸ ਤੋਂ ਇਲਾਵਾ ਪਿੰਡ, ਜ਼ਿੱਲ੍ਹਾ, ਅਤੇ ਰਾਜ ਪੱਧਰੀ ਹੋਰ ਵੀ ਬਹੁਤ ਸਾਰੇ ਸਨਮਾਨ ਗੁਰਰਾਜ ਸਿੰਘ ਵਿਰਕ ਦੀ ਝੋਲੀ ਵਿੱਚ ਪਏ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਬਾਗਾਂ ਵਿੱਚ ਸਿਖਲਾਈ

ਬਾਗ਼ਬਾਨੀ ਦੇ ਵਿਦਿਆਰਥੀਆਂ ਦੀ ਸਿਖਲਾਈ ਵੀ ਗੁਰਰਾਜ ਸਿੰਘ ਵਿਰਕ ਦੇ ਬਾਗਾਂ ਵਿੱਚ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਤਕਨੀਤੀ ਤਜ਼ਰਬੇ ਸਾਂਝੇ ਕਰਨ ਲਈ ਵੀ ਗੁਰਰਾਜ ਸਿੰਘ ਵਿਰਕ ਆਪਣੀ ਸੇਵਾ ਪ੍ਰਦਾਨ ਕਰਦਾ ਹੈ। ਗੁਰਰਾਜ ਸਿੰਘ ਵਿਰਕ ਨੇ ਕਿਨੂੰ ਦੇ ਰੁੱਖਾਂ ਦੀ ਕਾਂਟ-ਛਾਂਟ ਕਰਨ ਵਾਲੀ ਇੱਕ ਮਸ਼ੀਨ ਵੀ ਇਜਾਤ ਕੀਤੀ ਹੈ ਜਿਸ ਕਰਕੇ ਵੀ ਇਸ ਨੂੰ ਰਾਸ਼ਟਰੀ ਪੱਧਰ ਸਾ ਸਨਮਾਨ ਮਿਲ ਚੁਕਾ ਹੈ।

ਸਾਇਕਲ ਚਲਾਉਣ ਦਾ ਸ਼ੌਂਕ

ਖੇਤੀਬਾੜੀ ਅਤੇ ਬਾਗ਼ਬਾਨੀ ਤੋਂ ਇਲਾਵਾ ਗੁਰਰਾਜ ਸਿੰਘ ਵਿਰਕ ਨੂੰ ਸਾਇਕਲ ਚਲਾਉਣ ਦਾ ਵੀ ਬਹੁਤ ਸ਼ੌਂਕ ਹੈ। ਸਾਇਕਲ ਚਾਉਣ ਦੇ ਮੁਕਾਬਲਿਆਂ ਵਿੱਚ ਲਗਭਗ 35 ਦੇ ਕਰੀਬ ਮੈਡਲ ਅਤੇ 100 ਦੇ ਕਰੀਬ ਸਰਟੀਫ਼ਿਕੇਟ ਹਾਸਲ ਕਰ ਚੁਕਾ ਹੈ। ਜੇਕਰ ਗੁਰਰਾਜ ਸਿੰਘ ਵਿਰਕ ਦੇ ਪਰਿਵਾਰ ਦੀ ਗਲ ਕਰੀਏ ਤਾਂ ਸਾਰਾ ਪਰਿਵਾਰ ਇੱਕ ਪੜ੍ਹਿਆ-ਲਿਖਿਆ ਪਰਿਵਾਰ ਹੈ ਜਿਸ ਵਿੱਚ ਧਰਮ ਪਤਨੀ ਸਰਦਾਰਨੀ ਜਗਮੀਤ ਕੌਰ, ਬੇਟੀਆਂ ਡਾ. ਵਰਿੰਦਰ ਕੌਰ, ਡਾ. ਤਰਿੰਦਰ ਕੌਰ, ਨਵਜੋਤ ਕੌਰ ਅਤੇ ਬੇਟੇ ਡਾ. ਚਿਰੰਜੀਵ ਸਿੰਘ ਵਿਰਕ, ਅਤੇ ਤੇਜਿੰਦਰ ਸਿੰਘ ਵਿਰਕ (ਸੋਫਟਵੇਆਰ ਇੰਜੀਨੀਅਰ) ਹਨ। ਸਾਰਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਜੀਵਨ ਵਿੱਚ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : Successful Farmer: MSc ਪੜਿਆ ਨੋਜਵਾਨ ਬਣਿਆ ਕਾਮਯਾਬ ਕਿਸਾਨ, Patwari Jaggery Plant ਚਲਾਉਣ ਦੇ ਨਾਲ ਖੇਤੀ ਵਿਭਿੰਨਤਾ 'ਚ ਇੰਟਰਕਰੋਪਿੰਗ ਦੇ ਨਾਲ ਫ਼ਸਲਾਂ ਦੀ ਕਰਦੈ ਤਰਕੀਬਵਾਰ ਵੰਡ

ਮਿੱਟੀ, ਪਾਣੀ ਅਤੇ ਹਵਾ

ਗੁਰਰਾਜ ਸਿੰਘ ਵਿਰਕ ਖੇਤੀਬਾੜੀ ਨਾਲ ਸੰਬੰਧਤ ਕਈ ਸਰਕਾਰੀ ਅਤੇ ਗ਼ੈਰਸਰਕਾਰੀ ਅਦਾਰਿਆਂ ਅਤੇ ਸੰਸਥਾਵਾਂ ਦੇ ਸਰਗਰਮ ਮੈਂਬਰ ਵੀ ਹਨ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੀ ਤਕਨੀਕੀ ਸਲਾਹ ਵੀ ਦਿੰਦੇ ਰਹਿੰਦੇ ਹਨ। ਵਾਤਾਵਰਣ ਦੀ ਸ਼ੁੱਧਤਾ ਲਈ ਗੁਰਰਾਜ ਸਿੰਘ ਵਿਰਕ ਹਮੇਸ਼ਾਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਮਿੱਟੀ, ਪਾਣੀ ਅਤੇ ਹਵਾ ਦੀ ਵਧੀਆ ਸਿਹਤ ਲਈ ਗੁਰਰਾਜ ਸਿੰਘ ਵਿਰਕ ਦੀਆਂ ਕੋਸ਼ਿਸ਼ਾਂ ਦੀ ਪੂਰੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਦੂਜੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਦੁਆਰਾ ਤਾਰੀਫ਼ ਹੁੰਦੀ ਹੈ। ਮਿੱਟੀ ਅਤੇ ਪਾਣੀ ਦੀ ਪਰਖ ਨੂੰ ਗੁਰਰਾਜ ਸਿੰਘ ਵਿਰਕ ਬਹੁਤ ਅਹਿਮੀਅਤ ਦਿੰਦਾ ਹੈ ਅਤੇ ਨਿਯਮਿਤ ਮਿੱਟੀ ਅਤੇ ਪਾਣੀ ਦੀ ਪਰਖ ਦੇ ਨਤੀਜਿਆਂ ਦੇ ਅਧਾਰ ਤੇ ਹੀ ਜੈਵਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਦਾ ਹੈ।

ਫ਼ਾਰਮ ਨੂੰ ਬਣਾਇਆ ਤਜ਼ਰਬਾ ਖੇਤਰ

ਗੁਰਰਾਜ ਸਿੰਘ ਵਿਰਕ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਦੂਜੇ ਕਿਸਾਨਾਂ ਅਤੇ ਖੇਤੀਬਾੜੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਖੇਤੀ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਵੀ ਦਿੰਦਾ ਰਹਿੰਦਾ ਹੈ। ਭਵਿੱਖ ਵਿੱਚ ਗੁਰਰਾਜ ਸਿੰਘ ਵਿਰਕ ਆਪਣੀ ਖੇਤੀ ਅਤੇ ਬਾਗ਼ਬਾਨੀ ਨੂੰ ਹੋਰ ਉੱਚੀਆਂ ਬੁਲੰਧੀਆ 'ਤੇ ਲੈ ਕੇ ਜਾਣਾ ਚਾਹੁੰਦਾ ਹੈ। ਨੌਜਵਾਨ ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗ਼ਬਾਨੀ ਨੂੰ ਪੂਰੀ ਤਕਨੀਕ ਨਾਲ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਅਸੀਂ ਗੁਰਰਾਜ ਸਿੰਘ ਵਿਰਕ ਨੂੰ ਉਸ ਦੀ ਖੁਸ਼ਹਾਲ ਅਤੇ ਪੂਰੀ ਤਰਾਂ ਨਾਲ ਕਾਮਯਾਬ ਖੇਤੀਬਾੜੀ ਅਤੇ ਬਾਗ਼ਬਾਨੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।

Summary in English: Learn from Farmer Gurraj Singh Virk horticulture techniques, profitable green manure farming, organic methods of agriculture and horticulture

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters